ਕੈਨੇਡਾ ਜਾ ਕੇ ਮੁੱਕਰੀ ਇਕ ਹੋਰ ਪੰਜਾਬਣ, ਮਾਂ ਨੂੰ ਮਿਲਣ ਲਈ ਤੜਪ ਰਹੀ ਹੈ ਮਾਸੂਮ ਬੱਚੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

'ਦੂਜਾ ਵਿਆਹ ਕਰਵਾਉਣ ਲਈ ਪਤਨੀ ਮੰਗ ਰਹੀ ਤਲਾਕ'

Simran's parents

ਲੁਧਿਆਣਾ (ਰਾਜਵਿੰਦਰ ਸਿੰਘ)  ਪੰਜਾਬ ਦੇ ਨੌਜਵਾਨਾਂ ਵਿੱਚ ਵਿਦੇਸ਼ ਜਾਣ ਦੀ ਲਾਲਸਾ ਇਸ ਕਦਰ ਵਧ ਗਈ ਹੈ ਕਿ ਪਹਿਲਾਂ ਤਾਂ ਮਾਪੇ ਲੜਕੀਆਂ ਦਾ ਵਿਆਹ ਬਾਹਰੋਂ ਆਏ ਐੱਨਆਰਆਈ ਲਾੜਿਆਂ ਨਾਲ ਕਰ ਦਿੰਦੇ ਸਨ ਜੋ ਅਕਸਰ  ਭੋਲੀ ਭਾਲੀਆਂ ਲੜਕੀਆਂ ਨੂੰ ਧੋਖਾ ਦੇ ਦਿੰਦੇ ਸਨ ਪਰ ਹੁਣ ਵਿਦੇਸ਼ 'ਚ ਵਸਣ ਦੇ ਨਾਂ ਤੇ 3600 ਦੇ ਕਰੀਬ ਲਾੜੀਆਂ ਨੇ ਬੀਤੇ 5 ਸਾਲਾਂ ਦੇ ਅੰਦਰ 150 ਕਰੋੜ ਰੁਪਏ ਦੀ ਆਪਣੇ ਸਹੁਰਾ ਪਰਿਵਾਰ ਨਾਲ ਠੱਗੀ ਮਾਰੀ ਹੈ।

ਛੇ ਮਹੀਨਿਆਂ ਵਿੱਚ ਹੀ ਅਜਿਹੇ 200 ਮਾਮਲੇ ਸਾਹਮਣੇ ਆਏ ਹਨ। ਵਿਦੇਸ਼ ਭੇਜਣ ਦੇ ਨਾਂ ਤੇ ਚਾਲੀ ਲੱਖ ਰੁਪਏ ਤੱਕ ਦਾ ਖਰਚਾ ਕਰਵਾ ਕੇ ਲਾੜੀਆਂ ਵਿਦੇਸ਼ ਜਾ ਕੇ ਮੁੱਕਰ ਜਾਂਦੀਆਂ ਹਨ। ਸਹੁਰਾ ਪਰਿਵਾਰ ਇਸ ਕਰਕੇ ਖ਼ਰਚਾ ਕਰਦਾ ਹੈ ਕਿ ਲਾੜੀ ਵਿਦੇਸ਼ ਜਾ ਕੇ ਉਨ੍ਹਾਂ ਦੇ ਬੇਟੇ ਨੂੰ ਵੀ ਉੱਥੇ ਸੱਦ ਲਵੇਗੀ। ਵਿਦੇਸ਼ ਮੰਤਰਾਲੇ ਕੋਲ 3300  ਸ਼ਿਕਾਇਤਾਂ ਆਈਆਂ ਹਨ ਜਿਨ੍ਹਾਂ ਵਿੱਚੋਂ 3000 ਸ਼ਿਕਾਇਤਾਂ ਪੰਜਾਬ ਨਾਲ ਜੁੜੀਆਂ ਹੋਈਆਂ ਹਨ।

ਅਜਿਹਾ ਹੀ ਇਕ ਹੋਰ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ ਜਿਥੇ ਸਿਮਰਨ ਨਾਮ ਦੀ ਔਰਤ ਆਪਣੀ ਚਾਰ ਸਾਲ ਦੀ ਧੀ ਛੱਡ ਕੇ ਕੈਨੇਡਾ ਚਲੀ ਗਈ ਸੀ। ਮਾਂ ਜਦੋਂ ਬਾਹਰ ਗਈ ਤਾਂ ਬੱਚੀ ਨਾਲ ਵਾਅਦਾ ਕਰਕੇ ਗਈ ਸੀ ਕਿ ਤਿੰਨ ਮਹੀਨੇ ਦੇ ਅੰਦਰ ਉਸ ਨੂੰ ਬਾਹਰ ਸੱਦ ਲਵੇਗੀ ਪਰ ਦੋ ਸਾਲ ਬੀਤ ਜਾਣ ਮਗਰੋਂ ਵੀ ਬੱਚੀ ਅਤੇ ਬੱਚੀ ਦੇ ਪਿਓ ਨੂੰ ਬਾਹਰ ਤਾਂ ਕੀ ਸੱਦਣਾ ਸੀ ਸਗੋਂ ਉਨ੍ਹਾਂ ਨਾਲ ਗੱਲਬਾਤ ਕਰਨੀ ਵੀ ਬੰਦ ਕਰ ਦਿੱਤੀ। ਬੱਚੀ ਆਪਣੀ ਮਾਂ ਲਈ ਤੜਪਦੀ ਹੈ ਅਤੇ ਉਸ ਨੂੰ ਯਾਦ ਕਰਦੀ ਰਹਿੰਦੀ ਹੈ।

ਸਿਮਰਨ ਦੇ ਪਤੀ ਨੇ ਦੱਸਿਆ ਕਿ ਕੈਨੇਡਾ ਜਾਣ ਤੋਂ ਬਾਅਦ ਕੁਝ ਸਮਾਂ ਤਾਂ ਉਹ ਸਹੀ ਤਰ੍ਹਾਂ ਉਨ੍ਹਾਂ ਨਾਲ ਗੱਲ ਕਰਦੀ ਰਹੀ ਪਰ ਉਸ ਤੋਂ ਬਾਅਦ ਉਸਦਾ ਅਤੇ ਉਸਦੇ ਪਰਿਵਾਰ ਦੇ ਸਾਰੇ ਮੈਂਬਰਾਂ ਨੇ ਫੋਨ ਨੰਬਰ ਬਲਾਕ ਕਰ ਦਿੱਤੇ। ਉਧਰ ਸਿਮਰਨ ਦੀ ਸੱਸ ਨੇ  ਦੱਸਿਆ ਕਿ ਉਸ ਦਾ ਆਪਣੀ ਨੂੰਹ ਨਾਲ ਬਹੁਤ ਵਧੀਆ ਰਿਸ਼ਤਾ ਸੀ ਪਰ ਬਾਹਰ ਜਾ ਕੇ ਸ਼ਾਇਦ ਉਸ ਦੇ ਕਿਸੇ ਹੋਰ ਨਾਲ ਸਬੰਧ ਬਣ ਗਏ ਜਿਸ ਕਰਕੇ ਆਪਣੀ ਛੋਟੀ ਬੱਚੀ ਵੱਲ ਵੀ ਮੁੜ ਕੇ ਨਹੀਂ ਵੇਖਿਆ।

ਉਨ੍ਹਾਂ ਕਿਹਾ ਕਿ ਪਰਿਵਾਰ ਨੇ 25 ਲੱਖ ਰੁਪਿਆ ਖਰਚ ਕੇ ਉਸ ਨੂੰ ਬਾਹਰ ਭੇਜਿਆ ਸੀ। ਹੁਣ ਕੇਸ ਚੱਲ ਰਿਹਾ ਹੈ ਅਤੇ ਉਹ ਹੁਣ ਵੀ ਬੱਚੀ ਦੀ ਮਾਂ ਨੂੰ ਅਪਨਾਉਣ ਲਈ ਤਿਆਰ ਹਨ ਪਰ ਕੁੜੀ ਦਾ ਪਰਿਵਾਰ ਤਲਾਕ ਦੀ ਮੰਗ ਕਰ ਰਿਹਾ ਹੈ। ਇਸ ਸਬੰਧੀ ਜਦੋਂ ਲੜਕੀ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਸਾਰਾ ਖਰਚਾ ਉਨ੍ਹਾਂ ਨੇ ਹੀਂ ਕੀਤਾ ਸੀ। ਲੜਕੇ ਦਾ ਪਰਿਵਾਰ ਝੂਠ ਬੋਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਉਹ ਆਪਣੀ ਬੇਟੀ ਨਾਲ ਉਸ ਦਾ ਤਲਾਕ ਚਾਹੁੰਦੇ ਹਨ ਪਰ ਉਹ ਆਪਣੀ ਦੋਹਤੀ ਨੂੰ ਅਪਣਾਉਣ ਲਈ ਤਿਆਰ ਹਨ।