ਸੰਸਦ 'ਚ ਕਾਲੇ ਕਾਨੂੰਨਾਂ ਵਿਰੁਧ ਕਿਸਾਨਾਂ ਦੀ ਆਵਾਜ਼ ਬੁਲੰਦ ਕਰਾਂਗਾ : ਤਿਵਾੜੀ

ਏਜੰਸੀ

ਖ਼ਬਰਾਂ, ਪੰਜਾਬ

ਸੰਸਦ 'ਚ ਕਾਲੇ ਕਾਨੂੰਨਾਂ ਵਿਰੁਧ ਕਿਸਾਨਾਂ ਦੀ ਆਵਾਜ਼ ਬੁਲੰਦ ਕਰਾਂਗਾ : ਤਿਵਾੜੀ

image

ਬੀਬੀ ਬਾਦਲ ਤੇ ਕਾਲੇ ਕਾਨੂੰਨ ਪਾਸ ਕਰਨ ਲਈ ਭਾਜਪਾ ਦੀ ਸਹਾਇਤਾ ਦੇ ਲਗਾਏ ਦੋਸ਼

ਕੁਰਾਲੀ, 13 ਜੁਲਾਈ (ਸੁਖਜਿੰਦਰ ਸੋਢੀ) : ਸੰਸਦ'ਚ ਹੋਣ ਵਾਲੇ ਸ਼ੈਸ਼ਨ ਦੌਰਾਨ ਕੇਂਦਰ ਦੀ ਭਾਜਪਾ ਵੱਲੋਂ ਕਿਸਾਨੀ ਦੇ ਖਿਲਾਫ਼ ਜਾਰੀ ਕੀਤੇ ਕਾਲੇ ਕਾਨੂੰਨ ਅਤੇ ਆਰਡੀਨੈਂਸਾਂ ਨੂੰ  ਰੱਦ ਕਰਵਾਉਣ ਲਈ ਮੈਂ ਕਿਸਾਨਾਂ ਦੀ ਆਵਾਜ ਬੁਲੰਦ ਕਰਾਂਗਾ | ਇਹ ਵਿਚਾਰ ਮੁਨੀਸ਼ ਤਿਵਾੜੀ ਮੈਂਬਰ ਪਾਰਲੀਮੈਂਟ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਨੇ ਅੱਜ ਦੇਰ ਸ਼ਾਮ ਸਥਾਨਕ ਸ਼ਹਿਰ ਵਿਖੇ ਕਾਂਗਰਸੀ ਵਰਕਰਾਂ ਅਤੇ ਸ਼ਹਿਰ ਵਾਸੀਆਂ ਦੇ ਇਕੱਠ ਨੂੰ  ਸੰਬੋਧਨ ਕਰਦਿਆਂ ਪ੍ਰਗਟ ਕੀਤੇ | ਉਹ ਅੱਜ ਕੁਰਾਲੀ ਨਗਰ ਕੌਂਸਲ ਦੀ ਨਵੀਂ ਟੀਮ ਨੂੰ  ਮੁਬਾਰਕਬਾਦ ਦੇਣ ਲਈ ਵਿਸ਼ੇਸ਼ ਤੌਰ ਤੇ ਨਗਰ ਕੌਂਸਲ ਦੇ ਦਫਤਰ ਵਿਖੇ ਪਹੁੰਚੇ ਸਨ | 
ਤਿਵਾੜੀ ਨੇ ਕਿਹਾ ਕਿ ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਪਹਿਲਾਂ ਇਨ੍ਹਾਂ ਆਰਡੀਨੈਂਸਾਂ ਨੂੰ  ਪਾਸ ਕਰਨ ਲਈ ਭਾਰਤੀ ਜਨਤਾ ਪਾਰਟੀ ਦੀ ਸਹਾਇਤਾ ਕੀਤੀ ਗਈ ਅਤੇ ਮਗਰੋਂ ਦੇਸ਼ ਵਾਸੀਆਂ ਦੇ ਵਿਰੋਧ ਨੂੰ  ਵੇਖਦਿਆਂ ਅਸਤੀਫ਼ਾ ਦੇ ਕੇ ਪੰਜਾਬ ਦੇ ਲੋਕਾਂ ਨੂੰ  ਗੁੰਮਰਾਹ ਕਰਨ ਦਾ ਯਤਨ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਕਾਂਗਰਸ ਨੇ ਕਾਲੇ ਕਾਨੂੰਨ ਬਣਨ ਤੋਂ ਪਹਿਲਾਂ ਹੀ ਕਿਸਾਨਾਂ ਦੇ ਹੱਕ'ਚ ਲੜਾਈ ਸ਼ੁਰੂ ਕਰ ਦਿੱਤੀ ਸੀ ਅਤੇ ਕਾਲੇ ਕਾਨੂੰਨ ਜਾਰੀ ਕੀਤੇ ਜਾਣ ਮਗਰੋਂ ਵੀ ਹੁਣ ਤੱਕ ਹਮੇਸ਼ਾਂ ਹੀ ਕਿਸਾਨੀ ਲਈ ਹਾਅ ਦਾ ਨਾਅਰਾ ਮਾਰਿਆ ਹੈ, ਜਦਕਿ ਭਾਜਪਾ ਨੇ ਕਰੋਨਾ ਮਹਾਂਮਾਰੀ ਦੌਰਾਨ ਕਾਲੇ ਕਾਨੂੰਨ ਪਾਸ ਕਰਕੇ ਲੋਕਾਂ ਨਾਲ ਧੋਖਾ ਕੀਤਾ ਹੈ | 
ਤਿਵਾੜੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਤੋਂ ਬਿਲਡਰ ਮਾਫੀਆ ਨੂੰ  ਠੱਲ ਪਾਉਣ ਦੀ ਮੰਗ ਕੀਤੀ ਹੈ, ਕਿਉਕਿ ਮੋਹਾਲੀ, ਖਰੜ, ਕੁਰਾਲੀ ਅਤੇ ਨਿਊ ਚੰਡੀਗੜ੍ਹ 'ਚ ਫਲੈਟ ਬਣਾ ਕੇ ਵੇਚਣ ਵਾਲਾ ਇਹ ਮਾਫ਼ੀਆ ਲੋਕਾਂ ਨੂੰ  ਉਨ੍ਹਾਂ ਦੀ ਬਣਦੀਆਂ ਸਹੂਲਤਾਂ ਦੇਣ ਤੋਂ ਨਾਕਾਮ ਰਿਹਾ ਹੈ ਅਤੇ ਜਲਦੀ ਹੀ ਇਨ੍ਹਾਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ | ਕੁਰਾਲੀ ਦੀਆਂ ਮੁੱਖ ਮੰਗਾਂ ਦੇ ਸਬੰਧ'ਚ ਤਿਵਾੜੀ ਨੇ ਕਿਹਾ ਕਿ ਸ਼ਹਿਰ ਦੇ ਸਿਵਲ ਹਸਪਤਾਲ ਨੂੰ  ਅਪਗ੍ਰੇਡ ਕਰਨ ਲਈ ਉਹ ਬਲਬੀਰ ਸਿੰਘ ਸਿੱਧੂ ਸਿਹਤ ਮੰਤਰੀ ਪੰਜਾਬ ਨੂੰ  ਤਿੰਨ ਵਾਰੀ ਮਿਲ ਚੁੱਕੇ ਹਨ ਅਤੇ ਹੁਣ ਉਹ ਇਸ ਸਬੰਧੀ ਜਲਦੀ ਹੀ ਮੁੱਖ ਮੰਤਰੀ ਪੰਜਾਬ ਨੂੰ  ਮਿਲ ਕੇ ਇਲਾਕਾ ਵਾਸੀਆਂ ਦੀ ਇਸ ਮੰਗ ਨੂੰ  ਪੂਰਾ ਕਰਵਾਉਣ ਦਾ ਯਤਨ ਕਰਨਗੇ | ਇਸ ਮੌਕੇ ਰਣਜੀਤ ਸਿੰਘ ਜੀਤੀ ਪਡਿਆਲਾ ਪ੍ਰਧਾਨ ਨਗਰ ਕੌਂਸਲ ਕੁਰਾਲੀ ਵੱਲੋਂ ਮੁਨੀਸ਼ ਤਿਵਾੜੀ ਮੈਂਬਰ ਪਾਰਲੀਮੈਂਟ ਨੂੰ  ਜੀ ਆਇਆ ਆਖਦਿਆਂ ਸ਼ਹਿਰ ਵਿੱਚ ਚੱਲ ਰਹੇ ਵੱਖ ਵੱਖ ਪ੍ਰਾਜੈਕਟਾਂ ਸਬੰਧੀ ਚਾਨਣਾ ਪਾਇਆ ਗਿਆ ਅਤੇ ਨਾਲ ਹੀ ਸ਼ਹਿਰ ਦੀਆਂ ਮੁੱਖ ਸਮੱਸਿਆਵਾਂ ਅਤੇ ਸ਼ਹਿਰ ਵਾਸੀਆਂ ਦੀਆਂ ਮੰਗਾਂ ਦਾ ਵੀ ਜਿਕਰ ਕੀਤਾ ਗਿਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਜਗਮੋਹਨ ਸਿੰਘ ਕੰਗ ਸਾਬਕਾ ਵਿਧਾਇਕ ਨੇ ਵੀ ਸ਼ਹਿਰ ਵਾਸੀਆਂ ਨੂੰ  ਕਾਂਗਰਸ ਪਾਰਟੀ ਦੀ ਨਵੀਂ ਕੌਂਸਲ ਬਣਨ ਤੇ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਗ੍ਰਾਂਟਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ | ਇਸ ਮੌਕੇ ਹੋਰਨਾਂ ਤੋਂ ਇਲਾਵਾ ਨੰਦੀ ਪਾਲ ਬੰਸਲ ਪ੍ਰਧਾਨ ਸ਼ਹਿਰੀ ਕਾਂਗਰਸ, ਕੌਂਸਲਰ ਰਮਾਂ ਕਾਂਤ ਕਾਲੀਆ, ਜਗਦੀਪ ਕੌਰ ਸ਼ਹਿਰੀ ਪ੍ਰਧਾਨ ਮਹਿਲਾ ਕਾਂਗਰਸ, ਯਾਦਵਿੰਦਰਾ ਸਿੰਘ ਬੰਨੀ ਕੰਗ ਮੈਂਬਰ ਜਿਲ੍ਹਾ ਪ੍ਰੀਸ਼ਦ, ਧੀਰਜ ਧੀਮਾਨ ਹੈਪੀ, ਦਿਨੇਸ਼ ਗੌਤਮ, ਜਸਵਿੰਦਰ ਸਿੰਘ ਭੂਰਾ, ਜੱਗੀ ਗੌਤਮ ਸਮੇਤ ਸ਼ਹਿਰ ਦੇ ਕਾਂਗਰਸੀ ਆਗੂ ਅਤੇ ਵਰਕਰ ਹਾਜਰ ਸਨ |
ਤਸਵੀਰ ਕੈਪਸ਼ਨ: 01 : ਕੁਰਾਲੀ ਵਿਖੇ ਕਰਵਾਏ ਸਮਾਗਮ ਦੌਰਾਨ ਸੰਸਦ ਮੁਨੀਸ਼ ਤਿਵਾੜੀ, ਜਗਮੋਹਨ ਸਿੰਘ ਕੰਗ, ਰਣਜੀਤ ਸਿੰਘ ਜੀਤੀ ਪਡਿਆਲਾ ਅਤੇ ਹੋਰ | ਤਸਵੀਰ ਸੁਖਜਿੰਦਰ ਸੋਢੀ