ਅਸਮਾਨੀ ਬਿਜਲੀ ਡਿੱਗਣ ਕਾਰਨ ਸਕੇ ਭੈਣ-ਭਰਾ ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਰਿਵਾਰ ਅਤੇ ਰਿਸ਼ਤੇਦਾਰਾਂ ਦਾ ਰੋ-ਰੋ ਕੇ ਬੁਰਾ ਹਾਲ

lightning strike

ਅੰਮ੍ਰਿਤਸਰ ( ਰਾਜੇਸ ਕੁਮਾਰ ਸੰਧੂ) ਰਾਜਸਥਾਨ 'ਚ ਬੀਤੇ ਦਿਨੀਂ ਕੁਦਰਤ ਦਾ ਕਹਿਰ ਬਰਸਿਆ। ਜੈਪੁਰ ਦੇ ਆਮੇਰ ਮਹਿਲ ਸਾਹਮਣੇ ਬਣੇ ਵਾਚ ਟਾਵਰ 'ਤੇ ਅਸਮਾਨੀ ਬਿਜਲੀ ਡਿੱਗਣ ਕਾਰਨ ਅੰਮ੍ਰਿਤਸਰ ਵਾਸੀ ਭੈਣ-ਭਰਾ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਛੇਹਰਟਾ ਇਲਾਕੇ ਦੀ ਭੱਲਾ ਕਾਲੋਨੀ ਵਾਸੀ ਸ਼ਿਵਾਨੀ ਅਤੇ ਉਸ ਦਾ ਭਰਾ ਅਮਿਤ ਸ਼ਰਮਾ ਤਿੰਨ ਦਿਨ ਪਹਿਲਾਂ ਆਪਣੀ ਮਾਸੀ ਨੂੰ ਮਿਲਣ ਲਈ ਜੈਪੁਰ ਗਏ ਸਨ। ਮੌਤ ਦੀ ਖ਼ਬਰ ਮਿਲਣ ਤੋਂ ਪੂਰਾ ਪਰਿਵਾਰ ਅਤੇ ਇਲਾਕਾ ਵਾਸੀ ਸਦਮੇ 'ਚ ਹੈ।

ਹਾਦਸੇ ਵਾਲੇ ਦਿਨ ਦੋਵੇਂ ਭੈਣ-ਭਰਾ ਆਪਣੀ ਮਾਸੀ ਦੇ ਪਰਿਵਾਰ ਨਾਲ ਜੈਪੁਰ 'ਚ ਵਾਚ ਟਾਵਰ ਵੇਖਣ ਗਏ ਸਨ। ਸ਼ਿਵਾਨੀ ਜਦੋਂ ਟਾਵਰ ਉੱਪਰ ਸੈਲਫ਼ੀ ਲੈਣ ਲੱਗੀ ਤਾਂ ਇਸ ਦੌਰਾਨ ਪਹਿਲਾਂ ਉਸ 'ਤੇ ਬਿਜਲੀ ਡਿੱਗੀ। ਸ਼ਿਵਾਨੀ ਬੁਰੀ ਤਰ੍ਹਾਂ ਝੁਲਸ ਗਈ। ਜਿਵੇਂ ਹੀ ਅਮਿਤ ਹਾਦਸੇ ਵਾਲੀ ਥਾਂ 'ਤੇ ਆਪਣੀ ਭੈਣ ਨੂੰ ਲੈਣ ਪੁੱਜਾ ਤਾਂ ਅਸਮਾਨੀ ਬਿਜਲੀ ਦੁਬਾਰਾ ਟਾਵਰ 'ਤੇ ਡਿੱਗ ਗਈ ਅਤੇ ਅਮਿਤ ਦੀ ਵੀ ਮੌਤ ਹੋ ਗਈ।

ਇਸ ਦੁਖਦਾਈ ਹਾਦਸੇ ਮਗਰੋਂ ਪਰਿਵਾਰ ਅਤੇ ਰਿਸ਼ਤੇਦਾਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਉਨ੍ਹਾਂ ਦੱਸਿਆ ਕਿ ਕਿਸੇ ਨੂੰ ਵੀ ਯਕੀਨ ਨਹੀਂ ਹੋ ਰਿਹਾ ਕਿ ਅਮਿਤ ਤੇ ਸ਼ਿਵਾਨੀ ਇਸ ਦੁਨੀਆਂ 'ਚ ਨਹੀਂ ਰਹੇ।

ਇਸ ਦਰਦਨਾਕ ਹਾਦਸੇ 'ਚ ਕੁਲ 11 ਲੋਕਾਂ ਦੀ ਮੌਤ ਹੋਈ ਹੈ ਅਤੇ 10 ਤੋਂ ਵੱਧ ਲੋਕ ਬੁਰੀ ਤਰ੍ਹਾਂ ਝੁਲਸ ਗਏ। ਅਮਿਤ ਅਤੇ ਸ਼ਿਵਾਨੀ ਦਾ ਅੰਤਮ ਸਸਕਾਰ ਕਰ ਦਿੱਤਾ ਗਿਆ ਹੈ। ਸ਼ਿਵਾਨੀ ਨੇ ਬੀ.ਕੌਮ ਕੀਤੀ ਹੋਈ ਸੀ ਅਤੇ ਟਿਊਸ਼ਨ ਪੜ੍ਹਾਉਂਦੀ ਸੀ ਜਦਕਿ ਅਮਿਤ ਇਕ ਕੰਪਨੀ 'ਚ ਸੇਲਸਮੈਨ ਦਾ ਕੰਮ ਕਰਦਾ ਸੀ।