'ਰੋਜ਼ਾਨਾ ਸਪੋਕਸਮੈਨ' ਦੀ ਸੁਰਖੀ ਬਣੀ ਖ਼ਬਰ ਨੇ ਪੰਥਕ ਹਲਕਿਆਂ 'ਚ ਛੇੜੀ ਅਜੀਬ ਚਰਚਾ

ਏਜੰਸੀ

ਖ਼ਬਰਾਂ, ਪੰਜਾਬ

'ਰੋਜ਼ਾਨਾ ਸਪੋਕਸਮੈਨ' ਦੀ ਸੁਰਖੀ ਬਣੀ ਖ਼ਬਰ ਨੇ ਪੰਥਕ ਹਲਕਿਆਂ 'ਚ ਛੇੜੀ ਅਜੀਬ ਚਰਚਾ

image


ਕਿਸੇ ਪੁਸਤਕ ਨੂੰ  ਦਸਮੇਸ਼ ਪਿਤਾ ਦੇ ਨਾਮ ਨਾਲ ਜੋੜਨਾ ਵੱਡੀ ਸਾਜ਼ਸ਼ : ਪੰਨਵਾਂ

ਕੋਟਕਪੂਰਾ, 13 ਜੁਲਾਈ (ਗੁਰਿੰਦਰ ਸਿੰਘ) : 'ਰੋਜ਼ਾਨਾ ਸਪੋਕਸਮੈਨ' ਦੇ ਪੰਨਾ ਨੰਬਰ 5 'ਤੇ 'ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ  ਭੇਂਟ ਕੀਤੀ ਗੁਰੂ ਗੋਬਿੰਦ ਸਿੰਘ ਦੀ ਰਮਾਇਣ ਸਿੱਖ ਸਿਧਾਂਤਾਂ 'ਤੇ ਹਮਲਾ' ਸਿਰਲੇਖ ਹੇਠ ਕੇਂਦਰੀ ਸਿੰਘ ਸਭਾ ਦੇ ਹਵਾਲੇ ਨਾਲ ਅੱਜ ਸੁਰਖੀ ਬਣੀ ਖ਼ਬਰ ਨੇ ਪੰਥਕ ਹਲਕਿਆਂ ਵਿਚ ਇਹ ਚਰਚਾ ਛੇੜ ਦਿਤੀ ਹੈ ਕਿ ਉਕਤ ਮਾਮਲੇ ਵਿਚ ਤਖ਼ਤਾਂ ਦੇ ਜਥੇਦਾਰ, ਸ਼ੋ੍ਰਮਣੀ ਕਮੇਟੀ, ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਬਾਦਲਾਂ ਸਮੇਤ ਬਾਦਲ ਦਲ ਦੇ ਮੂਹਰਲੀ ਕਤਾਰ ਦੇ ਆਗੂ ਚੁੱਪ ਕਿਉਂ ਹਨ? 
ਪੰਥਕ ਹਲਕੇ ਜਾਣਨਾ ਚਾਹੁੰਦੇ ਹਨ ਕਿ ਭਾਜਪਾ ਨਾਲੋਂ ਗਠਜੋੜ ਤੋੜ ਲੈਣ ਤੋਂ ਬਾਅਦ ਵੀ ਆਰਐਸਐਸ ਦਾ ਬਾਦਲਾਂ ਸਮੇਤ ਬਾਦਲ ਦਲ 'ਤੇ ਅਜੇ ਵੀ ਪ੍ਰਭਾਵ ਬਰਕਰਾਰ ਕਿਉਂ ਹੈ? ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਡਾਇਰੈਕਟਰ ਰਾਣਾ ਇੰਦਰਜੀਤ ਸਿੰਘ, ਡਾ ਪ੍ਰਭਸ਼ਰਨ ਸਿੰਘ, ਪਿ੍ੰਸੀਪਲ ਗੁਰਬਚਨ ਸਿੰਘ ਪੰਨਵਾਂ, ਭਾਈ ਸੁਖਵਿੰਦਰ ਸਿੰਘ ਦਦੇਹਰ, ਪੋ੍ਰ. ਸਰਬਜੀਤ ਸਿੰਘ ਧੂੰਦਾ, ਭਾਈ ਨਛੱਤਰ ਸਿੰਘ, ਡਾ. ਗੁਰਜੀਤ ਸਿੰਘ, ਡਾ. ਸ਼ਮਸ਼ੇਰ ਸਿੰਘ, ਬੀਬੀ ਕੰਵਲਜੀਤ ਕੌਰ ਆਦਿ ਨੇ ਆਖਿਆ ਕਿ ਜੋ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਨੇ ਰਚਿਆ ਹੀ ਨਹੀਂ, ਉਸ ਨੂੰ  ਗੁਰੂ ਜੀ ਦੇ ਨਾਮ ਨਾਲ ਜੋੜ ਕੇ ਸਿੱਖ ਧਰਮ ਨੂੰ  ਸਨਾਤਨੀ ਧਰਮ ਹੇਠ ਲਿਆਉਣ ਦੇ ਕੋਝੇ ਯਤਨ ਹੋ ਰਹੇ ਹਨ | 
ਉਨ੍ਹਾਂ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਤੇ ਸਾਬਕਾ ਰਾਜ ਸਭਾ ਮੈਂਬਰ ਕੇ.ਟੀ.ਐਸ. ਤੁਲਸੀ ਵਲੋਂ ਉਕਤ ਪੁਸਤਕ ਭੇਂਟ ਕਰਨ ਨੂੰ  ਇਕ ਵੱਡੀ ਸਾਜ਼ਸ਼ ਦਸਿਆ | ਪੰਥ ਦੀਆਂ ਉੱਘੀਆਂ ਸ਼ਖ਼ਸੀਅਤਾਂ ਪ੍ਰੋ ਇੰਦਰ ਸਿੰਘ ਘੱਗਾ ਅਤੇ ਭਾਈ ਹਰਜਿੰਦਰ ਸਿੰਘ ਮਾਝੀ ਨੇ ਉਕਤ ਘਟਨਾਕ੍ਰਮ 'ਤੇ ਪ੍ਰਤੀਕਿਰਿਆ ਦਿੰਦਿਆਂ ਆਖਿਆ ਕਿ ਜਦੋਂ ਦੇਸ਼-ਵਿਦੇਸ਼ ਦੀਆਂ ਸਿੱਖ ਸੰਗਤਾਂ ਅਪ੍ਰੈਲ 1999 ਵਿਚ ਖ਼ਾਲਸੇ ਦਾ 300 ਸਾਲਾ ਜਨਮ ਦਿਹਾੜਾ ਮਨਾ ਰਹੀਆਂ ਸਨ ਤਾਂ ਉਸ ਸਮੇਂ ਸ਼੍ਰੋਮਣੀ ਕਮੇਟੀ ਵਲੋਂ ਗੁਰੂ ਨਾਨਕ ਨਾਮਲੇਵਾ ਸੰਗਤਾਂ ਲਈ ਜਾਰੀ ਕੀਤੀਆਂ 300 ਧਾਰਮਕ ਪੁਸਤਕਾਂ ਵਿਚੋਂ ਇਕ ਹਿੰਦੀ ਭਾਸ਼ਾ ਦੀ ਪੁਸਤਕ 'ਸਿੱਖ ਇਤਿਹਾਸ' ਵੀ ਜਾਰੀ ਕਰ ਦਿਤੀ ਗਈ ਜਿਸ ਵਿਚ ਗੁਰੂ ਸਾਹਿਬਾਨ ਪ੍ਰਤੀ ਨਾ ਦੁਹਰਾਈ ਜਾ ਸਕਣ ਵਾਲੀ ਅਪਮਾਨਜਨਕ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਸੀ | 
ਉਨ੍ਹਾਂ ਦਸਿਆ ਕਿ ਉਸ ਸਮੇਂ ਵੀ ਸ਼ੋ੍ਰਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਸੀ, ਉਕਤ ਵਿਵਾਦਤ ਪੁਸਤਕ ਦੀ ਜਾਂਚ ਸਬੰਧੀ ਕਮੇਟੀ ਦਾ ਗਠਨ ਕੀਤਾ ਗਿਆ, ਜੋ ਅੱਜ ਤਕ ਜਾਂਚ ਕਰ ਕੇ ਸੰਗਤਾਂ ਦੀ ਕਚਹਿਰੀ ਵਿਚ ਨਹੀਂ ਰੱਖ ਸਕੀ ਅਰਥਾਤ ਉਕਤ ਮਾਮਲਾ ਬੜੀ ਚਲਾਕੀ ਤੇ ਹੁਸ਼ਿਆਰੀ ਨਾਲ ਦਬਾਅ ਦਿਤਾ ਗਿਆ | ਉਨ੍ਹਾਂ ਦਸਿਆ ਕਿ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਵਲੋਂ ਅਕਾਲ ਤਖ਼ਤ ਦੇ ਬਤੌਰ ਜਥੇਦਾਰ ਦੇ ਤੌਰ 'ਤੇ ਰਿਲੀਜ਼ ਕੀਤੀ ਗਈ 'ਗੁਰਬਿਲਾਸ ਪਾਤਸ਼ਾਹੀ ਛੇਵੀਂ' ਪੁਸਤਕ ਵਿਚ ਵੀ ਛੇਵੀਂ ਪਾਤਸ਼ਾਹੀ ਬਾਰੇ ਬਹੁਤ ਨਿੰਦਣਯੋਗ ਤੇ ਅਪਮਾਨਜਨਕ ਟਿਪਣੀਆਂ ਕੀਤੀਆਂ ਗਈਆਂ ਸਨ ਪਰ ਉਸ ਬਾਰੇ ਵੀ ਤਖ਼ਤਾਂ ਦੇ ਜਥੇਦਾਰਾਂ, ਸ਼ੋ੍ਰਮਣੀ ਕਮੇਟੀ ਜਾਂ ਬਾਦਲਾਂ ਨੇ ਕੋਈ ਠੋਸ ਜਵਾਬ ਦੇਣ ਦੀ ਜ਼ਰੂਰਤ ਹੀ ਨਾ ਸਮਝੀ | ਉਨ੍ਹਾਂ ਆਖਿਆ ਕਿ ਜੇਕਰ ਕੇਂਦਰੀ ਸਿੰਘ ਸਭਾ ਵਲੋਂ ਦਸਵੇਂ ਪਾਤਸ਼ਾਹ ਦੇ ਨਾਂਅ ਨਾਲ ਰਮਾਇਣ ਜੋੜ ਕੇ ਬ੍ਰਾਹਮਣਵਾਦੀ ਤਾਕਤਾਂ ਦੀ ਸਿੱਖ ਧਰਮ ਅਤੇ ਇਤਿਹਾਸ ਦੇ ਨਿਵੇਕਲੇਪਣ ਨੂੰ  ਖ਼ਤਮ ਕਰਨ ਦੀ ਕੋਸ਼ਿਸ਼ ਸਬੰਧੀ ਮੁੱਦਾ ਚੁੱਕਿਆ ਗਿਆ ਹੈ ਤਾਂ ਉਸ ਬਾਰੇ ਤਖ਼ਤਾਂ ਦੇ ਜਥੇਦਾਰਾਂ, ਸ਼ੋ੍ਰਮਣੀ ਕਮੇਟੀ, ਦਿੱਲੀ ਕਮੇਟੀ ਅਤੇ ਬਾਦਲਾਂ ਦੇ ਸਟੈਂਡ, ਬਿਆਨ ਜਾਂ ਸਖ਼ਤ ਟਿਪਣੀ ਦੀ ਸੰਗਤਾਂ ਵਲੋਂ ਬੜੀ ਉਤਸੁਕਤਾ ਨਾਲ ਉਡੀਕ ਕੀਤੀ ਜਾ ਰਹੀ ਹੈ |