ਬੇਰੁਜ਼ਗਾਰ ਅਧਿਆਪਕਾਂ ਨੇ ਤੋੜੇ ਮੋਤੀਮਹਿਲਦੇ ਮੁੱਖ ਗੇਟਤੇਲੱਗੇ ਬੈਰੀਕੇਡ,ਸੁਰੱਖਿਆਏਜੰਸੀਆਂ ਹੋਈਆਂਫ਼ੇਲ

ਏਜੰਸੀ

ਖ਼ਬਰਾਂ, ਪੰਜਾਬ

ਬੇਰੁਜ਼ਗਾਰ ਅਧਿਆਪਕਾਂ ਨੇ ਤੋੜੇ ਮੋਤੀ ਮਹਿਲ ਦੇ ਮੁੱਖ ਗੇਟ 'ਤੇ ਲੱਗੇ ਬੈਰੀਕੇਡ, ਸੁਰੱਖਿਆ ਏਜੰਸੀਆਂ ਹੋਈਆਂ ਫ਼ੇਲ

image


ਪੁਲਿਸ ਨਾਲ ਹੋਈ ਬਹਿਸਬਾਜ਼ੀ ਅਤੇ ਹੱਥੋਪਾਈ, ਕਈ ਅਧਿਆਪਕਾਂ ਨੂੰ  ਕੀਤਾ ਗਿ੍ਫ਼ਤਾਰ

ਪਟਿਆਲਾ, 13 ਜੁਲਾਈ (ਅਵਤਾਰ ਸਿੰਘ ਗਿੱਲ) : ਪਟਿਆਲਾ ਪੁਲਿਸ ਨੂੰ  ਉਦੋਂ ਹੱਥਾਂ ਪੈਰਾਂ ਦੀ ਪੈ ਗਈ ਜਦੋਂ ਲੰਬੇ ਸਮੇਂ ਤੋਂ ਅਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਬੇਰੁਜ਼ਗਾਰ ਸਾਂਝੇ ਮੋਰਚੇ ਦੇ ਬੇਰੁਜ਼ਗਾਰ ਅਧਿਆਪਕ ਅੱਜ ਅਲੱਗ ਅਲੱਗ ਗੁਪਤ ਰਸਤਿਆਂ ਤੋਂ ਹੁੰਦੇ ਹੋਏ ਮੋਤੀ ਮਹਿਲ ਦੇ ਮੁੱਖ ਗੇਟ 'ਤੇ ਪਹੁੰਚ ਗਏ ਜਿਥੇ ਸੁਰੱਖਿਆ ਏਜੰਸੀਆਂ ਦੀ ਵੱਡੀ ਨਾਕਾਮੀ ਨਜ਼ਰ ਆਈ | ਸੁਰੱਖਿਆ ਏਜੰਸੀਆਂ ਨੂੰ  ਪਿੱਛੇ ਛਡਦੇ ਹੋਏ ਧਰਨਾਕਾਰੀ ਬੇਰੁਜ਼ਗਾਰ ਅਧਿਆਪਕ ਚੁੱਪ ਚੁਪੀਤੇ ਗੁਪਤ ਰਸਤਿਆਂ ਰਾਹੀਂ ਜਦੋਂ ਮੋਤੀ ਮਹਿਲ ਦੇ ਮੁੱਖ ਗੇਟ 'ਤੇ ਪਹੁੰਚੇ ਤਾਂ ਉਦੋਂ ਪੁਲਿਸ ਪ੍ਰਸ਼ਾਸਨ ਵਿਚ ਹਫੜਾ ਦਫ਼ੜੀ ਦਾ ਮਾਹੌਲ ਪੈਦਾ ਹੋ ਗਿਆ ਤੇ ਬਾਅਦ ਵਿਚ ਜਦੋਂ ਪੁਲਿਸ ਵਲੋਂ ਉਨ੍ਹਾਂ ਨੂੰ  ਬਲ ਨਾਲ ਪਿਛੇ ਹਟਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਪੁਲਿਸ ਅਤੇ ਬੇਰੁਜ਼ਗਾਰ ਅਧਿਆਪਕ ਆਪਸ ਵਿਚ ਭਿੜ ਗਏ | 
ਅਚਾਨਕ ਮੋਤੀ ਮਹਿਲ ਦੇ ਮੁੱਖ ਗੇਟ 'ਤੇ ਇਸ ਤਰ੍ਹਾਂ ਨਾਲ ਗੁਪਤ ਰਸਤਿਆਂ ਰਾਹੀਂ ਪਹੁੰਚੇ ਬੇਰੁਜ਼ਗਾਰ ਅਧਿਆਪਕਾਂ ਕਾਰਨ ਉਥੇ ਤਾਇਨਾਤ ਸੀ. ਐਮ. ਸਕਿਊਰਿਟੀ ਦੇ ਮੁਲਾਜ਼ਮਾਂ ਲਈ ਵੀ ਮੁਸ਼ਕਲ ਖੜੀ ਹੋ ਗਈ ਜਿਸ ਤੋਂ ਬਾਅਦ ਇੰਚਾਰਜ ਸੀ.ਐਮ. ਸਕਿਉਰਿਟੀ ਪਟਿਆਲਾ ਵਲੋਂ ਇਸ ਦੀ ਸੂਚਨਾ ਸਥਾਨਕ ਪੁਲਿਸ ਅਧਿਕਾਰੀਆਂ ਨੂੰ  ਦੇ ਕੇ ਵਧੇਰੇ ਪੁਲਿਸ ਫ਼ੋਰਸ ਭੇਜਣ ਲਈ ਕਿਹਾ ਗਿਆ | ਪੁਲਿਸ ਬਲ ਪਹੁੰਚਣ 'ਤੇ ਖਾਸੀ ਧੱਕਾ-ਮੁੱਕੀ ਅਤੇ ਹੱਥੋਪਾਈ ਤੋਂ ਮਗਰੋਂ ਪਹੁੰਚੇ ਸਾਰੇ ਬੇਰੁਜ਼ਗਾਰ ਅਧਿਆਪਕਾਂ ਨੂੰ  ਹਿਰਾਸਤ ਵਿਚ ਲੈ ਲਿਆ ਗਿਆ ਅਤੇ ਪਟਿਆਲਾ ਸ਼ਹਿਰ ਦੇ ਦੂਰ ਦੁਰਾਡੇ ਦੇ ਥਾਣਿਆਂ ਵਿਚ ਭੇਜ ਦਿੱਤਾ ਗਿਆ |
ਜਾਣਕਾਰੀ ਅਨੁਸਾਰ ਬੇਰੁਜ਼ਗਾਰ ਸਾਂਝਾ ਮੋਰਚਾ ਵਲੋਂ ਲੰਘੇ ਦਿਨ ਸਿਖਿਆ ਮੰਤਰੀ ਵਿਜੇਇੰਦਰ ਸਿੰਗਲਾ ਨਾਲ ਪੈਨਲ ਮੀਟਿੰਗ ਰੱਦ ਹੋਣ ਦੇ ਰੋਸ ਵਜੋਂ ਅੱਜ ਮੁੱਖ ਮੰਤਰੀ ਦੇ ਮੋਤੀ ਮਹਿਲ ਦਾ ਗੁਪਤ ਤਰੀਕੇ ਨਾਲ ਘਿਰਾਉ ਕਰ ਲਿਆ ਗਿਆ, ਜਿਥੇ ਪਹੁੰਚ ਕੇ ਭੜਕੇ ਬੇਰੁਜ਼ਗਾਰ ਸਾਂਝੇ ਮੋਰਚੇ ਦੇ ਮੈਂਬਰਾਂ ਨੇ ਪੰਜਾਬ ਸਰਕਾਰ ਵਿਰੁਧ ਜ਼ਬਰਦਸਤ ਨਾਅਰੇਬਾਜ਼ੀ ਕੀਤੀ | ਪੁਲਿਸ ਫ਼ੋਰਸ ਵਲੋਂ ਜਵਾਬੀ ਕਾਰਵਾਈ ਕਰਦਿਆਂ ਦਰਜਨ ਤੋਂ ਵੱਧ ਬੇਰੁਜ਼ਗਾਰ ਸਾਂਝਾ ਮੋਰਚਾ ਦੇ ਮੈਂਬਰਾਂ ਨੂੰ ਹਿਰਾਸਤ ਵਿਚ ਲੈ ਲਿਆ ਹੈ ਜਿਨ੍ਹਾਂ ਨੂੰ ਵੱਖ ਵੱਖ ਥਾਣਿਆਂ ਵਿਚ ਡੱਕ ਦਿਤਾ ਹੈ | 
ਜ਼ਿਕਰਯੋਗ ਹੈ ਕਿ ਸਥਾਨਕ ਪੁਲਿਸ ਪ੍ਰਸ਼ਾਸਨ ਵਲੋਂ ਕਰੀਬਨ 8 ਮਹੀਨਿਆਂ ਤੋਂ ਮੋਤੀ ਮਹਿਲ ਨੂੰ  ਜਾਣ ਵਾਲੇ ਰਸਤਿਆਂ ਨੂੰ  ਵੱਡੇ ਬੈਰੀਕੇਡ 'ਤੇ ਕੰਡਿਆਲੀ ਤਾਰ ਲਗਾ ਕੇ ਪੂਰੀ ਤਰ੍ਹਾਂ ਨਾਲ ਸੀਲ ਕੀਤਾ ਹੋਇਆ ਹੈ ਤਾਂ ਜੋ ਕੋਈ ਵੀ ਮੋਤੀ ਮਹਿਲ ਤਕ ਨਾ ਪਹੁੰਚ ਸਕੇ | ਇਸ ਨਾਲ ਸਥਾਨਕ ਲੋਕਾਂ ਨੂੰ  ਵੀ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਉਨ੍ਹਾਂ ਨੂੰ  ਅਪਣੇ ਹੀ ਘਰ ਜਾਣ ਲਈ 3-3 ਥਾਂ 'ਤੇ ਤਲਾਸ਼ੀ ਕਰਵਾਉਣੀ ਤਾਂ ਪੈਂਦੀ ਹੀ ਹੈ ਨਾਲ ਹੀ ਕਈ ਕਈ ਕਿਲੋਮੀਟਰ ਘੁੰਮ ਕੇ ਜਾਣ ਨਾਲ ਉਨ੍ਹਾਂ ਦਾ ਸਮਾਂ ਅਤੇ ਮਹਿੰਗੇ ਭਾਅ ਦਾ ਡੀਜ਼ਲ ਪਟਰੌਲ ਅਲੱਗ ਫੂਕਦਾ ਹੈ ਜਿਸ ਕਾਰਨ ਧਰਨਾਕਾਰੀਆਂ ਦੇ ਨਾਲ-ਨਾਲ ਆਮ ਲੋਕਾਂ ਵਿਚ ਇਸ ਗੱਲ ਨੂੰ  ਲੈ ਕੇ ਭਾਰੀ ਰੋਸ ਹੈ |

ਫੋਟੋ ਨੰ: 13 ਪੀਏਟੀ 16
ਪਿਛਲੇ 8 ਮਹੀਨਿਆਂ ਤੋਂ ਮੁੱਖ ਮੰਤਰੀ ਦੇ ਮਹਿਲ ਵਲ ਨੂੰ  ਜਾਂਦੀਆਂ ਸੜਕਾਂ 'ਤੇ ਲੱਗੇ ਬੈਰੀਕੇਡ ਦਾ ਦਿ੍ਸ਼ | ਹੇਠਾਂ ਮੁੱਖ ਮੰਤਰੀ ਦੇ ਮੋਤੀ ਮਹਿਲ ਦੇ ਮੁੱਖ ਗੇਟ ਅੱਗੇ ਪੁਲਿਸ ਨਾਲ ਬਹਿਸਬਾਜ਼ੀ ਅਤੇ ਹੱਥੋਪਾਈ ਕਰਦੇ ਹੋਏ ਬੇਰੁਜ਼ਗਾਰ ਅਧਿਆਪਕ | ਫ਼ੋਟੋ : ਅਜੇ