ਲੁਧਿਆਣਾ ਇੰਪਰੂਵਮੈਂਟ ਟਰੱਸਟ ਦੀ ਈਓ ਅਤੇ ਕਲਰਕ ਗ੍ਰਿਫਤਾਰ, ਪੈਸੇ ਲੈ ਕੇ ਕੰਮ ਨਾ ਕਰਨ ਦੇ ਲੱਗੇ ਦੋਸ਼

ਏਜੰਸੀ

ਖ਼ਬਰਾਂ, ਪੰਜਾਬ

ਵਿਜੀਲੈਂਸ ਨੇ ਦਫਤਰ ਤੋਂ ਕੀਤਾ ਕਾਬੂ

EO and clerk of Ludhiana Improvement Trust arrested, accused of not working for money

ਲੁਧਿਆਣਾ-  ਪੰਜਾਬ ਵਿਚ ਨਗਰ ਸੁਧਾਰ ਟਰੱਸਟ ਦੀ ਕਾਰਜਕਾਰੀ ਅਧਿਕਾਰੀ (ਈਓ) ਕੁਲਜੀਤ ਕੌਰ ਅਤੇ ਕਲਰਕ ਹਰਮੀਤ ਸਿੰਘ ਨੂੰ ਵਿਜੀਲੈਂਸ ਟੀਮ ਨੇ ਵੀਰਵਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਵਾਂ ਖਿਲਾਫ਼ ਇਕ ਵਿਅਕਤੀ ਨੇ ਲੱਖਾਂ ਰੁਪਏ ਲੈ ਕੇ ਕੰਮ ਨਾ ਕਰਨ ਦੀ ਸ਼ਿਕਾਇਤ ਵਿਜੀਲੈਂਸ ਨੂੰ ਦਿੱਤੀ ਸੀ। ਸ਼ਿਕਾਇਤ ਮਿਲਣ ਤੋਂ ਬਾਅਦ ਵਿਜੀਲੈਂਸ ਨੇ ਦੋਵਾਂ ਖਿਲਾਫ਼ ਕਾਰਵਾਈ ਕੀਤੀ ਹੈ। 

ਵਿਜੀਲੈਂਸ ਟੀਮ ਨੇ ਵੀਰਵਾਰ ਸਵੇਰੇ 8 ਵਜੇ ਨਗਰ ਸੁਧਾਰ ਟਰੱਸਟ ਦੇ ਦਫਤਰ 'ਤੇ ਛਾਪਾ ਮਾਰਿਆ। ਇਸ ਦੌਰਾਨ ਵੱਡੀ ਗਿਣਤੀ ਵਿਚ ਪੁਲਿਸ ਬਲ ਤਾਇਨਾਤ ਰਹੇ। ਛਾਪੇਮਾਰੀ ਦੌਰਾਨ ਵਿਜੀਲੈਂਸ ਦੀ ਈਓ ਕੁਲਜੀਤ ਕੌਰ ਅਤੇ ਕਲਰਕ ਹਰਮੀਤ ਸਿੰਘ ਨੂੰ ਕਾਬੂ ਕੀਤਾ ਗਿਆ। ਵਿਜੀਲੈਂਸ ਦੋਵਾਂ ਨੂੰ ਗ੍ਰਿਫ਼ਤਾਰ ਕਰਕੇ ਮੁਹਾਲੀ ਲੈ ਗਈ। ਈਓ ਕੁਲਜੀਤ ਕੌਰ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਕਰੀਬੀ ਰਹੇ ਹਨ। ਛਾਪੇਮਾਰੀ ਤੋਂ ਬਾਅਦ ਦਫ਼ਤਰ ਪੂਰੀ ਤਰ੍ਹਾਂ ਖਾਲੀ ਹੋ ਗਿਆ। ਅੰਮ੍ਰਿਤਸਰ ਤੋਂ ਬਾਅਦ ਹੁਣ ਵਿਜੀਲੈਂਸ ਨੇ ਲੁਧਿਆਣਾ ਵਿਚ ਛਾਪੇਮਾਰੀ ਕੀਤੀ ਹੈ। ਇਸ ਦੇ ਨਾਲ ਹੀ ਅੱਜ ਕਈ ਲੋਕ ਨਗਰ ਸੁਧਾਰ ਟਰੱਸਟ ਦੇ ਬਾਹਰ ਧਰਨਾ ਦਿੰਦੇ ਵੀ ਦੇਖੇ ਗਏ।

ਰੋਸ ਪ੍ਰਦਰਸ਼ਨ ਕਰ ਰਹੇ ਜੇਪੀ ਸਿੰਘ ਨੇ ਕਿਹਾ ਕਿ ਮੈਂ 15 ਦਿਨਾਂ ਤੋਂ ਇੱਥੇ ਪ੍ਰਦਰਸ਼ਨ ਕਰ ਰਿਹਾ ਹਾਂ, ਮੈਂ ਲੋਕਾਂ ਨੂੰ ਜਾਗਰੂਕ ਕਰ ਰਿਹਾ ਹਾਂ ਕਿ ਇੱਥੇ ਈਓ ਅਤੇ ਕਲਰਕ ਦੋਵੇਂ ਹੀ ਭੂ-ਮਾਫੀਆ ਦਾ ਰੂਪ ਧਾਰਨ ਕਰ ਚੁੱਕੇ ਹਨ। ਵਿਜੀਲੈਂਸ ਅਧਿਕਾਰੀਆਂ ਨੇ ਅਜੇ ਤੱਕ ਇਹ ਨਹੀਂ ਦੱਸਿਆ ਕਿ ਦੋਵਾਂ ਨੂੰ ਕਿਉਂ ਗ੍ਰਿਫਤਾਰ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਸ਼ਿਕਾਇਤਕਰਤਾ ਪਿੰਡ ਹੈਬੋਵਾਲ ਦੇ ਵਸਨੀਕ ਨਵਦੀਪ ਸਿੰਘ ਨੇ ਉਕਤ ਸ਼ਿਕਾਇਤ ਮੁੱਖ ਮੰਤਰੀ, ਡਾਇਰੈਕਟਰ ਵਿਜੀਲੈਂਸ ਅਤੇ ਐਸਐਸਪੀ ਲੁਧਿਆਣਾ ਵਿਜੀਲੈਂਸ ਨੂੰ 7 ਅਪਰੈਲ ਨੂੰ ਭੇਜੀ ਸੀ। ਜਿਸ ਵਿਚ ਉਨ੍ਹਾਂ ਦੋਸ਼ ਲਾਇਆ ਕਿ ਪਿੰਡ ਹੈਬੋਵਾਲ ਦੀ ਜ਼ਮੀਨ ਨਗਰ ਸੁਧਾਰ ਟਰੱਸਟ ਵੱਲੋਂ ਐਕੁਆਇਰ ਕੀਤੀ ਗਈ ਹੈ। ਜਿਸ 'ਤੇ ਨੰਬਰ ਲਗਾਏ ਹੋਏ ਸਨ।

ਜਦੋਂ ਉਹ ਉਕਤ ਪਲਾਟ ਦਾ ਨਕਸ਼ਾ ਪਾਸ ਕਰਵਾਉਣ ਲਈ ਗਿਆ ਤਾਂ ਇਕ ਮਹਿਲਾ ਅਧਿਕਾਰੀ ਨੇ ਉਸ ਤੋਂ 10 ਲੱਖ ਰੁਪਏ ਦੀ ਮੰਗ ਕੀਤੀ। ਜਿਸ ਲਈ ਉਸ ਨੇ ਇੱਕ ਲੱਖ ਰੁਪਏ ਦਿੱਤੇ ਸਨ ਅਤੇ ਬਾਕੀ ਰਕਮ ਬਾਅਦ ਵਿਚ ਅਦਾ ਕੀਤੀ ਜਾਣੀ ਸੀ। ਉਸ ਦਾ ਰਾਜਗੁਰੂ ਨਗਰ ਵਿਚ ਇੱਕ ਪਲਾਟ ਵੀ ਹੈ, ਉਸਦੀ ਐਨਓਸੀ ਦੇ ਬਦਲੇ ਮਹਿਲਾ ਅਧਿਕਾਰੀ ਨੇ ਪੈਸੇ ਮੰਗੇ। ਦੋਵਾਂ ਮਾਮਲਿਆਂ ਵਿਚ ਉਸ ਨੇ ਉਕਤ ਅਧਿਕਾਰੀ ਨੂੰ ਸਾਢੇ ਪੰਜ ਲੱਖ ਰੁਪਏ ਦੇ ਦਿੱਤੇ। ਪੈਸੇ ਲੈਣ ਤੋਂ ਬਾਅਦ ਵੀ ਮਹਿਲਾ ਅਧਿਕਾਰੀ ਨੇ ਕੰਮ ਨਹੀਂ ਕਰਵਾਇਆ। ਇਸ ਸਬੰਧੀ ਉਨ੍ਹਾਂ ਪੰਜਾਬ ਸਰਕਾਰ ਅਤੇ ਵਿਜੀਲੈਂਸ ਨੂੰ ਸ਼ਿਕਾਇਤ ਕੀਤੀ ਸੀ। ਦੱਸਿਆ ਜਾ ਰਿਹਾ ਹੈ ਕਿ ਈਓ ਕੁਲਜੀਤ ਕੌਰ ਪਿਛਲੇ 15 ਦਿਨਾਂ ਤੋਂ ਡਿਊਟੀ 'ਤੇ ਨਹੀਂ ਆ ਰਹੀ ਸੀ। ਵੀਰਵਾਰ ਸਵੇਰੇ ਹੀ ਉਹ ਬੈਠੀ ਸੀ ਜਦੋਂ ਵਿਜੀਲੈਂਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ।