ਸੁਵੀਰ ਸਿੱਧੂ ਪੰਜਾਬ ਹਰਿਆਣਾ ਬਾਰ ਕੌਂਸਲ ਦੇ ਚੇਅਰਮੈਨ ਵਜੋਂ ਮੁੜ ਚੁਣੇ ਗਏ 

ਏਜੰਸੀ

ਖ਼ਬਰਾਂ, ਪੰਜਾਬ

ਅਸ਼ੋਕ ਸਿੰਗਲਾ ਨੂੰ ਬਿਨ੍ਹਾਂ ਮੁਕਾਬਲਾ ਵਾਈਸ ਚੇਅਰਮੈਨ ਚੁਣ ਲਿਆ ਗਿਆ ਹੈ

Suveer Sidhu re-elected as Chairman of Punjab Haryana Bar Council

 

ਚੰਡੀਗੜ੍ਹ - ਹਾਈਕੋਰਟ ਦੇ ਦਿਸ਼ਾ-ਨਿਰਦੇਸ਼ਾਂ 'ਤੇ ਵੀਰਵਾਰ ਨੂੰ ਹਰਿਆਣਾ ਦੇ ਐਡਵੋਕੇਟ ਜਨਰਲ ਬਲਦੇਵ ਰਾਜ ਮਹਾਜਨ ਦੀ ਦੇਖ-ਰੇਖ ਹੇਠ ਸੈਕਟਰ 37 ਸਥਿਤ ਲਾਅ ਭਵਨ ਵਿਖੇ ਪੰਜਾਬ ਹਰਿਆਣਾ ਬਾਰ ਕੌਂਸਲ ਦੀਆਂ ਚੋਣਾਂ ਕਰਵਾਈਆਂ ਗਈਆਂ। ਕੁੱਲ 27 ਵੋਟਾਂ ਵਿਚੋਂ ਜੇਤੂ ਸੁਵੀਰ ਸਿੱਧੂ ਨੂੰ 17 ਵੋਟਾਂ ਮਿਲੀਆਂ ਜਦਕਿ ਪਰਵੇਸ਼ ਯਾਦਵ ਸਿਰਫ਼ 9 ਵੋਟਾਂ ਹੀ ਹਾਸਲ ਕਰ ਸਕੇ ਜਦਕਿ ਇੱਕ ਮੈਂਬਰ ਨੇ ਆਪਣੀ ਵੋਟ ਦਾ ਇਸਤੇਮਾਲ ਨਹੀਂ ਕੀਤਾ। ਅਸ਼ੋਕ ਸਿੰਗਲਾ ਨੂੰ ਬਿਨ੍ਹਾਂ ਮੁਕਾਬਲਾ ਵਾਈਸ ਚੇਅਰਮੈਨ ਚੁਣ ਲਿਆ ਗਿਆ ਹੈ ਜਦਕਿ ਗੁਰਤੇਜ ਸਿੰਘ ਗਰੇਵਾਲ ਨੂੰ ਨਵਾਂ ਆਨਰੇਰੀ ਸਕੱਤਰ ਚੁਣਿਆ ਗਿਆ ਹੈ।

 

ਚੋਣ ਕਾਰਵਾਈ ਦੌਰਾਨ ਬਾਰ ਕੌਂਸਲ ਆਫ ਇੰਡੀਆ ਦੇ ਮੈਂਬਰ ਪ੍ਰਤਾਪ ਸਿੰਘ ਵੀ ਹਾਜ਼ਰ ਸਨ। ਇਕ ਪ੍ਰੈਸ ਬਿਆਨ ਜਾਰੀ ਕਰਦਿਆਂ ਪੰਜਾਬ ਅਤੇ ਹਰਿਆਣਾ ਬਾਰ ਕੌਂਸਲ ਦੇ ਵਧੀਕ ਸਕੱਤਰ ਮਲਕੀਤ ਸਿੰਘ ਨੇ ਦੱਸਿਆ ਕਿ ਸਾਬਕਾ ਪ੍ਰਧਾਨ ਮਨਿੰਦਰਜੀਤ ਯਾਦਵ ਨੇ ਸਿੱਧੂ ਨੂੰ ਇਸ ਮੌਕੇ ’ਤੇ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਉਹ ਕਾਨੂੰਨੀ ਭਾਈਚਾਰੇ ਦੇ ਹਿੱਤ ਅਤੇ ਭਲਾਈ ਲਈ ਬਾਰ ਕੌਂਸਲ ਦੀ ਵਿਰਾਸਤ ਨੂੰ ਜਾਰੀ ਰੱਖਣ। 32 ਸਾਲਾ ਸੁਵੀਰ ਪੰਜਾਬ ਦੇ ਐਡਵੋਕੇਟ ਜਨਰਲ ਡਾ. ਅਨਮੋਲ ਰਤਨਾ ਸਿੱਧੂ ਦਾ ਪੁੱਤਰ ਹੈ, ਜਿਸ ਨੂੰ ਦੇਸ਼ ਭਰ ਦੀਆਂ ਕੌਂਸਲਾਂ ਦਾ ਸਭ ਤੋਂ ਨੌਜਵਾਨ ਚੇਅਰਮੈਨ ਚੁਣਿਆ ਗਿਆ ਹੈ।