ਗੁਰਬਾਣੀ ਪ੍ਰਸਾਰਣ ਲਈ ਦਿੱਲੀ ਦੀ ਅਨਸ਼ਨੁਕ੍ਰਿਤੀ ਕਮਿਊਨੀਕੇਸ਼ਨ ਨੂੰ ਦਿਤਾ ਗਿਆ 3 ਮਹੀਨੇ ਦਾ ਠੇਕਾ : ਹਰਜਿੰਦਰ ਸਿੰਘ ਧਾਮੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗੁਰਬਾਣੀ ਪ੍ਰਸਾਰਣ ਲਈ PTC ਨਾਲ ਕੀਤਾ ਸਮਝੌਤਾ 23 ਨੂੰ ਖ਼ਤਮ ਹੋ ਜਾਵੇਗਾ : ਹਰਜਿੰਦਰ ਸਿੰਘ ਧਾਮੀ 

harjinder Singh Dhami PC

24 ਜੁਲਾਈ ਤੋਂ SGPC ਦੇ ਚੈਨਲ 'ਤੇ ਸ਼ੁਰੂ ਹੋਵੇਗਾ ਹੋਵੇਗਾ ਗੁਰਬਾਣੀ ਪ੍ਰਸਾਰਣ 

ਅੰਮ੍ਰਿਤਸਰ : ਗੁਰਬਾਣੀ ਪ੍ਰਸਾਰਣ ਮਾਮਲੇ ਨੂੰ ਲੈ ਕੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਇਕ ਪ੍ਰੈਸਕਾਨਫ਼ਰੰਸ ਕੀਤੀ ਗਈ ਜਿਸ ਵਿਚ ਉਨ੍ਹਾਂ ਦਸਿਆ ਕਿ 24 ਜੁਲਾਈ ਤੋਂ ਐਸ.ਜੀ.ਪੀ.ਸੀ. ਵਲੋਂ ਅਪਣਾ ਯੂ-ਟਿਊਬ ਚੈਨਲ ਸ਼ੁਰੂ ਕੀਤਾ ਜਾ ਰਿਹਾ ਹੈ। ਚੈਨਲ ਦਾ ਨਾਂਅ 'ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ' ਹੋਵੇਗਾ ਜਿਸ 'ਤੇ ਅੰਮ੍ਰਿਤ ਵੇਲੇ ਤੋਂ ਹੀ ਗੁਰਬਾਣੀ ਦਾ ਪ੍ਰਸਾਰਣ ਸ਼ੁਰੂ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਦਸਿਆ ਕਿ ਸ਼ਾਮ ਵੇਲੇ ਹੁੰਦੇ ਗੁਰਬਾਣੀ ਪ੍ਰਸਾਰਣ ਦੇ ਸਮੇਂ ਦੀ ਮਿਆਦ ਵਿਚ ਵਾਧਾ ਕਰਨ ਬਾਰੇ ਵਿਚਾਰ ਕੀਤੀ ਜਾ ਰਹੀ ਹੈ।

ਹਰਜਿੰਦਰ ਸਿੰਘ ਧਾਮੀ ਨੇ ਦਸਿਆ ਕਿ ਪੀ.ਟੀ.ਸੀ. ਚੈਨਲ ਨਾਲ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੋ ਕਾਨੂੰਨੀ ਸਮਝੌਤਾ ਕੀਤਾ ਸੀ ਉਹ 23 ਜੁਲਾਈ ਨੂੰ ਖ਼ਤਮ ਹੋ ਰਿਹਾ ਹੈ ਅਤੇ ਇਸ ਵਿਚ ਕਿਸੇ ਤਰ੍ਹਾਂ ਦਾ ਕੋਈ ਵਾਧਾ ਨਹੀਂ ਕੀਤਾ ਗਿਆ ਸਗੋਂ ਅਗਲੇ ਹੀ ਦਿਨ ਤੋਂ ਅੰਮ੍ਰਿਤ ਵੇਲੇ ਤੋਂ ਗੁਰਬਾਣੀ ਦਾ ਪ੍ਰਸਾਰਣ ਐਸ.ਜੀ.ਪੀ.ਸੀ. ਦੇ ਅਪਣੇ ਚੈਨਲ 'ਤੇ ਸ਼ੁਰੂ ਕੀਤਾ ਜਾ ਰਿਹਾ ਹੈ।

ਵਧੇਰੇ ਜਾਣਕਾਰੀ ਦਿੰਦਿਆਂ ਧਾਮੀ ਨੇ ਦਸਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਸਬੰਧੀ ਸਾਰੇ ਹੱਕ ਐਸ.ਜੀ.ਪੀ.ਸੀ. ਅਪਣੇ ਕੋਲ ਹੀ ਸੁਰੱਖਿਅਤ ਰੱਖੇਗੀ ਅਤੇ ਗੁਰਬਾਣੀ ਪ੍ਰਸਾਰਣ 'ਤੇ ਕਿਸੇ ਦਾ ਵੀ ਏਕਾਧਿਕਾਰ ਨਹੀਂ ਹੋਵੇਗਾ। ਉਨ੍ਹਾਂ ਦਸਿਆ ਕਿ ਵੈੱਬ ਚੈਨਲ, ਯੂ-ਟਿਊਬ ਜਾਂ ਕਿਸੇ ਵੀ ਸੋਸ਼ਲ ਮੀਡੀਆ ਸਾਈਟ 'ਤੇ ਗੁਰਬਾਣੀ ਪ੍ਰਸਾਰਣ ਦਾ ਅਧਿਕਾਰ ਨਹੀਂ ਹੋਵੇਗਾ।

ਪ੍ਰਧਾਨ ਧਾਮੀ ਨੇ ਦਸਿਆ ਕਿ ਗੁਰਬਾਣੀ ਪ੍ਰਸਾਰਣ ਲਈ ਤਿੰਨ ਕੰਪਨੀਆਂ ਨੇ ਐਸ.ਜੀ.ਪੀ.ਸੀ. ਤਕ ਪਹੁੰਚ ਕੀਤੀ ਸੀ ਜਿਨ੍ਹਾਂ ਵਿਚ ਪਹਿਲੀ ਕੰਪਨੀ ਲਮਹਾਸ ਸੈਟੇਲਾਈਟ ਸਰਵਿਸ ਲਿਮਟਿਡ, ਨਵੀਂ ਦਿੱਲੀ ਸੀ ਜਿਸ ਦਾ ਕਹਿਣਾ ਸੀ ਕਿ ਉਨ੍ਹਾਂ ਵਲੋਂ ਚਾਰ ਕੈਮਰੇ ਲਾਂਚ ਕੀਤੇ ਜਾਣਗੇ। ਮਹੀਨੇ ਦਾ 21 ਲੱਖ ਰੁਪਏ ਅਤੇ ਜੀਐਸਟੀ ਲਿਆ ਜਾਵੇਗਾ। ਦੂਜੀ ਕੰਪਨੀ ਸ਼ਾਈਨ ਸਟਾਰ ਨੇ ਕਿਹਾ ਕਿ 12 ਲੱਖ 30 ਹਜ਼ਾਰ ਰੁਪਏ ਮਹੀਨਾ ਲਿਆ ਜਾਵੇਗਾ ਜਿਸ ਵਿਚ ਕੈਮਰੇ ਅਤੇ ਮੁਲਾਜ਼ਮ ਵੀ ਉਨ੍ਹਾਂ ਵਲੋਂ ਹੀ ਦਿਤੇ ਜਾਣਗੇ।

ਤੀਜੀ ਕੰਪਨੀ ਅਨਸ਼ਨੁਕ੍ਰਿਤੀ ਕਮਿਊਨੀਕੇਸ਼ਨ, ਨਵੀਂ ਦਿੱਲੀ ਨੇ ਪਹੁੰਚ ਕੀਤੀ ਜਿਸ ਨੇ 12 ਲੱਖ ਰੁਪਏ ਅਤੇ ਜੀਐਸਟੀ ਦੀ ਗੱਲ ਕੀਤੀ। ਗੁਰਬਾਣੀ ਪ੍ਰਸਾਰਣ ਮਾਮਲੇ 'ਤੇ ਗਠਿਤ ਕਮੇਟੀ ਨੇ ਇਸ ਕੰਪਨੀ ਨਾਲ ਸਮਝੌਤਾ ਕਰਨ ਬਾਰੇ ਸਿਫ਼ਾਰਿਸ਼ ਕੀਤੀ ਹੈ ਜਿਸ ਤਹਿਤ ਗੁਰਬਾਣੀ ਪ੍ਰਸਾਰਣ ਲਈ ਦਿੱਲੀ ਦੀ ਅਨਸ਼ਨੁਕ੍ਰਿਤੀ ਕਮਿਊਨੀਕੇਸ਼ਨ ਨੂੰ ਪ੍ਰਤੀ ਮਹੀਨਾ 12 ਲੱਖ ਰੁਪਏ ਪਲੱਸ ਜੀ.ਐਸ.ਟੀ. ਤਹਿਤ ਤਿੰਨ ਮਹੀਨੇ ਦਾ ਠੇਕਾ ਦਿਤਾ ਗਿਆ ਹੈ।