ਬਟਾਲਾ 'ਚ ਮੋਟਰਸਾਈਕਲ ਸਵਾਰ ਨੌਜੁਆਨਾਂ ਨੇ ਡਿਲੀਵਰੀ ਬੁਆਏ ਦੀ ਕੀਤੀ ਕੁੱਟਮਾਰ
ਉਸ ਨੂੰ ਜ਼ਬਰਦਸਤੀ ਆਪਣੇ ਮੋਟਰਸਾਈਕਲ ਦੇ ਪਿੱਛੇ ਬੈਠਾ ਕੇ ਸ਼ਹਿਰ ਦੇ ਚੱਕਰ ਲਗਾਉਂਦੇ ਰਹੇ
ਬਟਾਲਾ : ਪੰਜਾਬ ਦੇ ਬਟਾਲਾ ਜ਼ਿਲ੍ਹੇ ਵਿਚ ਲੁੱਟ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਤਾਜ਼ਾ ਮਾਮਲਾ ਬਟਾਲਾ ਦੇ ਖਜੂਰੀ ਗੇਟ ਤੋਂ ਸਾਹਮਣੇ ਆਇਆ ਹੈ, ਜਿੱਥੇ ਧਰਮਪੁਰਾ ਕਲੋਨੀ ਦਾ ਰਹਿਣ ਵਾਲਾ 20 ਸਾਲਾ ਰਮਨ ਇੱਕ ਬ੍ਰੈੱਡ ਕੰਪਨੀ ਵਿਚ ਡਲਿਵਰੀ ਬੁਆਏ ਵਜੋਂ ਕੰਮ ਕਰਦਾ ਹੈ। ਆਮ ਵਾਂਗ ਰੋਟੀ ਸਪਲਾਈ ਕਰਨ ਲਈ ਬਾਹਰ ਗਿਆ। ਜਦੋਂ ਉਹ ਖਜੂਰੀ ਫਾਟਕ ਨੇੜੇ ਪਹੁੰਚਿਆ ਤਾਂ ਬਾਈਕ ਸਵਾਰ ਦੋ ਨੌਜੁਆਨਾਂ ਨੇ ਉਸ ਨੂੰ ਰੋਕ ਲਿਆ ਅਤੇ ਉਸ ਨਾਲ ਲੜਾਈ ਸ਼ੁਰੂ ਕਰ ਦਿਤੀ। ਉਸ ਨੂੰ ਜ਼ਬਰਦਸਤੀ ਆਪਣੇ ਮੋਟਰਸਾਈਕਲ ਦੇ ਪਿੱਛੇ ਬੈਠਾ ਕੇ ਸ਼ਹਿਰ ਦੇ ਚੱਕਰ ਲਗਾਉਂਦੇ ਰਹੇ।
ਰਮਨ ਅਨੁਸਾਰ ਮੁਲਜ਼ਮਾਂ ਨੇ ਉਸ ਦੀ ਜੇਬ ਵਿਚੋਂ ਪੈਸੇ ਵੀ ਕੱਢ ਲਏ। ਡਿਲੀਵਰੀ ਬੁਆਏ ਨੇ ਕਿਸੇ ਤਰ੍ਹਾਂ ਬਾਈਕ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ। ਇਸ ਤੋਂ ਬਾਅਦ ਦੋਵੇਂ ਮੋਟਰਸਾਈਕਲ ਸਵਾਰ ਫ਼ਰਾਰ ਹੋ ਗਏ। ਲੜਾਈ ਦੀ ਇਹ ਘਟਨਾ ਇੱਕ ਦੁਕਾਨ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਈ। ਫਿਲਹਾਲ ਪੁਲਿਸ ਸੀ.ਸੀ.ਟੀ.ਵੀ. ਫੁਟੇਜ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਕਰ ਰਹੀ ਹੈ। ਪੀੜਤ ਨੌਜੁਆਨ ਦੇ ਬਿਆਨ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ। ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਜਾਣਕਾਰੀ ਦਿੰਦਿਆਂ ਪੀੜਤ ਡਲਿਵਰੀ ਬੁਆਏ ਰਮਨ ਨੇ ਦੱਸਿਆ ਕਿ ਉਹ ਦੋਵਾਂ ਨੌਜੁਆਨਾਂ ਨੂੰ ਨਹੀਂ ਜਾਣਦਾ। ਦੋਵਾਂ ਨੇ ਲੜਾਈ ਤੋਂ ਬਾਅਦ ਪਿਸਤੌਲ ਦਿਖਾ ਕੇ ਉਸ ਨੂੰ ਜ਼ਬਰਦਸਤੀ ਆਪਣੇ ਬਾਈਕ 'ਤੇ ਬਿਠਾ ਲਿਆ। ਸ਼ਹਿਰ ਵਿਚ ਘੁੰਮਦੇ ਰਹੇ। ਉਸ ਨੇ ਕਿਸੇ ਤਰ੍ਹਾਂ ਚਕਮਾ ਦੇ ਕੇ ਬਾਈਕ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ। ਇਸ ਤੋਂ ਬਾਅਦ ਹਮਲਾਵਰ ਫ਼ਰਾਰ ਹੋ ਗਏ। ਉਨ੍ਹਾਂ ਦਸਿਆ ਕਿ ਇਸ ਮਾਮਲੇ ਸਬੰਧੀ ਪੁਲਿਸ ਨੂੰ ਸ਼ਿਕਾਇਤ ਦੇ ਦਿਤੀ ਗਈ ਹੈ ਅਤੇ ਪੁਲਿਸ ਨੇ ਸੀ.ਸੀ.ਟੀ.ਵੀ. ਫੁਟੇਜ ਆਪਣੇ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿਤੀ ਹੈ।