ਰਵਨੀਤ ਬਿੱਟੂ ਨੇ ਚੁੱਕੇ ਸ਼੍ਰੋਮਣੀ ਕਮੇਟੀ 'ਤੇ ਸਵਾਲ, ਯੂਟਿਊਬ ਚੈਨਲ ਬਣਾਉਣ ਨੂੰ ਲੈ ਕੇ ਕਹੀ ਵੱਡੀ ਗੱਲ
ਹੁਣ ਵੀ ਇਕ ਪਰਿਵਾਰ ਤੋਂ ਹਟਾ ਕੇ ਅਪਣੇ ਹੀ ਦੂਜੇ ਪਰਿਵਾਰ ਨੂੰ ਗੁਰਬਾਣੀ ਪ੍ਰਸਾਰਣ ਦੇ ਪ੍ਰਬੰਧ ਦੇ ਦਿੱਤੇ ਗਏ ਹਨ।
ਲੁਧਿਆਣਾ - ਸ਼੍ਰੋਮਣੀ ਕਮੇਟੀ ਵੱਲੋਂ ਗੁਰਬਾਣੀ ਪ੍ਰਸਾਰਣ ਲਈ ਅਪਣਾ ਯੂਟਿਊਬ ਚੈਨਲ ਸ਼ੁਰੂ ਕਰਨ ਨੂੰ ਲੈ ਕੇ ਜੋ ਗੱਲ ਕਹੀ ਗਈ ਹੈ ਤੇ ਦਿੱਲੀ ਦੀ ਅਨਸ਼ਨੁਕ੍ਰਿਤੀ ਕਮਿਊਨੀਕੇਸ਼ਨ ਨੂੰ ਦਿੱਤੇ ਗਏ 3 ਮਹੀਨੇ ਦੇ ਠੇਕੇ ਨੂੰ ਲੈ ਕੇ ਰਵਨੀਤ ਬਿੱਟੂ ਦੀ ਪ੍ਰਤੀਕਿਰਿਆ ਵੀ ਸਾਹਮਣੇ ਆਈ ਹੈ। ਰਵਨੀਤ ਬਿੱਟੂ ਨੇ ਲਾਈਵ ਹੋ ਕੇ ਕਈ ਸਵਾਲ ਵੀ ਚੁੱਕੇ। ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਹੁਣ ਬਾਦਲਾਂ ਦਾ ਕਰਜਾ ਉਤਾਰ ਦਿੱਤਾ ਹੈ ਤੇ ਉਹਨਾਂ ਨੇ ਕਿੰਨੇ ਸਾਲਾਂ ਤੱਕ ਬਾਦਲਾਂ ਦੇ ਚੈਨਲ 'ਤੇ ਪਵਿੱਤਰ ਗੁਰਬਾਣੀ ਚਲਾਈ ਤੇ ਹੁਣ ਤਕਲੀਫ਼ ਹੋ ਰਹੀ ਹੈ।
ਉਹਨਾਂ ਕਿਹਾ ਕਿ ਜੇ ਹੁਣ ਵੀ ਪੀਟੀਸੀ ਗੁਰਬਾਣੀ ਦੇ ਉਹ ਸਲਾਟ ਚਲਾਉਣਾ ਚਾਹੇ ਤਾਂ ਹੁਣ ਵੀ ਉਹਨਾਂ ਨੂੰ 1 ਘੰਟੇ ਵਿਚ ਇਕ ਦਿਨ 1 ਲੱਖ ਰੁਪਏ ਬਣਨਗੇ ਤੇ ਜੇ 4 ਦਿਨ ਗੁਰਬਾਣੀ ਚਲਾਈ ਤਾਂ 4 ਲੱਖ ਰੁਪਏ ਬਣਨਗੇ। ਉਹਨਾਂ ਨੇ ਕਿਹਾ ਕਿ ਹੁਣ ਗੁਰਬਾਣੀ ਦੀ ਜਗ੍ਹਾ ਉਸ ਥਾਂ 'ਤੇ ਕੁੱਝ ਹੋਰ ਦਿਖਾਉਣ ਲਈ ਉਹਨਾਂ ਨੂੰ ਕਰੋੜਾਂ ਰੁਪਏ ਲਗਾਉਣੇ ਪੈਣਗੇ।
ਰਵਨੀਤ ਬਿੱਟੂ ਨੇ ਸ਼੍ਰੋਮਣੀ ਕਮੇਟੀ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਉਹਨਾਂ ਨੇ ਪਹਿਲਾਂ ਤਾਂ ਕੁੱਝ ਨਹੀਂ ਕੀਤਾ ਹਾਲਾਂਕਿ ਜਥੇਦਾਰ ਨੇ ਵੀ ਇਹਨਾਂ ਨੂੰ ਚੈਨਲ ਬਣਾਉਣ ਲਈ ਕਿਹਾ ਸੀ ਪਰ ਨਹੀਂ ਬਣਾਇਆ ਤੇ ਹੁਣ ਚੈਨਲ ਬਣਾਉਣ ਲਈ ਪਹਿਲਾਂ ਤਾਂ ਇਹਨਾਂ ਨੇ ਕਈ ਮੀਟਿੰਗਾਂ ਕੀਤੀਆਂ ਤੇ ਬਹੁਤ ਲੋਕਾਂ ਨੇ ਵੀ ਇਹਨਾਂ ਨਾਲ ਸੰਪਰਕ ਕੀਤਾ ਜਿਹੜੇ ਗੁਰਬਾਣੀ ਨਾਲ ਜੁੜੇ ਹੋਏ ਨੇ ਤੇ ਉਹ ਇਹ ਚਾਹੁੰਦੇ ਹਨ ਕਿ ਗੁਰਬਾਣੀ ਦਾ ਪ੍ਰਸਾਰ ਪੂਰੀ ਦੁਨੀਆਂ ਵਿਚ ਹੋਵੇ।
ਉਹਨਾਂ ਕਿਹਾ ਕਿ ਇਹ ਸਭ ਕਰਨ ਤੋਂ ਬਾਅਦ ਹੁਣ ਇਹਨਾਂ ਨੇ ਨੰਨੀ ਛਾਂ ਤੇ ਹਰਸਿਮਰਤ ਕੌਰ ਬਾਦਲ ਨਾਲ ਜੁੜੇ ਹੋਏ ਕਰੀਬੀਆਂ ਨੂੰ ਇਸ ਦਾ ਠੇਕਾ ਦੇ ਦਿੱਤੇ ਤੇ ਇਹਨਾਂ ਦੇ ਕਰੀਬੀਆਂ ਦਾ ਜੋ ਵੀ ਪ੍ਰਬੰਧ ਸੀ ਉਹ ਸ਼੍ਰੋਮਣੀ ਕਮੇਟੀ ਵਾਲੇ ਕਰਦੇ ਸੀ। ਉਹਨਾਂ ਨੇ ਕਿਹਾ ਕਿ ਬਾਕੀ ਸਾਰੇ ਮੰਦਿਰਾਂ ਤੇ ਮਸਜਿਦਾਂ ਵਿਚ ਜੋ ਵੀ ਸ਼ਬਦ ਚੱਲਦੇ ਹਨ ਉਹ ਸਭ ਨੂੰ ਸੁਣਾਈ ਦਿੰਦਾ ਹੈ ਤੇ ਸਿਰਫ਼ ਗੁਰਦੁਆਰਿਆਂ ਵਿਚ ਹੀ ਕਿਉਂ ਇਸ ਤਰ੍ਹਾਂ ਹੁੰਦਾ ਹੈ, ਸਿਰਫ਼ ਪੀਟੀਸੀ ਤੇ ਹੁਣ ਜਿਹਨਾਂ ਨੂੰ ਪ੍ਰਬੰਧ ਦਿੱਤੇ ਗਏ ਹਨ ਜੋ ਕਿ ਨੰਨੀ ਛਾਂ ਦੇ ਪ੍ਰਗੋਰਾਮ ਚਲਾਉਂਦੇ ਰਹੇ ਨੇ ਇਹਨਾਂ ਸਭ ਨੂੰ ਇਹ ਪ੍ਰਬੰਧ ਦੇ ਦਿੱਤੇ ਗਏ ਹਨ ਤੇ ਇਹ ਅੱਗੇ ਹੋਰ ਵੀ ਯੋਜਨਾ ਬਣਾਉਣਗੇ ਕਿ ਇਸ 'ਤੇ ਹੋਰ ਕਬਜ਼ਾ ਕਿਵੇਂ ਕੀਤਾ ਜਾਵੇ।
ਉਹਨਾਂ ਨੇ ਕਿਹਾ ਕਿ ਜਿਹੜੀ ਸ਼੍ਰੋਮਣੀ ਕਮੇਟੀ ਪਹਿਲਾਂ ਇਹ ਸਵਾਲ ਚੁੱਕਦੀ ਸੀ ਕਿ ਪੰਜਾਬ ਵਿਚ ਦਿੱਲੀ ਤੋਂ ਕੰਮ ਕਰਵਾਉਣ ਲਈ ਬੰਦੇ ਲਿਆਂਦੇ ਜਾ ਰਹੇ ਹਨ ਤਾਂ ਹੁਣ ਇਹ ਆਪ ਵੀ ਦਿੱਲੀ ਤੋਂ ਹੀ ਬੰਦਿਆਂ ਨੂੰ ਕਬਜ਼ੇ ਦੇ ਰਹੇ ਹਨ। ਇਹਨਾਂ ਨੇ ਦਿੱਲੀ ਵਾਲਿਆਂ ਨੂੰ ਸਵਾ ਕਰੋੜ ਰੁਪਏ ਦਿੱਤੇ ਹਨ ਤੇ ਹੁਣ ਦਿੱਲੀ ਦਾ ਕਬਜ਼ਾ ਹੋ ਹੀ ਰਿਹਾ ਹੈ ਤੇ ਇਹ ਆਪ ਹੀ ਦਿੱਲੀ ਵਾਲਿਆਂ ਤੋਂ ਕਬਜ਼ਾ ਕਰਵਾ ਰਹੇ ਹਨ। ਰਵਨੀਤ ਬਿੱਟੂ ਨੇ ਕਿਹਾ ਕਿ ਬਾਦਲ ਅਪਣਾ ਕਬਜ਼ਾ ਸ਼੍ਰੋਮਣੀ ਕਮੇਟੀ ਤੋਂ ਨਹੀਂ ਛੱਡਣਾ ਚਾਹੁੰਦੇ ਇਸ ਲਈ ਹੁਣ ਵੀ ਇਕ ਪਰਿਵਾਰ ਤੋਂ ਹਟਾ ਕੇ ਅਪਣੇ ਹੀ ਦੂਜੇ ਪਰਿਵਾਰ ਨੂੰ ਗੁਰਬਾਣੀ ਪ੍ਰਸਾਰਣ ਦੇ ਪ੍ਰਬੰਧ ਦੇ ਦਿੱਤੇ ਗਏ ਹਨ।