ਕੈਪਟਨ-ਬਾਜਵਾ ਲੜਾਈ ਠੰਢੇ ਬਸਤੇ ’ਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਾਂਗਰਸ ਹਾਈ ਕਮਾਂਡ ਦਾ ਇਸ਼ਾਰਾ

Captain amarinder singh and partap Bajwa

ਚੰਡੀਗੜ੍ਹ, 13 ਅਗੱਸਤ (ਜੀ.ਸੀ. ਭਾਰਦਵਾਜ): ਗੁਆਂਢੀ ਸੂਬੇ ਰਾਜਸਥਾਨ ਵਿਚ ਕਾਂਗਰਸੀ ਧੁਨੰਦਰ ਗਹਿਲੋਤ ਅਤੇ ਨੌਜਵਾਨ ਸਚਿਨ ਪਾਇਲਟ ਗੁੱਟਾਂ ਵਿਚ ਹਾਈ ਕਮਾਂਡ ਵਲੋਂ ਲਿਆਂਦੀ ਸ਼ਾਂਤੀ ਅਤੇ ਰਫਾ ਦਫਾ ਕੀਤੇ ਮਾਮਲੇ ਉਪਰੰਤ ਪੰਜਾਬ ਵਿਚ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕੰਮ ਕਰਨ ਦੇ ਢੰਗ ਵਿਰੁਧ, 2 ਰਾਜ ਸਭਾ ਮੈਂਬਰਾਂ ਮਾਝੇ ਦੇ ਜੱਟ ਪ੍ਰਤਾਪ ਬਾਜਵਾ ਤੇ ਦਲਿਤ ਆਗੂ ਸ਼ਮਸ਼ੇਰ ਸਿੰਘ ਦੂਲੋ ਵਲੋਂ ਕਢਿਆ ਗੁੱਸਾ ਤੇ ਹਉਮੇ ਦੀ ਲੜਾਈ ਫ਼ਿਲਹਾਲ ਠੰਢੇ ਬਸਤੇ ਵਿਚ ਪਾ ਦਿਤੀ ਲਗਦੀ ਹੈ।

ਬਾਜਵਾ ਤੇ ਦੂਲੋ ਆਪੋ ਅਪਣੇ ਸਮੇਂ ਬਤੌਰ ਕਾਂਗਰਸ ਪ੍ਰਧਾਨ ਕੈਪਟਨ ਵਿਰੁਧ ਉਦੋਂ ਵੀ ਭੜਾਸ ਕਢਦੇ ਰਹਿੰਦੇ ਸਨ ਪਰ ਐਤਕੀ ਦਾ ਉਬਾਲ ਡੇਢ ਸਾਲ ਬਾਅਦ ਹੋਣ ਵਾਲੀਆਂ ਅਸੈਂਬਲੀ ਚੋਣਾਂ ਵਿਚ ਕਾਂਗਰਸ ਦੀ ਦੁਬਾਰਾ ਸੱਤਾ ਵਿਚ ਆਉਣ ਦੀ ਆਸ ਨੂੰ ਲੈ ਕੇ ਹੈ ਕਿਉਂਕਿ ਮੌਜੂਦਾ ਹਾਲਤ ਇਹ ਹੈ ਕਿ ਦੋ ਤਿਹਾਈ ਬਹੁਮਤ ਵਾਲੀ ਕੈਪਟਨ ਸਰਕਾਰ ਦਾ ਵਿਰੋਧੀ ਧਿਰਾਂ ਅਕਾਲੀ-ਬੀਜੇਪੀ ਅਤੇ ‘ਆਪ’ ਦੇ ਮੁਕਾਬਲੇ ਹੱਥ ਉਪਰ ਹੈ।

ਰੋਜ਼ਾਨਾ ਸਪੋਕਸਮੈਨ ਵਲੋਂ ਬਾਜਵਾ, ਦੂਲੋ, ਆਸ਼ਾ ਕੁਮਾਰੀ, ਕਾਂਗਰਸ ਪ੍ਰਧਾਨ ਸੁਨੀਲ ਜਾਖੜ ਸਮੇਤ ਹੋਰ ਕਾਂਗਰਸੀ ਨੌਜਵਾਨ ਤੇ ਤਜਰਬੇਕਾਰ ਨੇਤਾਵਾਂ ਨਾਲ ਕੀਤੀ ਗੱਲਬਾਤ ਮਗਰੋਂ ਇਹ ਸਿੱਟਾ ਨਿਕਲਦਾ ਲਗਦਾ ਹੈ ਕਿ ਕਾਂਗਰਸ ਹਾਈ ਕਮਾਂਡ ਅਜੇ ਆਪੂੰ ਵੀ ਸੋਨੀਆ ਰਾਹੁਲ ਦੀ ਪ੍ਰਧਾਨਗੀ ਅਹੁਦੇ ਦੀ ਕਸ਼ਮਕਸ਼ ਵਿਚ ਫਸੀ ਹੋਣ ਕਰ ਕੇ ਇਹੀ ਇਸ਼ਾਰਾ ਦੇ ਰਹੀ ਹੈ ਕਿ ਮਾਮਲਾ ਠੰਢਾ ਹੋ ਗਿਆ ਹੈ ਆਪੇ ਹੀ ਸੁਲਝ ਜਾਵੇਗਾ।

ਦੋ ਦਿਨ ਦਿੱਲੀ ਵਿਚ ਰਹਿਣ ਉਪਰੰਤ ਬੀਤੇ ਦਿਨ ਚੰਡੀਗੜ੍ਹ ਵਾਪਸ ਪਹੁੰਚੇ, ਸੁਨੀਲ ਜਾਖੜ ਦਾ ਕਹਿਣਾ ਹੈ ਕਿ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਰਾਹੀਂ ਸਾਰੀ ਰੀਪੋਰਟ ਬਾਜਵਾ ਦੂਲੋ ਜੋੜੀ ਦੀ ਭੇਜੀ ਹੋਈ ਹੈ। ਇਨ੍ਹਾਂ ਨੂੰ ਪਾਰਟੀ ਵਿਚੋਂ ਕੱਢਣ ਦੀ ਸਿਫ਼ਾਰਸ਼ ਵੀ ਕੀਤੀ ਜਾ ਚੁਕੀ ਹੈ, ਅੱਗੇ ਐਕਸ਼ਨ ਤਾਂ ਹਾਈ ਕਮਾਂਡ ਨੇ ਲੈਣਾ ਹੈ। ਜਾਖੜ ਨੇ ਇਹ ਵੀ ਦਸਿਆ ਕਿ ਹਾਈ ਕਮਾਂਡ ਨੇ ਤਾਂ 21 ਜੂਲ ਨੂੰ ਭੇਜੀ ਪੰਜਾਬ ਦੇ ਪਾਰਟੀ ਅਹੁਦੇਦਾਰਾਂ ਯਾਨੀ ਉਪ ਪ੍ਰਧਾਨਾਂ, ਜਨਰਲ ਸਕੱਤਰਾਂ ਦੇ ਨਾਵਾਂ ਦੀ ਪ੍ਰਸਤਾਵ ਲਿਸਟ ਨੂੰ ਵੀ ਅਜੇ ਤਕ ਪ੍ਰਵਾਨਗੀ ਨਹੀਂ ਦਿਤੀ ਉਤੋਂ 120 ਤੋਂ ਵੱਧ ਮਿਉਂਸਪਲ ਕਮੇਟੀਆਂ ਦੀਆਂ ਚੋਣਾਂ ਸਿਰ ’ਤੇ ਹਨ।

ਦੋ ਵਾਰ ਕਾਂਗਰਸ ਪ੍ਰਧਾਨ ਅਤੇ 2 ਵਾਰ ਮੁੱਖ ਮੰਤਰੀ ਰਹੇ, 79 ਸਾਲਾ, ਹੰਢੇ ਹੋਏ ਤਜਰਬੇਕਾਰ, ਪਟਿਆਲਾ ਮਹਾਰਾਜਾ, ਭਾਵੇਂ 14 ਸਾਲ, 1984-1998 ਦੌਰਾਨ ਅਕਾਲੀ ਦਲ ਦੇ ਗੁੱਟਾਂ ਨਾਲ ਜੁੜੇ ਰਹੇ ਪਰ ਅੱਜ ਵੀ ਕਾਂਗਰਸ ਵਿਚ ਨੈਸ਼ਨਲ ਪੱਧਰ ਦੇ ਅਤੇ ਪੰਜਾਬ ਵਿਚ ਕ੍ਰਿਸ਼ਮਈ ਹਰਮਨ ਪਿਆਰੇ ਨੇਤਾ ਹਨ ਅਤੇ 2022 ਚੋਣਾਂ ਲਈ ਵੀ ਅਗਵਾਈ ਕਰਨ ਦੀ ਫੁੰਕਾਰ ਮਾਰਦੇ ਹਨ ਜਦੋਂ ਕਿ ਬਾਜਵਾ 64 ਸਾਲ ਦੀਉਮਰ ਵਿਚ ਪਿਛਲੇ 21 ਸਾਲਾਂ ਤੋਂ ਕੈਪਟਨ ਨਾਲ ਕਦੇ ਦੋਸਤੀ, ਕਦੇ ਖਹਿਬਾਜ਼ੀ ਦੀ ਲੁਕਣ ਮੀਟੀ ਖੇਡ ਖੇਡਦੇ ਆਏ ਹਨ ਅਤੇ ਉਹ ਵੀ ਹੁਣ ਬਤੌਰ ਸਿੱਖ ਨੇਤਾ, ਕਾਂਗਰਸ ਨੂੰ ਜਿੱਤ ਵਾਸਤੇ ਲੀਡ ਦੇਣ ਦੀ ਸੋਚ ਹੀ ਨਹੀਂ ਰਹੇ ਬਲਕਿ ਵਿਧਾਇਕਾਂ ਤੇ ਹੋਰ ਨੇਤਾਵਾਂ ਨੂੰ ਨਾਲ ਜੋੜ ਰਹੇ ਹਨ।

ਇਸ ਹਉਮੈ ਅਤੇ ਮੁੱਖ ਮੰਤਰੀ ਦੇ ਅਹੁਦੇ ਵਾਸਤੇ ਲੜਾਈ ਅਤੇ ਲੀਡਰਸ਼ਿਪ ਦੇ ਸੰਘਰਸ਼ ਦੌਰਾਨ ਜਾਖੜ ਜੋ ਕਈ ਵਾਰ ਕਹਿ ਚੁਕੇ ਹਨ ਕਿ ਦੋਆਬਾ ਤੇ ਮਾਝਾ ਦੇ ਕਾਂਗਰਸੀ ਨੇਤਾ ਉਨ੍ਹਾਂ ਨੂੰ ਬਾਗੜੀਆ ਯਾਨੀ ਪੰਜਾਬ ਤੋਂ ਬਾਹਰਲੇ ਇਲਾਕੇ ਬਾਂਗਰ ਦਾ ਸਮਝਦੇ ਹਨ ਅਤੇ ਮੁੱਖ ਮੰਤਰੀ ਦੇ ਅਹੁਦੇ ਉਪਰ ਤਾਂ ਕੀ ਪਾਰਟੀ ਪ੍ਰਧਾਨ ਦੇਖਣਾ ਵੀ ਪਸੰਦ ਨਹੀਂ ਕਰਦੇ। ਇਹ ਪੜ੍ਹੇ ਲਿਖੇ, ਸਾਊ ਨੇਤਾ, ਗੁਰਦਾਸਪੁਰ ਦੀ ਲੋਕ ਸਭਾ ਸੀਟ ਹਾਰਨ ਉਪਰੰਤ ਪਿਛਲੇ ਇਕ ਸਾਲ ਤੋਂ ਪੂਰੇ ਜੋਸ਼ ਵਿਚ ਨਹੀਂ ਹਨ। ਜਾਖੜ ਚਾਹੁੰਦੇ ਹਨ ਕਿ ਬਤੌਰ ਕਾਂਗਰਸ ਪ੍ਰਧਾਨ 2022 ਵਿਚ ਪਾਰਟੀ ਨੂੰ ਫਿਰ ਇਕ ਵਾਰ ਜਿੱਤ ਦੁਆਉਣ, ਮਗਰੋਂ ਗੁਰਦਾਸਪੁਰ ਸੀਟ ਤੋਂ ਲੋਕ ਸਭਾ ਵਿਚ ਪਹੁੰਚ ਕੇ ਕਾਂਗਰਸ ਦੇ ਨੈਸ਼ਨਲ ਪੱਧਰ ਦੇ ਨੇਤਾ ਬਣਨ ਜਿਵੇਂ 1975 ਤੋਂ ਬਾਅਦ ਉਨ੍ਹਾਂ ਦੇ ਪਿਤਾ ਬਲਰਾਮ ਜਾਖੜ ਨੂੰ ਇੰਦਰਾ ਗਾਂਧੀ ਦੀ ਸਰਪ੍ਰਸਤੀ ਮਿਲਣ ਕਰ ਕੇ ਉਹ ਸਪੀਕਰ ਤੇ ਫਿਰ ਕੇਂਦਰੀ ਮੰਤਰੀ ਬਣੇ ਸਨ। 

ਪ੍ਰਤਾਪ ਬਾਜਵਾ ਨੂੰ ਅੰਦਰੋਂ ਡਰ ਇਹੀ ਖਾਈ ਜਾ ਰਿਹਾ ਹੈ ਕਿ ਜੇ 2022 ਵਿਚ ਚੋਣਾਂ ਦੌਰਾਨ ਉਸ ਨੂੰ ਕਮਾਨ ਨਾ ਮਿਲੀ ਤਾਂ ਗੁਰਦਾਸਪੁਰ ਲੋਕ ਸਭਾ ਜਾਂ ਵਿਧਾਨ ਸਭਾ ਸੀਟ ’ਤੇ ਵੀ ਦਾਅ ਨਹੀਂ ਲੱਗੇਗਾ ਅਤੇ ਦੁਬਾਰਾ ਰਾਜ ਸਭਾ ਦੀ ਨੁਮਾਇੰਦਗੀ ਵੀ ਹੱਥ ਨਹੀਂ ਆਵੇਗੀ, ਸਿਆਸੀ ਭਵਿੱਖ ਖ਼ਤਰੇ ਵਿਚ ਆ ਜਾਵੇਗਾ। ਇਸ ਨੂੰ ਦੇਖਦੇ ਹੋਏ ਉਹ ਬੀਜੇਪੀ ਨਾਲ ਵੀ ਸਾਂਠ ਗਾਂਠ ਕਰ ਸਕਦਾ ਹੈ ਕਿਉਂਕਿ ਇਸ ਭਗਵਾਂ ਪਾਰਟੀ ਨੂੰ ਪੰਜਾਬ ਵਿਚ ਮਜ਼ਬੂਤ ਸਿੱਖ ਨੇਤਾ ਦੀ ਲੋੜ ਹੈ। ਪੰਜਾਬ ਵਿਚ ਭਾਵੇਂ ਇਸ ਬੋਲ ਕੁਬੋਲ ਵਾਲੀ ਹਾਲਤ ਵਿਚ ਕਾਂਗਰਸ ਸਰਕਾਰ ਤੇ ਪਾਰਟੀ ਦੇ ਅਕਸ ਨੂੰ ਢਾਹ ਜ਼ਰੂਰ ਲੱਗੀ ਹੈ ਪਰ ਦਲਿਤ ਨੇਤਾਵਾਂ ਦੂਲੋ, ਚੰਨੀ, ਵੇਰਕਾ ਵਰਗਿਆਂ ਨੂੰ ਹੌਂਸਲਾ ਜ਼ਰੂਰ ਹੋਇਆ ਹੈ ਕਿ ਜੱਟ ਨੇਤਾਵਾਂ ਦੀ ਲੜਾਈ ਵਿਚ ਚੋਣ ਪਿੜ ਉਨ੍ਹਾਂ ਦੀਆਂ ਵੋਟਾਂ ਨੂੰ ਮਜ਼ਬੂਤ ਕਰੇਗਾ।