ਸਾਵਧਾਨ! ਸਮਾਰਟਫ਼ੋਨ ਦਾ ਲਾਰਾ ਲਾ ਕੇ ਵਾਇਰਲ ਕੀਤਾ ਜਾ ਰਿਹਾ ਏ ਲਿੰਕ, ਸਿੱਖਿਆ ਮੰਤਰੀ ਨੇ ਕੀਤਾ ਸੁਚੇਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿੱਖਿਆ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਅਜਿਹੀ ਕੋਈ ਵੈੱਬਸਾਈਟ ਜਾਂ ਸੋਸ਼ਲ ਮੀਡੀਆ ਪਲੇਟਫ਼ਾਰਮ ਦੀ ਸ਼ੁਰੂਆਤ ਨਹੀਂ ਕੀਤੀ,

Education Minister alerts people not to fall prey to online fraudsters promising free smartphones

ਚੰਡੀਗੜ੍ਹ, 14 ਅਗਸਤ: ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਅੱਜ ਲੋਕਾਂ ਨੂੰ ਸੁਚੇਤ ਕੀਤਾ ਹੈ ਕਿ ਉਹ ‘ਪੰਜਾਬ ਸਮਾਰਟ ਕੁਨੈਕਟ ਸਕੀਮ’ ਅਧੀਨ ਮੁਫ਼ਤ ਵਿਚ ਸਮਾਰਟ ਫ਼ੋਨ ਦੇਣ ਦਾ ਲਾਰਾ ਲਾਉਣ ਵਾਲੇ ਆਨਲਾਈਨ ਧੋਖੇਬਾਜ਼ਾਂ ਦੇ ਝਾਂਸੇ ਵਿਚ ਨਾ ਆਉਣ। ਵਟਸਐਪ ਅਤੇ ਹੋਰ ਸੋਸ਼ਲ ਮੀਡੀਆ ਪਲੇਟਫ਼ਾਰਮਾਂ ‘ਤੇ ਆ ਰਹੇ ਫ਼ਰਜ਼ੀ ਸੰਦੇਸ਼ ਦਾ ਗੰਭੀਰ ਨੋਟਿਸ ਲੈਂਦਿਆਂ ਸਿੰਗਲਾ ਨੇ ਕਿਹਾ ਕਿ ‘ਪੰਜਾਬ ਸਮਾਰਟ ਕੁਨੈਕਟ ਸਕੀਮ’ ਸਿਰਫ਼ ਸਰਕਾਰੀ ਸਕੂਲਾਂ ਦੇ 12ਵੀਂ ਜਮਾਤ ਦੇ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਲਈ ਹੈ ਅਤੇ ਉਨ੍ਹਾਂ ਨੂੰ ਸਰਕਾਰੀ ਸਕੂਲਾਂ ਵਿਚ ਦਾਖ਼ਲੇ ਦੇ ਆਧਾਰ ‘ਤੇ ਮੁਫ਼ਤ ਵਿਚ ਸਮਾਰਟ ਫ਼ੋਨ ਮੁਹੱਈਆ ਕਰਵਾਏ ਜਾ ਰਹੇ ਹਨ।

ਇਸ ਲਈ ਹੋਰ ਲੋਕਾਂ ਨੂੰ ਅਜਿਹੀ ਸਕੀਮ ਦੇ ਘੇਰੇ ਵਿਚ ਲਿਆਉਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਸਿੱਖਿਆ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਅਜਿਹੀ ਕੋਈ ਵੈੱਬਸਾਈਟ ਜਾਂ ਸੋਸ਼ਲ ਮੀਡੀਆ ਪਲੇਟਫ਼ਾਰਮ ਦੀ ਸ਼ੁਰੂਆਤ ਨਹੀਂ ਕੀਤੀ, ਜਿਸ ‘ਤੇ ਸਮਾਰਟ ਫ਼ੋਨਾਂ ਲਈ ਰਜਿਸਟ੍ਰੇਸ਼ਨ ਹੋ ਰਹੀ ਹੋਵੇ। ਉਨ੍ਹਾਂ ਆਨਲਾਈਨ ਧੋਖੇਬਾਜ਼ਾਂ ਨੂੰ ਸਾਈਬਰ ਕ੍ਰਾਈਮ ਰੋਕਥਾਮ ਕਾਨੂੰਨਾਂ ਅਧੀਨ ਗੰਭੀਰ ਸਿੱਟੇ ਭੁਗਤਣ ਦੀ ਚਿਤਾਵਨੀ ਦਿੱਤੀ ਹੈ।

ਉਨ੍ਹਾਂ ਲੋਕਾਂ ਨੂੰ ਕਿਹਾ ਕਿ ਮੋਬਾਈਲ ਸੰਦੇਸ਼ ਜਾਂ ਵਟਸਐਪ ਰਾਹੀਂ ਫੈਲਾਏ ਜਾ ਰਹੇ ਅਜਿਹੇ ਸੰਦੇਸ਼ਾਂ ਅਤੇ ਯੂ.ਆਰ.ਐਲ. ਲਿੰਕ ‘ਤੇ ਕਲਿੱਕ ਨਾ ਕਰਨ, ਜਿੱਥੇ ਸਰਕਾਰ ਵੱਲੋਂ ਮੁਫ਼ਤ ਸਮਾਰਟ ਫ਼ੋਨ ਦੇਣ ਲਈ ਰਜਿਸਟ੍ਰੇਸ਼ਨ ਕਰਨ ਵਾਸਤੇ ਕਿਹਾ ਗਿਆ ਹੋਵੇ। ਵਿਜੇ ਇੰਦਰ ਸਿੰਗਲਾ ਨੇ ਸੁਚੇਤ ਕੀਤਾ ਕਿ ਅਜਿਹੇ ਧੋਖਾਧੜੀ ਵਾਲੇ ਸੁਨੇਹੇ ‘ਤੇ ਕਲਿੱਕ ਕਰਨ ਨਾਲ ਤੁਹਾਡੇ ਮੋਬਾਈਲ ਦਾ ਕੰਟਰੋਲ ਸਾਈਬਰ ਅਪਰਾਧੀਆਂ ਦੇ ਹੱਥ ਵਿਚ ਜਾਣ ਦੀ ਸੰਭਾਵਨਾ ਹੈ।

ਉਨ੍ਹਾਂ ਦੱਸਿਆ ਕਿ ਸੋਸ਼ਲ ਮੀਡੀਆ ਉਤੇ ਘੁੰਮ ਰਹੇ ਗ੍ਰਾਫ਼ਿਕਸ ਵਿਚ ਪੰਜਾਬ ਦੇ ਮੁੱਖ ਮੰਤਰੀ ਦੀ ਤਸਵੀਰ ਅਤੇ ‘ਕੈਪਟਨ ਸਮਾਰਟ ਫ਼ੋਨ ਡਿਸਟ੍ਰੀਬਿਊਸ਼ਨ ਸਕੀਮ 2020’ ਸਿਰਲੇਖ ਹੇਠ ਰਜਿਸਟ੍ਰੇਸ਼ਨ ਲਈ ਪ੍ਰੋਫ਼ਾਰਮਾ ਦਿੱਤਾ ਗਿਆ ਹੈ, ਜਿਸ ਤੋਂ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਸਿੱਖਿਆ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਸੰਦੇਸ਼ਾਂ, ਯੂ.ਆਰ.ਐਲ. ਲਿੰਕ ਤੋਂ ਪੂਰੀ ਤਰ੍ਹਾਂ ਸੁਚੇਤ ਰਹਿਣ ਅਤੇ ਜੇ ਕਿਸੇ ਕੋਲ ਅਜਿਹਾ ਸੰਦੇਸ਼ ਆਉਂਦਾ ਵੀ ਹੈ ਤਾਂ ਇਸ ਨੂੰ ਅੱਗੇ ਹੋਰਾਂ ਨੂੰ ਨਾ ਭੇਜਿਆ ਜਾਵੇ, ਸਗੋਂ ਤੁਰੰਤ ਡਿਲੀਟ ਕਰ ਦਿੱਤਾ ਜਾਵੇ।