ਪੰਜਾਬ ਵਿਚ ਕੋਰੋਨਾ ਨੇ 24 ਘੰਟੇ ਵਿਚ ਲਈਆਂ 37 ਹੋਰ ਜਾਨਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਫ਼ਿਰੋਜ਼ਪੁਰ ਰੇਂਜ ਦੇ ਆਈ.ਜੀ. ਤੇ ਪਟਿਆਲਾ ਦੇ ਐਸ.ਐਸ.ਪੀ. ਦੀ ਰੀਪੋਰਟ ਪਾਜ਼ੇਟਿਵ ਆਈ

Corona

ਚੰਡੀਗੜ੍ਹ, 13 ਅਗੱਸਤ (ਗੁਰਉਪਦੇਸ਼ ਭੁੱਲਰ): ਪੰਜਾਬ ਵਿਚ ਕੋਰੋਨਾ ਦੇ ਕਹਿਰ ਵਿਚ ਕੋਈ ਕਮੀ ਹੁੰਦੀ ਦਿਖਾਈ ਨਹੀਂ ਦੇ ਰਹੀ। ਬੀਤੇ 24 ਘੰਟੇ ਦੌਰਾਨ 37 ਹੋਰ ਮੌਤਾਂ ਹੋਈਆਂ ਹਨ। ਪਿਛਲੇ ਕਈ ਦਿਨਾਂ ਤੋਂ ਇਕੋ ਹੀ ਦਿਨ ਵਿਚ 1000 ਤੋਂ ਵੱਧ ਪਾਜ਼ੇਟਿਵ ਕੇਸ ਆਉਣ ਦਾ ਅੰਕੜਾ ਵੀ ਬਰਕਰਾਰ ਹੈ। ਅੱਜ ਵੀ 1035 ਨਵੇਂ ਮਾਮਲੇ ਆਏ ਹਨ। ਜਿਥੇ ਹੁਣ ਕੁਲ ਮੌਤਾਂ ਦੀ ਗਿਣਤੀ ਦਾ ਅੰਕੜਾ 700 ਤੋਂ ਪਾਰ ਹੋ ਗਿਆ ਹੈ, ਉਥੇ ਕੁਲ ਪਾਜ਼ੇਟਿਵ ਮਾਮਲੇ 28000 ਤੋਂ ਪਾਰ ਹੋ ਗਏ ਹਨ। ਕੁਲ ਮੌਤਾਂ ਦੀ ਗਿਣਤੀ 706 ਹੈ। ਲੁਧਿਆਣਾ ਵਿਚ ਇਸ ਸਮੇਂ ਮੌਤਾਂ ਤੇ ਪਾਜ਼ੇਟਿਵ ਕੇਸਾਂ ਦਾ ਅੰਕੜਾ ਸੱਭ ਤੋਂ ਉਪਰ ਹੈ।

ਇਥੇ ਅੱਜ ਵੀ 13 ਮੌਤਾਂ ਹੋਈਆਂ ਹਨ। 250 ਨਵੇਂ ਪਾਜ਼ੇਟਿਵ ਮਾਮਲਾ ਆਏ ਹਨ। ਇਸ ਤੋਂ ਬਾਅਦ ਜਲੰਧਰ ਵਿਚ 176 ਤੇ ਪਟਿਆਲਾ ਵਿਚ 140 ਹੋਰ ਪਾਜ਼ੇਟਿਵ ਮਾਮਲੇ ਆਏ ਹਨ। ਅੱਜ ਸੰਗਰੂਰ ਵਿਚ ਵੀ 3 ਮੌਤਾਂ ਹੋਈਆਂ ਤੇ 3 ਮੌਤਾਂ ਦੀ ਹੀ ਸ਼ਾਮ ਤਕ ਮੋਹਾਲੀ ਤੋਂ ਖ਼ਬਰ ਹੈ। ਬਠਿੰਡਾ ਵਿਚ ਵੀ ਅੱਜ 79 ਤੇ ਫ਼ਿਰੋਜ਼ਪੁਰ ਵਿਚ 66 ਪਾਜ਼ੇਟਿਵ ਮਾਮਲੇ ਆਏ ਹਨ। 17839 ਮਰੀਜ਼ ਠੀਕ ਵੀ ਹੋਏ ਹਨ। ਫ਼ਿਰੋਜ਼ਪੁਰ ਰੇਂਜ ਦੇ ਆਈ.ਜੀ. ਹਰਦਿਆਲ ਸਿੰਘ ਮਾਨ ਅਤੇ ਪਟਿਆਲਾ ਦੇ ਐਸ.ਐਸ.ਪੀ. ਬਿਕਰਮਜੀਤ ਸਿੰਘ ਦੁੱਗਲ ਦੀ ਰੀਪੋਰਟ ਵੀ ਪਾਜ਼ੇਟਿਵ ਆਈ ਹੈ।