ਜ਼ਹਿਰੀਲੀ ਸ਼ਰਾਬ ਮਾਮਲੇ 'ਚ ਅਕਾਲੀਆਂ ਦਾ ਸਰਕਾਰ 'ਤੇ ਹੱਲਾ ਬੋਲ, ਸ਼ਰਾਬ ਮਾਫ਼ੀਏ ਨਾਲ ਗੰਡਤੁਪ ਦੇ ਦੋਸ਼!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਿਧਾਇਕ ਸੁਖਪਾਲ ਭੁੱਲਰ ਦੀ ਰਿਹਾਇਸ ਦਾ ਕੀਤਾ ਘਿਰਾਓ

Protest

ਤਰਨ ਤਾਰਨ : ਜ਼ਹਿਰੀਲੀ ਸ਼ਰਾਬ ਮਾਮਲੇ 'ਚ ਅਕਾਲੀਆਂ ਦੇ ਸਰਕਾਰ 'ਤੇ ਹਮਲੇ ਜਾਰੀ ਹਨ। ਇਸੇ ਤਹਿਤ ਅੱਜ ਹਲਕਾ ਖੇਮਕਰਨ ਦੇ ਅਕਾਲੀ ਵਰਕਰਾਂ ਨੇ ਵੀ ਕਾਂਗਰਸੀ ਵਿਧਾਇਕ ਸੁਖਪਾਲ ਭੁੱਲਰ ਦੀ ਰਿਹਾਇਸ਼ ਦਾ ਘਿਰਾਓ ਕੀਤਾ। ਇਸ ਦੌਰਾਨ ਹਜ਼ਾਰਾਂ ਦੀ ਗਿਣਤੀ 'ਚ ਇਕੱਠੇ ਹੋਏ ਅਕਾਲੀ ਵਰਕਰਾਂ ਨੇ ਸੁਖਪਾਲ ਭੁੱਲਰ ਤੇ ਐਸਐਸਪੀ ਧਰੁਵ ਦਹੀਆ ਦਾ ਪੁਤਲਾ ਵੀ ਫੂਕਿਆ।

ਇਸ ਮੌਕੇ ਅਕਾਲੀ ਆਗੂਆਂ ਨੇ ਸਰਕਾਰ 'ਤੇ ਸ਼ਰਾਬ ਮਾਫ਼ੀਆ ਨਾਲ ਮਿਲੀਭੁਗਤ ਦੇ ਦੋਸ਼ ਲਾਉਂਦਿਆਂ ਕਿਹਾ ਕਿ ਹਲਕਾ ਖੇਮਕਰਨ ਦੇ ਮੌਜੂਦਾ ਵਿਧਾਇਕ ਸੁਖਪਾਲ ਭੁੱਲਰ ਦੀ ਪਿੰਡ ਮਹਿਮੂਦਪੁਰਾ ਵਿਚ ਕਾਂਗਰਸੀ ਆਗੂ ਸੁਖਵੰਤ ਸਿੰਘ ਉਰਫ਼ ਸੁੱਖ ਮਹਿਮੂਦਪੁਰਾ ਦੇ ਘਰ ਸ਼ਰਾਬ ਦੀ ਨਾਜਾਇਜ਼ ਮਿੰਨੀ ਡਿਸਟਿਲਰੀ ਚਲ ਰਹੀ ਸੀ। ਪਿਛਲੇ ਲੰਮੇ ਸਮੇਂ ਤੋਂ ਚੱਲ ਰਹੀ ਇਸ ਡਿਸਟਿਲਰੀ 'ਚ ਰੋਜ਼ਾਨਾ ਹਜ਼ਾਰਾਂ ਬੋਤਲਾਂ ਨਾਜਾਇਜ਼ ਸ਼ਰਾਬ ਤਿਆਰ ਹੁੰਦੀ ਸੀ ਜੋ ਬਾਅਦ 'ਚ ਵੱਖ ਵੱਖ ਥਾਵਾਂ 'ਤੇ ਸਪਲਾਈ ਕੀਤੀ ਜਾਂਦੀ ਸੀ।

ਇਸ ਨਾਜਾਇਜ਼ ਡਿਸਟਿਲਰੀ ਦੇ ਪਿੱਛੇ ਕਾਂਗਰਸੀ ਵਿਧਾਇਕ ਦਾ ਹੱਥ ਹੋਣ ਦੇ ਦੋਸ਼ ਲਾਉਂਦਿਆਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਲੋਕਾਂ ਵਲੋਂ ਕਈ ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ। ਇਸ ਸਬੰਧੀ ਉਸ ਸਮੇਂ ਦੇ ਐਸਐਸਪੀ ਧਰੁਵ ਦਹੀਆ ਨੂੰ ਵੀ ਸੂਚਿਤ ਕੀਤਾ ਗਿਆ। ਲੋਕਾਂ ਨੇ ਦਰਖ਼ਾਸਤਾਂ ਲਿਖ ਕੇ ਵੈਟਸਐਪ ਜ਼ਰੀਏ ਵੀ ਐਸਐਸਪੀ ਵੱਲ ਭੇਜੀਆਂ ਪਰ ਕੋਈ ਕਦਮ ਨਹੀਂ ਚੁਕਿਆ ਗਿਆ।

ਧਰਨੇ ਦੌਰਾਨ ਦੋਸ਼ ਲਾਇਆ ਕਿ ਇਸ ਨਾਜਾਇਜ਼ ਡਿਸਟਿਲਰੀ 'ਤੇ ਉਦੋਂ ਤਕ ਕੋਈ ਕਾਰਵਾਈ ਨਹੀਂ ਹੋਈ, ਜਦੋਂ ਤਕ ਜ਼ਹਿਰੀਲੀ ਸ਼ਰਾਬ ਨਾਲ ਸੈਂਕੜੇ ਲੋਕ ਮੌਤ ਦੇ ਮੂੰਹ 'ਚ ਨਹੀਂ ਜਾ ਪਏ। ਧਰਨੇ ਦੌਰਾਨ ਹਾਦਸੇ ਲਈ ਜ਼ਿੰਮੇਵਾਰ ਜ਼ਹਿਰੀਲੀ ਸ਼ਰਾਬ ਦੇ ਇਸੇ ਡਿਸਟਿਲਰੀ 'ਚੋਂ ਸਪਲਾਈ ਹੋਣ ਦੇ ਦੋਸ਼ ਲਾਉਂਦਿਆਂ ਅਕਾਲੀ ਆਗੂਆਂ ਨੇ ਇਸ ਮਾਮਲੇ ਦੀ ਸੀਬੀਆਈ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ।

ਅਕਾਲੀ ਆਗੂਆਂ ਮੁਤਾਬਕ ਉਨ੍ਹਾਂ ਨੇ ਅੱਜ ਦਾ ਧਰਨਾ ਵਿਧਾਇਕ ਸੁਖਪਾਲ ਭੁੱਲਰ ਅਤੇ ਐਸਐਸਪੀ ਧਰੁਵ ਦਹੀਆ ਖਿਲਾਫ਼ ਬਣਦੀ ਕਾਰਵਾਈ ਨੂੰ ਲੈ ਕੇ ਲਾਇਆ ਹੈ। ਇਸੇ ਤਹਿਤ ਹਲਕਾ ਖੇਮਕਰਨ ਦੇ ਵੱਡੀ ਗਿਣਤੀ ਅਕਾਲੀ ਵਰਕਰਾਂ ਨੇ ਕਾਂਗਰਸੀ ਵਿਧਾਇਕ ਸੁਖਪਾਲ ਭੁੱਲਰ ਦੀ ਰਿਹਾਇਸ਼ ਦਾ ਘਿਰਾਓ ਕੀਤਾ ਗਿਆ ਹੈ। ਇਸ ਮੌਕੇ ਵਿਧਾਇਕ ਸੁਖਪਾਲ ਭੁੱਲਰ ਅਤੇ ਸਾਬਕਾ ਐਸਐਸਪੀ ਧਰੁਵ ਦਹੀਆ ਦਾ ਪੁਤਲਾ ਵੀ ਫੂਕਿਆ ਗਿਆ।