ਪੰਜਾਬੀ ਯੂਨੀਵਰਸਟੀ ਸਮੇਤ ਸਾਜ਼ਸ਼ ਦਾ ਸ਼ਿਕਾਰ ਹੋ ਰਹੇ ਪੰਜਾਬ ਦੇ ਸਰਕਾਰੀ ਸਿਖਿਆ ਸੰਸਥਾਨ : ਹਰਪਾਲ ਚੀਮਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਿੱਤੀ ਸੰਕਟ ਦਾ ਸ਼ਿਕਾਰ ਪੰਜਾਬੀ ਯੂਨੀਵਰਸਟੀ ਦੇ ਧਰਨਿਆਂ ’ਚ ਪੁੱਜੇ ਵਿਰੋਧੀ ਧਿਰ ਦੇ ਨੇਤਾ

Harpal Singh Cheema

ਪਟਿਆਲਾ, 13 ਅਗੱਸਤ (ਤੇਜਿੰਦਰ ਫ਼ਤਿਹਪੁਰ) : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਦੋਸ਼ ਲਗਾਇਆ ਹੈ ਕਿ ਪ੍ਰਾਈਵੇਟ ਸਿਖਿਆ ਮਾਫ਼ੀਆ ਨਾਲ ਮਿਲ ਕੇ ਸਮੇਂ-ਸਮੇਂ ਸੂਬਾ ਸਰਕਾਰਾਂ (ਕੈਪਟਨ-ਬਾਦਲ) ਵਲੋਂ ਪੰਜਾਬੀ ਯੂਨੀਵਰਸਟੀ ਪਟਿਆਲਾ ਸਮੇਤ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ, ਕਾਲਜਾਂ ਅਤੇ ਯੂਨੀਵਰਸਟੀਆਂ ਨੂੰ ਗਿਣ-ਮਿੱਥ ਕੇ ਬਰਬਾਦ ਕੀਤਾ ਜਾ ਰਿਹਾ ਹੈ।    ਹਰਪਾਲ ਸਿੰਘ ਚੀਮਾ ਵੀਰਵਾਰ ਨੂੰ ‘ਆਪ’ ਆਗੂਆਂ ਨਾਲ ਪੰਜਾਬੀ ਯੂਨੀਵਰਸਟੀ ਦੇ ਪ੍ਰੋਫ਼ੈਸਰਾਂ-ਲੈਕਚਰਾਰਾਂ ਅਤੇ ਕਰਮਚਾਰੀ ਸਟਾਫ਼ ਵਲੋਂ ਲਗਾਏ ਧਰਨਿਆਂ ’ਚ ਸ਼ਿਰਕਤ ਕਰਨ ਮੌਕੇ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ।

ਇਸ ਮੌਕੇ ਉਨ੍ਹਾਂ ਨਾਲ ਪ੍ਰੋ. ਭੀਮ ਇੰਦਰ ਸਿੰਘ, ਨੀਨਾ ਮਿੱਤਲ, ਡਾ. ਬਲਬੀਰ, ਆਰਪੀਐਸ ਮਲਹੋਤਰਾ, ਤੇਜਿੰਦਰ ਮਹਿਤਾ ਅਤੇ ਵਲੰਟੀਅਰ ਮੌਜੂਦ ਸਨ। ਹਰਪਾਲ ਸਿੰਘ ਚੀਮਾ ਨੇ ਪੰਜਾਬ ਅਤੇ ਪੰਜਾਬੀਅਤ ਲਈ ਪੰਜਾਬੀ ਯੂਨੀਵਰਸਟੀ ਦੀ ਬੇਹੱਦ ਮਹੱਤਤਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਜੋ ਸਰਕਾਰ ਮਾਂ-ਬੋਲੀ ਨੂੰ ਸਮਰਪਤ ਅਜਿਹੇ ਅਣਮੁੱਲੇ ਅਦਾਰਿਆਂ ਨੂੰ ਚਲਾ ਨਹੀਂ ਸਕਦੀ ਅਜਿਹੀ ਨਿਕੰਮੀ ਸਰਕਾਰ ਦੀ ਪੰਜਾਬ ਅਤੇ ਪੰਜਾਬੀਆਂ ਨੂੰ ਕੋਈ ਜ਼ਰੂਰਤ ਨਹੀਂ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਸ ਤੋਂ ਸ਼ਰਮਨਾਕ ਹੋਰ ਕੀ ਗੱਲ ਹੋ ਸਕਦੀ ਹੈ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਅਪਣੇ ਜੱਦੀ ਸ਼ਹਿਰ ਪਟਿਆਲਾ ’ਚ ਸਥਿਤ ਪੰਜਾਬੀ ਯੂਨੀਵਰਸਟੀ ਸਰਕਾਰੀ ਬੇਰੁਖ਼ੀ, ਬੇਲੋੜੀ ਸਿਆਸੀ ਦਖ਼ਲ ਅੰਦਾਜ਼ੀ ਅਤੇ ਲੋੜੀਂਦੇ ਫ਼ੰਡਾਂ ਬਗੈਰ ਦਮ ਤੋੜਦੀ ਜਾ ਰਹੀ ਹੈ।