ਅਨੂਰੀਤ ਪਾਲ ਕੌਰ ਦਾ ਨਾਮ ਇੰਡੀਆ ਬੁੱਕ ਆਫ਼ ਰੀਕਾਰਡ ਵਿਚ ਦਰਜ
ਅਨੂਰੀਤ ਪਾਲ ਕੌਰ ਦਾ ਨਾਮ ਇੰਡੀਆ ਬੁੱਕ ਆਫ਼ ਰੀਕਾਰਡ ਵਿਚ ਦਰਜ
ਐਸ.ਏ.ਐਸ ਨਗਰ, 13 ਅਗੱਸਤ (ਸੋਈ/ਝਾਮਪੁਰ) : ਮੁਹਾਲੀ ਦੀ ਵਸਨੀਕ ਅਨੂਰੀਤ ਪਾਲ ਕੌਰ ਨੇ ਸਖ਼ਤ ਮਿਹਨਤ ਸਦਕਾ ਅਪਣਾ ਨਾਮ ਇੰਡੀਆ ਬੁੱਕ ਆਫ਼ ਰੀਕਾਰਡ ਵਿਚ ਦਰਜ ਕਰਵਾਉਣ ਵਿਚ ਕਾਮਯਾਬੀ ਹਾਸਲ ਕੀਤੀ ਹੈ। ਉਸ ਨੇ ਇਹ ਨਾਮ ਪੰਜਾਬੀ ਲੋਕ ਸਾਜ਼ ਅਲਗੋਜ਼ਾ ਵਜਾਉਣ ਵਾਲੀ ਦੁਨੀਆ ਦੀ ਪਹਿਲੀ ਕੁੜੀ ਹੋਣ ਕਰ ਕੇ ਦਰਜ ਕਰਵਾਇਆ ਹੈ। ਅਨੂਰੀਤ ਨੇ ਇਹ ਕਲਾ ਅਪਣੇ ਉਸਤਾਦ ਇੰਟਰਨੈਸ਼ਨਲ ਅਲਗੋਜ਼ਾ ਵਾਦਕ ਕਰਮਜੀਤ ਸਿੰਘ ਬੱਗਾ ਦੀ ਸ਼ਾਗਿਰਦੀ ਵਿਚ ਸਿਖੀ। ਅਨੂਰੀਤ ਨੇ ਇਹ ਕਲਾ 2017 ਵਿਚ ਸਿਖਣੀ ਸ਼ੁਰੂ ਕੀਤੀ।
ਅਨੂ ਨੂੰ ਅਲਗੋਜ਼ੇ ਵਜਾਉਣ ਦੇ ਨਾਲ-ਨਾਲ ਘੋੜਸਵਾਰੀ, ਪੰਜਾਬੀ ਲੋਕ ਨਾਚਾਂ ਤੋਂ ਇਲਾਵਾ ਗਤਕਾ ਵਿਚ ਵੀ ਮੁਹਾਰਤ ਹਾਸਲ ਹੈ। ਅਨੂਰੀਤ ਦੇ ਮਾਤਾ ਸੁਖਬੀਰ ਪਾਲ ਕੌਰ ਤੇ ਪਿਤਾ ਨਰਿੰਦਰ ਨੀਨਾ ਵੀ ਬਹੁਤ ਵਧੀਆ ਕਲਾਕਾਰ ਤੇ ਲੋਕ ਕਲਾਵਾਂ ਦੇ ਗਿਆਤਾ ਹਨ। ਅਨੂਰੀਤ ਨੇ ਗਤਕਾ ਖੇਡਣ ਦੀ ਕਲਾ ਅਪਣੇ ਨਾਨਾ ਗੁਰਪ੍ਰੀਤ ਸਿੰਘ ਖ਼ਾਲਸਾ ਤੋਂ ਸਿਖੀ। ਉਹ ਅਪਣੇ ਵੀਰ ਹਰਕੀਰਤ ਤੇ ਮਨਦੀਪ ਤੋਂ ਇਲਾਵਾ ਅਪਣੇ ਸਾਥੀਆਂ ਤੇ ਇਲਾਕਾ ਨਿਵਾਸੀਆਂ ਦਾ ਦਿਲੋਂ ਧਨਵਾਦ ਕਰਦੀ ਹੈ ਜਿਨ੍ਹਾਂ ਦੇ ਸਾਥ ਤੇ ਹੌਂਸਲਾ ਅਫ਼ਜ਼ਾਈ ਸਦਕਾ ਇਹ ਸੰਭਵ ਹੋ ਸਕਿਆ ਹੈ। ਅਨੂਰੀਤ ਨੂੰ ਇੰਡੀਆ ਬੁੱਕ ਆਫ਼ ਰੀਕਾਰਡ ਵਲੋਂ ਇਕ ਸਰਟੀਫ਼ਿਕੇਟ, ਮੈਡਲ, ਆਈ ਕਾਰਡ, ਪੈਨ, ਬੈਚ ਭੇਜਿਆ ਗਿਆ ਹੈ।
Photo 13-7