ਭਾਰਤ-ਪਾਕਿ ਅੰਤਰਰਾਸ਼ਟਰੀ ਸਰਹੱਦ ਤੋਂ ਕਰੋੜਾਂ ਦੀ ਹੈਰੋਇਨ ਬਰਾਮਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੀਮਤ ਤਕਰੀਬਨ 15 ਕਰੋੜ 60 ਲੱਖ ਰੁਪਏ ਦੱਸੀ ਜਾ ਰਹੀ ਹੈ

Crores of heroin seized from Indo-Pak international border

ਕਲਾਨੌਰ (ਰਜਾਦਾ): ਜ਼ਿਲ੍ਹਾ ਗੁਰਦਾਸਪੁਰ ਨਾਲ ਲਗਦੀ ਭਾਰਤ-ਪਾਕਿਸਤਾਨ ਸਰਹੱਦ ਤੋਂ ਸਪੈਸ਼ਲ ਟਾਸਕ ਫ਼ੋਰਸ ਅਤੇ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਜੇਲ ’ਚ ਬੰਦ ਇਕ ਕੈਦੀ ਦੀ ਨਿਸ਼ਾਨਦੇਹੀ ’ਤੇ 3 ਕਿਲੋ 120 ਗ੍ਰਾਮ ਹੈਰੋਇਨ, ਇਕ 12 ਵੋਲਟ ਦੀ ਬੈਟਰੀ ਤੇ ਹੋਰ ਸਮਾਨ ਬਰਾਮਦ ਕਰਨ ’ਚ ਸਫ਼ਲਤਾ ਪ੍ਰਾਪਤ ਕੀਤੀ। ਬਰਾਮਦ ਹੈਰੋਇਨ ਦੀ ਅੰਤਰਰਾਸ਼ਟਰੀ ਮਾਰਕੀਟ ਵਿਚ ਕੀਮਤ ਤਕਰੀਬਨ 15 ਕਰੋੜ 60 ਲੱਖ ਰੁਪਏ ਦੱਸੀ ਜਾ ਰਹੀ ਹੈ। ਸੀਮਾ ਸੁਰੱਖਿਆ ਬਲ ਦੇ ਸੂਤਰਾਂ ਅਨੁਸਾਰ ਬੀਤੀ ਰਾਤ ਸਪੈਸ਼ਲ ਟਾਸਕ ਫ਼ੋਰਸ ਦੇ ਅਧਿਕਾਰੀ ਇਕ ਕੈਦੀ ਗੁਰਪ੍ਰੀਤ ਸਿੰਘ ਵਾਸੀ ਪਿੰਡ ਤੂਰ ਜ਼ਿਲ੍ਹਾ ਤਰਨਤਾਰਨ ਨੂੰ ਲੈ ਕੇ ਬੀਤੀ ਦੇਰ ਸ਼ਾਮ ਸਰਹੱਦ ’ਤੇ ਸਥਿਤ ਸੁਰੱਖਿਆ ਬਲ ਦੀ ਪੋਸਟ ਕਮਾਲਪੁਰ ’ਤੇ ਆਏ ਸੀ।

ਅੱਜ ਸਵੇਰੇ ਤਕਰੀਬਨ 10.35 ਵਜੇ ਉਕਤ ਕੈਦੀ ਦੀ ਨਿਸ਼ਾਨਦੇਹੀ ’ਤੇ ਅੰਤਰਰਾਸ਼ਟਰੀ ਸਰਹੱਦ ਤੋਂ ਤਕਰੀਬਨ 750 ਮੀਟਰ ਅੰਦਰ ਭਾਰਤੀ ਸਰਹੱਦ ਤੋਂ 3 ਕਿਲੋ 120 ਗ੍ਰਾਮ ਹੈਰੋਇਨ (ਚਾਰ ਪੈਕੇਟ) ਸਮੇਤ ਹੋਰ ਸਮਾਨ ਬਰਾਮਦ ਕੀਤਾ। ਜਿਸ ਸਥਾਨ ਤੋਂ ਇਹ ਹੈਰੋਇਨ ਮਿਲੀ ਹੈ, ਉਸ ਦੇ ਸਾਹਮਣੇ ਪਾਕਿਸਤਾਨ ਦੀ ਬਾਸੂਕੋਟ ਪੋਸਟ ਹੈ। ਸੂਤਰਾਂ ਅਨੁਸਾਰ ਜੇਲ ’ਚ ਬੰਦ ਕੈਦੀ ਗੁਰਪ੍ਰੀਤ ਸਿੰਘ ਦੇ ਮੋਬਾਈਲ ਨੂੰ ਇੰਟਰਸੈਪਟ ਕਰਨ ’ਤੇ ਸਪੈਸ਼ਲ ਟਾਸਕ ਫ਼ੋਰਸ ਨੇ ਇਹ ਪਾਇਆ ਸੀ

ਕਿ ਉਸ ਦੀ ਪਾਕਿਸਤਾਨ ਦੇ ਸਮੱਗਲਰਾਂ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ ਅਤੇ ਉਹ ਜੇਲ੍ਹ ’ਚ ਬੈਠ ਕੇ ਵੀ ਹੈਰੋਇਨ ਦਾ ਕਾਰੋਬਾਰ ਚਲਾ ਰਿਹਾ ਹੈ, ਜਿਸ ’ਤੇ ਉਕਤ ਕੈਦੀ ਦਾ ਪ੍ਰੋਡਕਸ਼ਨ ਵਾਰੰਟ ਅਦਾਲਤ ਤੋਂ ਲੈ ਕੇ ਪੁੱਛਗਿੱਛ ਕੀਤੀ ਤਾਂ ਉਸ ਦੀ ਨਿਸ਼ਾਨਦੇਹੀ ’ਤੇ ਇਹ ਹੈਰੋਇਨ ਆਦਿ ਬਰਾਮਦ ਹੋਈ। ਸਪੈਸ਼ਲ ਟਾਸਕ ਫ਼ੋਰਸ ਦੀ ਅਗਵਾਈ ਡੀ.ਐਸ.ਪੀ. ਸਿਕੰਦਰ ਸਿੰਘ ਕਰ ਰਹੇ ਸਨ ਜਦਕਿ ਸੀਮਾ ਸੁਰੱਖਿਆ ਬਲ ਵਲੋਂ ਅਗਵਾਈ ਸੁਖਬਿੰਦਰ ਪਾਲ ਡੀ.ਸੀ. ਕਰ ਰਹੇ ਸਨ।