ਤੋਂ ਸਿੱਧੂ ਨੇ ਲਈ ਸ਼ਹਿਰੀ ਮੰਗਾਂ ਬਾਰੇ ਜਾਣਕਾਰੀ
ਚੰਡੀਗੜ੍ਹ, 13 ਅਗੱਸਤ (ਗੁਰਉਪਦੇਸ਼ ਭੁੱਲਰ): ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅਪਣੀ ਲਗਾਤਾਰ ਮੀਟਿੰਗਾਂ ਦੀ ਮੁਹਿੰਮ ਨੂੰ ਜਾਰੀ ਰਖਦਿਆਂ ਅੱਜ ਮੁੜ ਪੰਜਾਬ ਕਾਂਗਰਸ ਭਵਨ ਚੰਡੀਗੜ੍ਹ ਪਹੁੰਚ ਕੇ ਸ਼ਹਿਰੀ ਖੇਤਰਾਂ ਨਾਲ ਸਬੰਧਤ ਮੰਤਰੀਆਂ ਅਤੇ ਕਾਂਗਰਸੀ ਵਿਧਾਇਕਾਂ ਨਾਲ 3 ਘੰਟੇ ਲੰਮੀ ਮੀਟਿੰਗ ਕੀਤੀ। ਮੀਟਿੰਗ ਵਿਚ ਮੁੱਖ ਮੰਤਰੀ ਸਮੇਤ ਨਗਰ ਨਿਗਮਾਂ ਵਾਲੇ ਖੇਤਰਾਂ ਨਾਲ ਸਬੰਧਤ ਮੰਤਰੀਆਂ ਅਤੇ ਵਿਧਾਇਕਾਂ ਨੂੰ ਸੱਦਿਆ ਗਿਆ ਸੀ।
ਮੁੱਖ ਮੰਤਰੀ ਦਾ ਇਸ ਮੀਟਿੰਗ ਵਿਚ ਆਉਣ ਜਾਂ ਨਾ ਆਉਣਾ ਉਨ੍ਹਾਂ ਦਾ ਵਿਸ਼ੇਸ਼ ਅਧਿਕਾਰ ਹੈ ਪਰ ਜਿਥੋਂ ਤਕ ਸੱਦੇ ਗਏ ਮੰਤਰੀਆਂ ਦੀ ਗੱਲ ਹੈ, ਸ਼ਹਿਰੀ ਖੇਤਰਾਂ ਨਾਲ ਸਬੰਧਤ 6 ਮੰਤਰੀਆਂ ਵਿਚੋਂ 3 ਮੀਟਿੰਗ ਵਿਚ ਆਏ। ਇਨ੍ਹਾਂ ਵਿਚ ਸ਼ਿਆਮ ਸੁੰੰਦਰ ਅਰੋੜਾ, ਭਾਰਤ ਭੂਸ਼ਣ ਆਸ਼ੂ ਅਤੇ ਬਲਬੀਰ ਸਿੰਘ ਸਿੱਧੂ ਮੀਟਿੰਗ ਵਿਚ ਵਿਚ ਆਏ ਜਦਕਿ ਬ੍ਰਹਮ ਮਹਿੰਦਰਾ, ਮਨਪ੍ਰੀਤ ਬਾਦਲ ਅਤੇ ਓ.ਪੀ. ਸੋਨੀ ਨਹੀਂ ਆਏ। ਮੀਟਿੰਗ ਵਿਚ ਸ਼ਾਮਲ ਹੋਏ ਵਿਧਾਇਕਾਂ ਤੋਂ ਇਲਾਵਾ ਹੈਲਥ ਕਾਰਪੋਰੇਸ਼ਨ ਦੇ ਚੇਅਰਮੈਨ ਅਸ਼ਵਨੀ ਸੇਖੜੀ ਵੀ ਮੀਟਿੰਗ ਵਿਚ ਮੌਜੂਦ ਰਹੇ। ਸ਼ਾਮਲ ਵਿਧਾਇਕਾਂ ਵਿਚ ਪ੍ਰਗਟ ਸਿੰਘ, ਸੁਰਿੰਦਰ ਡਾਬਰ, ਇੰਦਰਬੀਰ ਬੁਲਾਰੀਆ, ਅਮਿਤ ਵਿਜ, ਬਲਵਿੰਦਰ ਸਿੰਘ, ਰਜਿੰਦਰ ਬੇਰੀ, ਜੂਨੀਅਰ ਹੈਨਰੀ ਦੇ ਨਾਂ ਜ਼ਿਕਰਯੋਗ ਹਨ। ਵਿਚਾਰ ਚਰਚਾ ਦੌਰਾਨ ਸਿੱਧੂ ਨਾਲ ਕਾਰਜਕਾਰੀ ਪ੍ਰਧਾਨ ਕੁਲਜੀਤ ਨਾਗਰਾ ਅਤੇ ਪਵਨ ਗੋਇਲ ਵੀ ਹਾਜ਼ਰ ਸਨ। ਸਿੱਧੂ ਨੇ ਸਾਰੇ ਆਗੂਆਂ ਦੇ ਸ਼ਹਿਰੀ ਸਮੱਸਿਆਵਾਂ ਬਾਰੇ ਵਿਸਥਾਰ ਵਿਚ ਵਿਚਾਰ ਜਾਣਦਿਆਂ ਜਾਣਕਾਰੀ ਪ੍ਰਾਪਤ ਕੀਤੀ ਅਤੇ ਸੁਝਾਅ ਲਏ। ਇਸ ਮੌਕੇ ਮੁੱਖ ਤੌਰ ’ਤੇ ਮਹਿੰਗੀ ਬਿਜਲੀ ਦਾ ਮੁੱਦਾ ਹੀ ਭਾਰੂ ਰਿਹਾ। 300 ਯੂਨਿਟ ਮੁਫ਼ਤ ਬਿਜਲੀ ਸ਼ਹਿਰੀ ਖੇਤਰ ਨੂੰ ਤੁਰਤ ਮੁਹਈਆ ਕਰਵਾਉਣ ਅਤੇ ਬਿਜਲੀ 3 ਤੋਂ 5 ਰੁਪਏ ਪ੍ਰਤੀ ਯੂਨਿਟ ਮੁਹਈਆ ਕਰਵਾਉਣ ਦੀ ਗੱਲ ਕੀਤੀ ਗਈ। ਤਾਲਾਬੰਦੀ ਸਮੇਂ ਵਪਾਰ ਤੇ ਉਦਯੋਗ ਦੇ ਨੁਕਸਾਨ ਦੀ ਭਰਪਾਈ ਲਈ ਵਿਸ਼ੇਸ਼ ਸਹਾਇਤਾ ਮੁਹਈਆ ਕਰਵਾਉਣ, ਕੱਟੇ ਕੁਨੈਕਸ਼ਨਾਂ ਦੀ ਬਹਾਲੀ ਅਤੇ ਬਕਾਇਆ ਵੱਡੇ ਬਿਲਾਂ ਦੀ ਮਾਫ਼ੀ ਦਾ ਮਾਮਲਾ ਵੀ ਚੁਕਿਆ। ਅਧਿਕਾਰਤ ਸ਼ਹਿਰੀ ਕਲੋਨੀਆਂ ਤੇ ਪਲਾਟਾਂ ਨੂੰ ਇਕਮੁਸ਼ਤ ਨਿਪਟਾਰੇ ਦੀ ਸਕੀਮ ਤਹਿਤ ਰੈਗੂਲਰ ਕਰਨ ਕਰਨ ਅਤੇ ਸਰਕਾਰ ਵਲੋਂ ਬਣਾਈ ਪਹਿਲੀ ਯੋਜਨਾ ਵਿਚ ਆ ਰਹੀਆਂ ਮੁਸ਼ਕਲਾਂ ਤੇ ਰੁਕਾਵਟਾਂ ਦਾ ਜ਼ਿਕਰ ਵੀ ਹਇਆ। ਸ਼ਹਿਰੀ ਸੰਸਥਾਵਾਂ, ਨਗਰ ਨਿਗਮ, ਕੌਂਸਲਾਂ ਵਿਚ ਫ਼ੰਡਾਂ ਦੀ ਘਾਟ ਕਾਰਨ ਸ਼ਹਿਰੀ ਵਿਭਾਗ ਦੇ ਕੰਮਾਂ ਵਿਚ ਖੜੋਤ ਦਾ ਮੁੱਦਾ ਵੀ ਉਠਿਆ। ਇਹ ਸਾਰੇ ਮੁੱਦੇ ਮੁੱਖ ਮੰਤਰੀ ਕੋਲ ਉਠਾ ਕੇ ਹੱਲ ਕਰਵਾਉਣ ’ਤੇ ਜ਼ੋਰ ਦਿਤਾ ਗਿਆ। ਸਿੱਧੂ ਨੇ ਕਿਹਾ ਕਿ ਉਹ 18 ਸੂਤਰੀ ਪ੍ਰੋਗਰਾਮ ਲਾਗੂ ਕਰਵਾਉਣ ਲਈ ਦ੍ਰਿੜ੍ਹ ਹਨ ਅਤੇ ਸ਼ਹਿਰੀ ਵਰਗ ਨੂੰ ਰਾਹਤ ਦਿਵਾਉਣ ਲਈ ਵੀ ਮਸਲੇ ਸਰਕਾਰ ਕੋਲ ਉਠਾ ਕੇ ਹੱਲ ਕਰਵਾਉਣ ਦੀ ਪੂਰੀ ਵਾਹ ਲਾਉਣਗੇ।