ਪੰਜਾਬ ਦੇ ਰਾਜਪਾਲਦਾਅਧਿਕਾਰ ਖ਼ਤਮ ਕਰ ਕੇ ਵਖਰਾ ਪ੍ਰਸ਼ਾਸਕ ਲਾਉਣ ਦੀ ਕੋਈ ਤਜਵੀਜ਼ ਨਹੀਂ ਗ੍ਰਹਿਮੰਤਰਾਲਾ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਦੇ ਰਾਜਪਾਲ ਦਾ ਅਧਿਕਾਰ ਖ਼ਤਮ ਕਰ ਕੇ ਵਖਰਾ ਪ੍ਰਸ਼ਾਸਕ ਲਾਉਣ ਦੀ ਕੋਈ ਤਜਵੀਜ਼ ਨਹੀਂ : ਗ੍ਰਹਿ ਮੰਤਰਾਲਾ

IMAGE

ਸੁਖਬੀਰ ਬਾਦਲ ਦੇ ਦਾਅਵੇ ਦਾ ਵੀ ਮੰਤਰਾਲੇ ਨੇ ਭਾਂਡਾ ਭੰਨਿਆ, ਕਿਹਾ, ਇਸ ਮਾਮਲੇ ਨੂੰ  ਲੈ ਕੇ ਸੁਖਬੀਰ ਕਦੇ ਨਹੀਂ ਮਿਲੇ ਅਮਿਤ ਸ਼ਾਹ ਨੂੰ 

ਚੰਡੀਗੜ੍ਹ, 13 ਅਗੱਸਤ (ਗੁਰਉਪਦੇਸ਼ ਭੁੱਲਰ) : ਪੰਜਾਬ ਦੇ ਰਾਜਪਾਲ ਤੋਂ ਅਧਿਕਾਰ ਵਾਪਸ ਲੈ ਕੇ ਕੇਂਦਰ ਸ਼ਾਸ਼ਿਤ ਪ੍ਰਦੇਸ਼ ਤੇ ਸੂਬੇ ਦੀ ਰਾਜਧਾਨੀ 'ਚ ਕੋਈ ਵੱਖਰਾ ਪ੍ਰਸ਼ਾਸਕ ਲਾਉਣ ਦੀ ਕੋਈ ਤਜਵੀਜ਼ ਨਹੀਂ ਹੈ | ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵਲੋਂ ਇਸ ਬਾਰੇ ਬੀਤੇ ਦਿਨੀਂ ਦਿਤੇ ਬਿਆਨ 'ਤੇ ਕੀਤੇ ਟਵੀਟ ਤੋਂ ਬਾਅਦ ਸਪਸ਼ਟ ਕੀਤਾ ਹੈ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਅਜਿਹਾ ਕੋਈ ਫ਼ੈਸਲਾ ਨਹੀਂ ਕੀਤਾ | 
ਮੰਤਰਾਲੇ ਨੇ ਸੁਖਬੀਰ ਦੇ ਦਾਅਵੇ ਦਾ ਵੀ ਭਾਂਡਾ ਭੰਨਿਆ ਹੈ ਜਿਸ 'ਚ ਉਨ੍ਹਾਂ ਇਸ ਮੁੱਦੇ ਨੂੰ  ਲੈ ਕੇ ਕੇਂਦਰੀ ਗ੍ਰਹਿ ਮੰਤਰੀ ਨੂੰ  ਮਿਲ ਕੇ ਵਿਰੋਧ ਜਤਾਉਣ ਦੀ ਗੱਲ ਆਖੀ ਸੀ | ਕੇਂਦਰੀ ਗ੍ਰਹਿ ਮੰਤਰਾਲੇ ਨੇ ਟਵੀਟ 'ਚ ਇਹ ਵੀ ਸਪਸ਼ਟ ਕੀਤਾ ਕਿ ਸੁਖਬੀਰ ਬਾਦਲ ਇਸ ਮਾਮਲੇ ਨੂੰ  ਲੈ ਕੇ ਕਦੇ ਵੀ ਅਮਿਤ ਸ਼ਾਹ ਨੂੰ  ਨਹੀਂ ਮਿਲੇ | ਹੁਣ ਸਵਾਲ ਇਹ ਹੈ ਕਿ ਸੁਖਬੀਰ ਇਸ ਦੀ ਅਸਲੀਅਤ ਖ਼ੁਦ ਬਿਆਨ ਕਰ ਸਕਦੇ ਹਨ | ਜ਼ਿਕਰਯੋਗ ਹੈ ਕਿ ਸੁਖਬੀਰ ਬਾਦਲ ਨੇ ਬੀਤੇ ਦਿਨੀਂ ਬਿਆਨ 'ਚੰਡੀਗੜ੍ਹ ਦਾ ਵੱਖਰਾ ਪ੍ਰਸ਼ਾਸਕ ਲਾਉਣ ਦੇ ਫ਼ੈਸਲੇ ਦੀ ਗੱਲ ਕਰਦਿਆਂ ਇਸ ਦਾ ਜ਼ੋਰਦਾਰ ਵਿਰੋਧ ਕੀਤਾ ਸੀ | ਉਨ੍ਹਾਂ ਇਸ ਨੂੰ  ਰਾਜਧਾਨੀ 'ਤੇ ਪੰਜਾਬ ਦੇ ਦਾਅਵੇ ਨੂੰ  ਕਮਜ਼ੋਰ ਕਰਨ ਦੀ ਵੱਡੀ ਸਾਜਿਸ਼ ਦਸਿਆ ਸੀ | 
ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਲਾਗੂ ਹੁੰਦਾ ਹੈ ਤਾਂ ਪੰਜਾਬ ਕੋਲ ਰਾਜਧਾਨੀ 'ਚ ਜੋ ਥੋੜੇ ਬਹੁਤ ਅਧਿਕਾਰ ਹਨ, ਉਹ ਵੀ ਖ਼ੁਸ਼ ਜਾਣਗੇ ਅਤੇ ਇਸ ਨਾਲ ਚੰਡੀਗੜ੍ਹ 'ਤੇ ਪੰਜਾਬ ਦਾ ਦਾਅਵਾ ਖ਼ਤਮ ਹੋ ਸਕਦਾ ਹੈ ਪਰ ਹੁਣ ਕੇਂਦਰੀ ਗ੍ਰਹਿ ਮੰਤਰਾਲੇ ਨੇ ਇਸ ਬਾਰੇ ਸਥਿਤੀ ਸਪੱਸ਼ਟ ਕਰਦਿਆਂ ਇਸ ਤਰ੍ਹਾਂ ਦੇ ਕਿਸੇ ਫ਼ੈਸਲੇ ਬਾਰੇ ਸਿੱਧਾ ਇਨਕਾਰ ਕਰ ਦਿਤਾ ਹੈ |