ਰਾਘਵ ਚੱਢਾ ਨੇ ਸਿੱਧੂ ਨੂੰ ਲਿਖੇ ਪੱਤਰ ਨਾਲ ਭੇਜਿਆ ਕਾਂਗਰਸ ਦਾ 2017 ਵਾਲਾ ਚੋਣ ਮਨੋਰਥ ਪੱਤਰ
ਰਾਘਵ ਚੱਢਾ ਨੇ ਸਿੱਧੂ ਨੂੰ ਲਿਖੇ ਪੱਤਰ ਨਾਲ ਭੇਜਿਆ ਕਾਂਗਰਸ ਦਾ 2017 ਵਾਲਾ ਚੋਣ ਮਨੋਰਥ ਪੱਤਰ
ਹੁਣ ਖ਼ੁਦ ਸਰਕਾਰ ਨਹੀਂ, ਨਵਜੋਤ ਸਿੱਧੂ, ਤੁਰਤ ਪੂਰੇ ਕਰਨ ਅਧੂਰੇ ਚੋਣ ਵਾਅਦੇ : ਚੱਢਾ
ਚੰਡੀਗੜ੍ਹ, 13 ਅਗੱਸਤ (ਸੱਤੀ): ਆਮ ਆਦਮੀ ਪਾਰਟੀ (ਆਪ) ਪੰਜਾਬ ਮਾਮਲਿਆਂ ਦੇ ਸਹਿ ਪ੍ਰਭਾਰੀ ਅਤੇ ਦਿੱਲੀ ਤੋਂ ਵਿਧਾਇਕ ਰਾਘਵ ਚੱਢਾ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਇਕ ਪੱਤਰ ਲਿਖ ਕੇ ਕਾਂਗਰਸ ਦੇ 2017 ਦੇ ਅਧੂਰੇ ਪਏ ਸਾਰੇ ਚੋਣ ਵਾਅਦੇ ਤੁਰਤ ਪੂਰੇ ਕਰਨ ਦੀ ਮੰਗ ਕੀਤੀ ਹੈ | ਚਿੱਠੀ ਦੇ ਨਾਲ ਹੀ 2017 ਮੌਕੇ ਕਾਂਗਰਸ ਦਾ 129 ਪੰਨਿਆਂ ਦਾ ਚੋਣ ਮੈਨੀਫ਼ੈਸਟੋ ਵੀ ਨੱਥੀ ਕੀਤਾ ਅਤੇ ਦਸਿਆ ਕਿ ਪੰਜਾਬ ਪ੍ਰਦੇਸ਼ ਕਾਂਗਰਸ ਨੇ ਅਪਣੀ ਅਧਿਕਾਰਤ ਵੈੱਬਸਾਈਟ ਤੋਂ ਹਟਾ ਦਿਤਾ ਹੈ | ਆਪ ਆਗੂ ਨੇ ਨਵਜੋਤ ਸਿੰਘ ਸਿੱਧੂ ਨੂੰ ਮੁਬਾਰਕਬਾਦ ਦੇ ਨਾਲ-ਨਾਲ ਨਸੀਹਤਾਂ ਵੀ ਦਿਤੀਆਂ ਹਨ |
ਦਫ਼ਤਰ ਵਿਚ 'ਆਪ' ਵਿਧਾਇਕ ਜੈ ਸਿੰਘ ਰੋੜੀ ਅਤੇ ਬੁਲਾਰੇ ਨੀਲ ਗਰਗ ਦੀ ਮੌਜੂਦਗੀ 'ਚ ਰਾਘਵ ਚੱਢਾ ਨੇ ਨਵਜੋਤ ਸਿੱਧੂ ਨੂੰ ਮੁਖ਼ਾਤਬ ਹੁੰਦਿਆਂ ਕਿਹਾ,''ਕੁਰਸੀ ਅਤੇ ਸੱਤਾ ਲਈ ਲੜੀ ਲੰਮੀ ਲੜਾਈ ਤੋਂ ਬਾਅਦ ਮਿਲੀ ਜਿੱਤ ਦੀਆਂ ਬਹੁਤ- ਬਹੁਤ ਮੁਬਾਰਕਾਂ! ਤੁਹਾਨੂੰ ਕਾਂਗਰਸ ਪਾਰਟੀ ਦੀ ਪ੍ਰਧਾਨਗੀ ਚਾਹੀਦੀ ਸੀ, ਜੋ ਤੁਹਾਨੂੰ ਮਿਲ ਗਈ | ਹਾਈਕਮਾਨ ਦਾ ਸਾਥ ਤੁਹਾਡੇ ਨਾਲ ਹੈ | ਕਾਂਗਰਸ ਦੇ ਸਾਰੇ ਵਿਧਾਇਕਾਂ ਦਾ ਸਮਰਥਨ ਤੁਹਾਡੇ ਨਾਲ ਹੈ | ਕਾਂਗਰਸ ਦੇ ਵਰਕਰਾਂ ਦਾ ਵਿਸ਼ਵਾਸ ਤੁਹਾਡੇ ਵੀ ਨਾਲ ਹੈ | ਹੁਣ ਕਾਂਗਰਸ ਵੀ ਤੁਸੀਂ ਹੋ ਅਤੇ ਪੰਜਾਬ ਸਰਕਾਰ ਵੀ ਤੁਸੀਂ ਹੋ | ਇਸ ਲਈ ਕਾਂਗਰਸ ਦੇ 2017 ਦੇ 129 ਪੰਨਿਆਂ ਦੇ ਅਧੂਰੇ ਪਏ ਸਾਰੇ ਚੋਣ ਵਾਅਦੇ ਪੂਰੇ ਕਰਨ ਦੀ ਜ਼ਿੰਮੇਵਾਰੀ ਵੀ ਸਿੱਧੂ ਸਾਹਿਬ ਤੁਹਾਡੀ ਹੈ |''
ਪੰਜਾਬ ਪ੍ਰਦੇਸ਼ ਦੇ ਨਵਨਿਯੁਕਤ ਪ੍ਰਧਾਨ ਨੂੰ ਨਸੀਹਤ ਦਿੰਦਿਆਂ ਰਾਘਵ ਚੱਢਾ ਨੇ ਅੱਗੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਹੁਣ ਵਿਰੋਧੀ ਧਿਰ ਦੇ ਨੇਤਾ ਵਾਂਗ ਵਿਚਰਨਾ ਬੰਦ ਕਰ ਦੇਣਾ ਚਾਹੀਦਾ ਹੈ, ਕਿਉਂਕਿ ਨਵਜੋਤ ਸਿੱਧੂ ਸੱਤਾਧਾਰੀ ਕਾਂਗਰਸ ਦਾ ਕੇਵਲ ਹਿੱਸਾ ਹੀ ਨਹੀਂ, ਸਗੋਂ ਪ੍ਰਧਾਨ ਵੀ ਹਨ ਅਤੇ ਸਮੁੱਚੀ ਸੂਬਾ ਸਰਕਾਰ ਉਨ੍ਹਾਂ ਦੇ ਅਧੀਨ ਹੈ | ਸੱਤਾਧਾਰੀ ਪਾਰਟੀ ਦਾ ਪ੍ਰਧਾਨ ਹੋਣ ਦੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਸਿੱਧੂ ਨੂੰ ਸਾਰੇ ਵਾਅਦੇ ਆਉਂਦੀਆਂ ਚੋਣਾਂ ਤੋਂ ਪਹਿਲਾਂ-ਪਹਿਲਾਂ ਪੂਰੇ ਕਰਨੇ ਪੈਣਗੇ, ਕਿਉਂਕਿ ਸਾਢੇ ਚਾਰ ਸਾਲਾਂ 'ਚ ਕਾਂਗਰਸ ਅਪਣੇ ਚੋਣ ਮੈਨੀਫ਼ੈਸਟੋ ਦਾ ਇਕ ਵੀ ਵਾਅਦਾ ਪੂਰਾ ਨਹੀਂ ਕਰ ਸਕੀ |
ਰਾਘਵ ਚੱਢਾ ਨੇ ਨਵਜੋਤ ਸਿੰਘ ਸਿੱਧੂ ਨੂੰ ਵਰਜਦਿਆਂ ਕਿਹਾ ਕਿ ਉਹ ਇਹ ਕਹਿਕੇ ਲੋਕਾਂ ਨੂੰ ਦੁਬਾਰਾ ਗੁੰਮਰਾਹ ਕਰਨ ਦੀ ਕੋਸ਼ਿਸ਼ ਨਾ ਕਰਨ ਕਿ ਅਗਲੀ ਸਰਕਾਰ ਕਾਂਗਰਸ ਦੀ ਬਣਾਓ, ਸਾਰੇ ਵਾਅਦੇ ਪੂਰੇ ਹੋਣਗੇ | ਚੱਢਾ ਨੇ ਤੰਜ ਕਰਦਿਆਂ ਕਿਹਾ, ''ਸਿੱਧੂ ਸਾਹਬ ਮੌਜੂਦਾ ਸਰਕਾਰ ਤੁਹਾਡੀ ਕਾਂਗਰਸ ਦੀ ਸਰਕਾਰ ਹੈ ਅਤੇ ਤੁਹਾਡੇ ਕੋਲ ਵਾਅਦੇ ਪੂਰੇ ਕਰਨ ਲਈ ਸਿਰਫ਼ 6 ਮਹੀਨੇ ਬੱਚੇ ਹਨ |