15 ਅਗਸਤ ਨੂੰ ਲੈ ਕੇ ਅੰਮ੍ਰਿਤਸਰ 'ਚ ਰੈੱਡ ਅਲਰਟ ਜਾਰੀ
ਅੰਮ੍ਰਿਤਸਰ 'ਚੋਂ ਬੀਤੇ ਕੱਲ੍ਹ ਹੈਂਡ ਗ੍ਰਨੇਡ ਵੀ ਬਰਾਮਦ ਕੀਤਾ ਗਿਆ ਸੀ
ਅੰਮ੍ਰਿਤਸਰ (ਰਾਜੇਸ਼ ਕੁਮਾਰ ਸੰਧੂ)- 15 ਅਗਸਤ ਨੂੰ ਲੈ ਕੇ ਅੰਮ੍ਰਿਤਸਰ 'ਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਖ਼ਾਸ ਕਰਕੇ ਜਦੋਂ ਅਜਾਦੀ ਦਿਹਾੜੇ ਮੌਕੇ ਸੂਬਾ ਪੱਧਰੀ ਸਮਾਗਮ ਅੰਮ੍ਰਿਤਸਰ 'ਚ ਹੋਣ ਜਾ ਰਿਹਾ ਹੈ ਅਤੇ ਗੁਰੂ ਨਗਰੀ 'ਚ ਬੀਤੇ ਕੱਲ੍ਹ ਹੈਂਡ ਗ੍ਰਨੇਡ ਵੀ ਬਰਾਮਦ ਕੀਤਾ ਗਿਆ ਸੀ। ਅੰਮ੍ਰਿਤਸਰ ਦੀ ਪੁਲਿਸ ਪੂਰੀ ਤਰ੍ਹਾਂ ਚੌਕਸ ਹੋਣ ਦਾ ਦਾਅਵਾ ਕਰ ਰਹੀ ਹੈ ਅਤੇ ਸਾਰੇ ਸ਼ਹਿਰ 'ਚ ਪੁਲਿਸ ਵਲੋਂ ਨਾਕਾਬੰਦੀ ਕੀਤੀ ਗਈ ਹੈ
ਪਰ ਫਿਰ ਵੀ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ 'ਚ ਕੋਈ ਕਮੀ ਦੇਖਣ ਨੂੰ ਨਹੀਂ ਮਿਲ ਰਹੀ ਸਗੋਂ ਲਗਾਤਾਰ ਇਜ਼ਾਫਾ ਹੁੰਦਾ ਜਾ ਰਿਹਾ ਹੈ। ਹਾਲ ਹੀ ਦੀ ਤਾਜੀ ਘਟਨਾ ਅੰਮ੍ਰਿਤਸਰ ਦੇ ਰਾਮ ਬਾਗ ਥਾਣੇ ਦੇ ਬਿਲਕੁਲ ਨੇੜੇ ਵਾਪਰੀ, ਜਿਥੇ ਫਲ ਫਲ ਖਰੀਦ ਰਹੇ ਵਪਾਰੀ ਦੀ ਗੱਡੀ ਦਾ ਸ਼ੀਸ਼ਾ ਤੋੜ ਕੇ ਲੁਟੇਰੇ ਕੈਸ਼ ਵਾਲਾ ਬੈਗ ਲੈ ਕੇ ਫਰਾਰ ਹੋ ਗਏ।
ਨਹਿਰੂ ਸ਼ਾਪਿੰਗ ਕੰਪਲੈਕਸ 'ਚ ਪ੍ਰਿੰਟਰਜ ਦੀ ਦੁਕਾਨ ਚਲਾਉਣ ਵਾਲਾ ਜਗਮੋਹਨ ਕਪੂਰ ਹਰ ਰੋਜ਼ ਦੀ ਤਰ੍ਹਾਂ ਆਪਣੀ ਦੁਕਾਨ ਬੰਦ ਕਰਕੇ ਘਰ ਵੱਲ ਰਵਾਨਾ ਹੋਇਆ ਸੀ ਅਤੇ ਹਮੇਸ਼ਾ ਦੀ ਤਰ੍ਹਾਂ ਰਾਮ ਬਾਗ ਥਾਣੇ ਦੇ ਨੇੜੇ ਫਰੂਟ ਮਾਰਕੀਟ ਕੋਲ ਫਲ ਫਰੂਟ ਲੈਣ ਲਈ ਰੁਕਿਆ ਸੀ ਪਰ ਇਕ ਦਮ ਉਸ ਨੂੰ ਗੱਡੀ ਦਾ ਅਲਾਰਮ ਸੁਣਾਈ ਦਿੱਤਾ ਜਾ ਕੇ ਦੇਖਿਆ ਤਾਂ ਪਤਾ ਲੱਗਿਆ ਕਿ ਕੋਈ ਲੁਟੇਰਾ ਫਾਰਚੂਨਰ ਗੱਡੀ ਦਾ ਸਾਈਡ ਵਾਲਾ ਸ਼ੀਸ਼ਾ ਤੋੜ ਕੇ ਬੈਗ ਲੈ ਕੇ ਫਰਾਰ ਹੋ ਗਿਆ।
ਪੁਲਿਸ ਵਲੋਂ ਹਮੇਸ਼ਾ ਦੀ ਤਰ੍ਹਾਂ ਹੁਣ ਮਾਮਲੇ ਦੀ ਜਾਂਚ ਦੀ ਗੱਲ ਆਖੀ ਜਾ ਰਹੀ ਹੈ ਪਰ ਇਹੋ ਜਿਹੀਆਂ ਘਟਨਾਵਾਂ ਵਿਸ਼ੇਸ਼ ਚੌਕਸੀ ਵਰਤ ਰਹੀ ਪੁਲਿਸ ਦੀ ਕਾਰਗੁਜ਼ਾਰੀ ਤੇ ਸਵਾਲੀਆਂ ਨਿਸ਼ਾਨ ਲਗਾਉਂਦੀਆਂ ਹਨ।