ਪਟਿਆਲਾ: ਹਰਿਆਣਾ ਨੰਬਰ ਦੀ ਕਾਰ ਨੂੰ ਰੋਕਣ ’ਤੇ ਚਾਲਕ ਨੇ ਏ.ਐਸ.ਆਈ. ਨੂੰ ਕੁਚਲਿਆ, ਲੱਤ ਟੁੱਟੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਟਾਇਰਾਂ ਦੇ ਤਲੇ ਕੁਚਲੇ ਜਾਣ ਕਾਰਨ ਮੁਲਾਜ਼ਮ ਦੀ ਇਕ ਲੱਤ ਟੁੱਟ ਗਈ ਤੇ ਸਰੀਰ ਦੇ ਹੋਰ ਹਿੱਸਿਆਂ ’ਤੇ ਗੰਭੀਰ ਜ਼ਖ਼ਮ ਹੋ ਗਏ।

Stopped for checking, car driver drags cop to a distance in Patiala

ਪਟਿਆਲਾ (ਅਵਤਾਰ ਸਿੰਘ ਗਿੱਲ): ਆਜ਼ਾਦੀ ਦਿਹਾੜੇ ਨੂੰ ਲੈ ਕੇ ਪੁਲਿਸ ਅਧਿਕਾਰੀ ਜਿਥੇ ਸ਼ਹਿਰ ’ਚ ਸੁਰੱਖਿਆ ਇੰਤਜ਼ਾਮ ਸਖ਼ਤ ਹੋਣ ਦੇ ਦਾਅਵੇ ਕਰ ਰਹੇ ਹਨ, ਉਥੇ ਮਾਡਲ ਟਾਊਨ ਪੁਲਿਸ ਚੌਕੀ ਅਧੀਨ ਆਉਂਦੇ ਲੀਲਾ ਭਵਨ ਇਲਾਕੇ ’ਚ ਸ਼ੱਕੀ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕਰਨ ’ਤੇ ਚਾਲਕ ਨੇ ਪੁਲਿਸ ਮੁਲਾਜ਼ਮ ਨੂੰ ਕੁਚਲ ਦਿਤਾ। ਟਾਇਰਾਂ ਦੇ ਤਲੇ ਕੁਚਲੇ ਜਾਣ ਕਾਰਨ ਮੁਲਾਜ਼ਮ ਦੀ ਇਕ ਲੱਤ ਟੁੱਟ ਗਈ ਤੇ ਸਰੀਰ ਦੇ ਹੋਰ ਹਿੱਸਿਆਂ ’ਤੇ ਗੰਭੀਰ ਜ਼ਖ਼ਮ ਹੋ ਗਏ।

ਘਟਨਾ ਸ਼ਨਿਚਰਵਾਰ ਨੂੰ ਕਰੀਬ ਇਕ ਵਜੇ ਹੋਈ ਜਿਸ ਤੋਂ ਬਾਅਦ ਜ਼ਖ਼ਮੀ ਪੁਲਿਸ ਮੁਲਾਜ਼ਮ ਨੂੰ ਨਜ਼ਦੀਕੀ ਪ੍ਰਾਈਵੇਟ ਹਸਪਤਾਲ ’ਚ ਲੈ ਗਏ। ਮੁਲਾਜ਼ਮ ਦੀ ਪਛਾਣ ਏਐਸਆਈ ਸੂਬਾ ਸਿੰਘ ਵਜੋਂ ਹੋਈ ਹੈ ਜਿਨ੍ਹਾਂ ਨਾਲ ਇਕ ਪੁਲਿਸ ਮੁਲਾਜ਼ਮ ਵੀ ਸੀ। ਘਟਨਾ ਤੋਂ ਬਾਅਦ ਮੁਲਜ਼ਮ ਕਾਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ ਜਿਸ ਨੂੰ ਦੇਰ ਸ਼ਾਮ ਤਕ ਪੁਲਿਸ ਟਰੇਸ ਨਹੀਂ ਕਰ ਪਾਈ ਸੀ।

ਹਾਲਤ ਗੰਭੀਰ ਹੋਣ ’ਤੇ ਸੂਬਾ ਸਿੰਘ ਨੂੰ ਹੋਰ ਸਰਕਾਰੀ ਹਸਪਤਾਲ ’ਚ ਸ਼ਿਫਟ ਕਰ ਦਿਤਾ ਗਿਆ। ਮੌਕੇ ’ਤੇ ਪੁੱਜੇ ਏਐਸਆਈ ਦਰਸ਼ਨ ਸਿੰਘ ਤੇ ਸਤਵੰਤ ਸਿੰਘ ਨੇ ਘਟਨਾ ਵਾਲੇ ਸਥਾਨ ਦੇ ਨੇੜੇ-ਤੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕਰਨੀ ਸ਼ੁਰੂ ਕਰ ਦਿਤੀ ਸੀ ਪਰ ਕੋਈ ਵੱਡਾ ਸੀਨੀਅਰ ਅਧਿਕਾਰੀ ਮੌਕੇ ’ਤੇ ਨਹੀਂ ਪਹੁੰਚਿਆ। ਇਸ ਘਟਨਾ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਿੰਘ ਨੇ ਵੀ ਟਵੀਟ ਕੀਤਾ ਹੈ।