ਤਾਲਿਬਾਨ ਨੇ ਕੰਧਾਰ 'ਤੇ ਕੀਤਾ ਕਬਜ਼ਾ

ਏਜੰਸੀ

ਖ਼ਬਰਾਂ, ਪੰਜਾਬ

ਤਾਲਿਬਾਨ ਨੇ ਕੰਧਾਰ 'ਤੇ ਕੀਤਾ ਕਬਜ਼ਾ

IMAGE


ਅਤਿਵਾਦੀ ਸਮੂਹ ਦੇਸ਼ ਦੇ ਦੋ ਤਿਹਾਈ ਤੋਂ ਵੱਧ ਖੇਤਰਾਂ 'ਤੇ ਹੋਇਆ ਕਾਬਜ਼

ਕਾਬੁਲ, 13 ਅਗੱਸਤ : ਅਫ਼ਗ਼ਾਨ ਅਧਿਕਾਰੀਆਂ ਨੇ ਕਿਹਾ ਹੈ ਕਿ ਤਾਲਿਬਾਨ ਨੇ ਇਕ ਹੋਰ ਸੂਬਾਈ ਰਾਜਧਾਨੀ ਉਤੇ ਕਬਜ਼ਾ ਕਰ ਲਿਆ ਹੈ | ਕੰਧਾਰ ਸੂਬੇ ਦੀ ਰਾਜਧਾਨੀ ਕੰਧਾਰ ਅਫ਼ਗ਼ਾਨਿਸਤਾਨ ਦੀਆਂ 34 ਸੂਬਾਈ ਰਾਜਧਾਨੀਆਂ ਵਿਚੋਂ 12ਵੀਂ ਹੈ, ਜਿਸ ਨੂੰ  ਅਤਿਵਾਦੀਆਂ ਨੇ ਆਪਣੇ ਕਬਜ਼ੇ ਵਿਚ ਕਰ ਲਿਆ ਹੈ | ਕੰਧਾਰ ਦੇਸ਼ ਦਾ ਦੂਜਾ ਸੱਭ ਤੋਂ ਵੱਡਾ ਸ਼ਹਿਰ ਹੈ | ਅਧਿਕਾਰੀਆਂ ਨੇ ਦਸਿਆ ਕਿ ਕੰਧਾਰ 'ਤੇ ਵੀਰਵਾਰ ਰਾਤ ਨੂੰ  ਤਾਲਿਬਾਨ ਨੇ ਕਬਜ਼ਾ ਕਰ ਲਿਆ ਸੀ ਅਤੇ ਸਰਕਾਰੀ ਅਧਿਕਾਰੀ ਤੇ ਉਨ੍ਹਾਂ ਦੇ ਪ੍ਰਵਾਰਕ ਮੈਂਬਰ ਕਿਸੇ ਤਰ੍ਹਾਂ ਹਵਾਈ ਮਾਰਗ ਰਾਹੀਂ ਭੱਜਣ ਲਈ ਹਵਾਈਅੱਡੇ ਪਹੁੰਚ ਗਏ | 
ਇਸ ਤੋਂ ਪਹਿਲਾਂ ਵੀਰਵਾਰ ਨੂੰ  ਤਾਲਿਬਾਨ ਨੇ ਅਫ਼ਗ਼ਾਨਿਸਤਾਨ ਦੇ ਤੀਜੇ ਸੱਭ ਤੋਂ ਵੱਡੇ ਸ਼ਹਿਰ ਹੇਰਾਤ 'ਤੇ ਕਬਜ਼ਾ ਕਰ ਲਿਆ ਸੀ | ਤਾਲਿਬਾਨ ਲੜਾਕਿਆਂ ਨੇ ਇਤਿਹਾਸਕ ਸ਼ਹਿਰ ਦੀ ਗਰੇਟ ਮਸਜਿਦ ਤੋਂ ਅੱਗੇ ਵੱਧ ਕੇ ਸਰਕਾਰੀ ਇਮਾਰਤਾਂ 'ਤੇ ਕਬਜ਼ਾ ਕਰ ਲਿਆ | ਗਵਾਹਾਂ ਨੇ ਦਸਿਆ ਕਿ ਇਕ ਸਰਕਾਰੀ ਇਮਾਰਤ ਤੋਂ ਰੁਕ-ਰੁਕ ਕੇ ਗੋਲੀਬਾਰੀ ਦੀ ਆਵਾਜ਼ ਆ ਰਹੀ ਸੀ, ਜਦੋਂ ਕਿ ਬਾਕੀ ਸ਼ਹਿਰ ਵਿਚ ਸ਼ਾਂਤੀ ਸੀ ਅਤੇ ਉਥੇ ਤਾਲਿਬਾਨ ਦਾ ਕਬਜ਼ਾ ਹੋ ਚੁੱਕਾ ਹੈ | 
  ਗਜ਼ਨੀ 'ਤੇ ਤਾਲਿਬਾਨ ਦੇ ਕਬਜ਼ੇ ਨਾਲ ਅਫ਼ਗ਼ਾਨਿਸਤਾਨ ਦੀ ਰਾਜਧਾਨੀ ਨੂੰ  ਦੇਸ਼ ਦੇ ਦਖਣੀ ਸੂਬਿਆਂ ਨਾਲ ਜੋੜਨ ਵਾਲਾ ਇਕ ਅਹਿਮ ਰਾਜਮਾਰਗ ਕਟਿਆ ਗਿਆ | ਕਾਬੁਲ ਅਜੇ ਸਿੱਧੇ ਖ਼ਤਰੇ ਵਿਚ ਨਹੀਂ ਹੈ, ਪਰ ਦੇਸ਼ ਵਿਚ ਤਾਲਿਬਾਨ ਦੀ ਪਕੜ ਮਜ਼ਬੂਤ ਹੋ ਰਹੀ ਹੈ ਅਤੇ ਉਹ ਦੋ ਤਿਹਾਈ ਤੋਂ ਵੱਧ ਖੇਤਰਾਂ 'ਤੇ ਕਾਬਜ਼ ਹੋ ਗਏ ਹਨ | ਅਤਿਵਾਦੀ ਸੰਗਠਨ ਹੋਰ ਸੂਬਾਈ ਰਾਜਧਾਨੀਆਂ ਵਿਚ ਸਰਕਾਰੀ ਫ਼ੋਰਸਾਂ 'ਤੇ ਦਬਾਅ ਵਧਾ ਰਿਹਾ ਹੈ | 
ਅਫ਼ਗ਼ਾਨਿਸਤਾਨ ਤੋਂ ਅਮਰੀਕੀ ਅਤੇ ਨਾਟੋ ਫ਼ੌਜਾਂ ਦੀ ਵਾਪਸੀ ਵਿਚਕਾਰ ਤਾਲਿਬਾਨ ਨੇ ਵੀਰਵਾਰ ਨੂੰ  ਕਾਬੁਲ ਦੇ ਨੇੜੇ ਇਕ ਹੋਰ ਸੂਬਾਈ ਰਾਜਧਾਨੀ ਗਜ਼ਨੀ ਉਤੇ ਕਬਜ਼ਾ ਕਰ ਲਿਆ | ਕਾਬੁਲ ਤੋਂ 130 ਕਿਲੋਮੀਟਰ ਦੱਖਣ-ਪੱਛਮ ਵਿਚ ਗਜ਼ਨੀ ਵਿਚ ਅਤਿਵਾਦੀਆਂ ਨੇ ਚਿੱਟੇ ਝੰਡੇ ਲਹਿਰਾਏ ਸਨ | ਗਜ਼ਨੀ ਦੇ ਤਾਲਿਬਾਨ ਦੇ ਹੱਥਾਂ ਵਿਚ ਜਾਣ ਨਾਲ ਸਰਕਾਰੀ ਫ਼ੌਜਾਂ ਦਾ ਇੱਥੇ ਜਾਣਾ ਮੁਸ਼ਕਲ ਹੋ ਜਾਵੇਗਾ, ਕਿਉਂਕਿ ਇਹ ਕਾਬੁਲ-ਕੰਧਾਰ ਹਾਈਵੇਅ ਉਤੇ ਹੈ | ਇਸ ਦੌਰਾਨ, ਅਫ਼ਗ਼ਾਨਿਸਤਾਨ ਦੇ ਸੱਭ ਤੋਂ ਵੱਡੇ ਸ਼ਹਿਰਾਂ 'ਚੋਂ ਇਕ ਲਸ਼ਕਰ ਗਾਹ ਵਿਚ ਲੜਾਈ ਤੇਜ਼ ਹੋ ਗਈ ਹੈ | ਅਤਵਾਦੀ ਸੰਗਠਨ ਹੁਣ ਤਕ 34 ਸੂਬਾਈ ਰਾਜਧਾਨੀਆਂ 'ਚੋਂ 12 ਉਤੇ ਕਬਜ਼ਾ ਕਰ ਚੁਕਿਆ ਹੈ | 
  ਤਾਲਿਬਾਨ ਲੜਾਕਿਆਂ ਨੇ ਬੁਧਵਾਰ ਰਾਤ ਕੰਧਾਰ ਦੀ ਇਕ ਜੇਲ ਉਤੇ ਹਮਲਾ ਕੀਤਾ ਅਤੇ ਕੈਦੀਆਂ ਨੂੰ  ਛੁਡਵਾ ਲਿਆ | ਨਿਆਜ਼ੀ ਨੇ ਇਲਾਕੇ ਵਿਚ ਹਵਾਈ ਹਮਲਿਆਂ ਦੀ ਨਿੰਦਾ ਕੀਤੀ ਅਤੇ ਖ਼ਦਸ਼ਾ ਪ੍ਰਗਟਾਇਆ ਕਿ ਇਸ ਵਿਚ ਆਮ ਨਾਗਰਿਕ ਮਾਰੇ ਜਾ ਸਕਦੇ ਹਨ | ਉਨ੍ਹਾਂ ਕਿਹਾ,Tਤਾਲਿਬਾਨ ਲੜਾਕਿਆਂ ਨੇ ਅਪਣੀ ਰਖਿਆ ਲਈ ਆਮ ਨਾਗਰਿਕਾਂ ਦੇ ਘਰਾਂ ਦੀ ਵਰਤੋਂ ਕੀਤੀ ਹੈ ਅਤੇ ਸਰਕਾਰ ਨਾਗਰਿਕਾਂ ਦੀ ਪਰਵਾਹ ਕੀਤੇ ਬਿਨਾਂ ਹਵਾਈ ਹਮਲੇ ਕਰ ਰਹੀ ਹੈ |'' ਮੰਨਿਆ ਜਾਂਦਾ ਹੈ ਕਿ ਅਮਰੀਕੀ ਹਵਾਈ ਫ਼ੌਜ ਹਵਾਈ ਹਮਲਿਆਂ ਵਿਚ ਅਫ਼ਗ਼ਾਨ ਫ਼ੌਜਾਂ ਦੀ ਮਦਦ ਕਰ ਰਹੀ ਹੈ | ਹਾਲੇ ਤਕ ਇਹ ਪਤਾ ਨਹੀਂ ਲੱਗ ਸਕਿਆ ਕਿ ਅਮਰੀਕੀ ਬੰਬ ਧਮਾਕਿਆਂ ਵਿਚ ਕਿੰਨੇ ਲੋਕ ਮਾਰੇ ਗਏ ਹਨ |