Gurmeet Singh Engineer : ਸਾਬਕਾ CM ਬੇਅੰਤ ਸਿੰਘ ਕਤਲ ਮਾਮਲੇ 'ਚ ਜੇਲ੍ਹ 'ਚ ਬੰਦ ਗੁਰਮੀਤ ਸਿੰਘ ਇੰਜੀਨੀਅਰ 27 ਸਾਲਾਂ ਬਾਅਦ ਹੋਏ ਰਿਹਾਅ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜੇਲ੍ਹ ਦੇ ਦਰਵਾਜ਼ੇ ਤੋਂ ਲੈਣ ਪਹੁੰਚੀ ਬਜ਼ੁਰਗ ਮਾਂ , ਜਥੇਬੰਦੀਆਂ ਨੇ ਕੀਤਾ ਸਵਾਗਤ

Gurmeet Singh Engineer

 Gurmeet Singh Engineer bail News : ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ 'ਚ ਚੰਡੀਗੜ੍ਹ ਦੀ ਬੁੜੈਲ ਜੇਲ੍ਹ 'ਚ ਬੰਦ ਗੁਰਮੀਤ ਸਿੰਘ ਇੰਜੀਨੀਅਰ ਨੂੰ ਅੱਜ ਜ਼ਮਾਨਤ 'ਤੇ ਰਿਹਾਅ ਕੀਤਾ ਗਿਆ ਹੈ। ਗੁਰਮੀਤ ਸਿੰਘ ਇੰਜੀਨੀਅਰ ਨੇ ਚੰਡੀਗੜ੍ਹ ਦੀ ਬੁੜੈਲ ਜੇਲ੍ਹ ‘ਚ ਲੰਮੀ ਸਜ਼ਾ ਕੱਟੀ ਹੈ। ਉਨ੍ਹਾਂ ਨੂੰ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਤੋਂ ਰੈਗੁਲਰ ਜ਼ਮਾਨਤ ਮਿਲ ਗਈ ਹੈ। 

ਇਸ ਦੌਰਾਨ ਗੁਰਮੀਤ ਸਿੰਘ ਇੰਜੀਨੀਅਰ ਦੀ ਰਿਹਾਈ ਦੌਰਾਨ ਬਜ਼ੁਰਗ ਮਾਂ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਦੇ ਬਾਹਰ ਉਨ੍ਹਾਂ ਨੂੰ ਲੈਣ ਪਹੁੰਚੀ ਹੈ ਅਤੇ ਸਿੱਖ ਜਥੇਬੰਦੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ ਹੈ। ਗੁਰਮੀਤ ਸਿੰਘ 27 ਸਾਲ ਤੋਂ ਜ਼ਿਆਦਾ ਸਮੇਂ ਤੋਂ ਜੇਲ੍ਹ 'ਚ ਬੰਦ ਹੈ ਅਤੇ ਹੁਣ ਉਸਨੂੰ ਜ਼ਮਾਨਤ ਦੇ ਦਿੱਤੀ ਗਈ ਹੈ। ਉਨ੍ਹਾਂ ਨੂੰ 2007 ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।

ਦੱਸ ਦਈਏ ਕਿ 31 ਅਗਸਤ 1995 ਨੂੰ ਪੰਜਾਬ ਸਿਵਲ ਸਕੱਤਰੇਤ ਕੰਪਲੈਕਸ ਵਿੱਚ ਹੋਏ ਬੰਬ ਧਮਾਕੇ ਵਿੱਚ ਸਾਬਕਾ ਮੁੱਖ ਮੰਤਰੀ ਸਮੇਤ ਕਈ ਲੋਕ ਮਾਰੇ ਗਏ ਸਨ। ਗੁਰਮੀਤ ਦੇ ਵਕੀਲ ਰਵਿੰਦਰ ਸਿੰਘ ਬਸੀ (ਜੌਲੀ) ਨੇ ਜ਼ਮਾਨਤ ਅਰਜ਼ੀ 'ਚ ਕਿਹਾ ਸੀ ਕਿ ਗੁਰਮੀਤ ਨੂੰ ਉਸ ਸਮੇਂ ਤੱਕ ਜ਼ਮਾਨਤ ਦਾ ਲਾਭ ਦਿੱਤਾ ਜਾਣਾ ਚਾਹੀਦਾ ਹੈ, ਜਦੋਂ ਤੱਕ ਉਸ ਦੀ ਪ੍ਰੀ-ਮੈਚਿਓਰ ਧਰਮ ਪਟੀਸ਼ਨ 'ਤੇ ਫੈਸਲਾ ਨਹੀਂ ਹੋ ਜਾਂਦਾ। 

ਦਾਇਰ ਜ਼ਮਾਨਤ ਦੀ ਅਰਜ਼ੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜਨਵਰੀ 2023 ਦੇ ਇੱਕ ਮਾਣਹਾਨੀ ਦੇ ਇੱਕ ਫੈਸਲੇ 'ਤੇ ਅਧਾਰਤ ਸੀ। ਇਸ ਦੇ ਨਾਲ ਹੀ ਹਾਈ ਕੋਰਟ ਵੱਲੋਂ ਸਾਲ 2022 ਦੇ ਇੱਕ ਕੇਸ ਵਿੱਚ ਜੂਨ 2023 ਵਿੱਚ ਦਿੱਤੇ ਫੈਸਲੇ ਨੂੰ ਪੇਸ਼ ਕਰਦਿਆਂ ਦਲੀਲਾਂ ਵੀ ਦਿੱਤੀਆਂ ਗਈਆਂ। ਵਕੀਲ ਰਵਿੰਦਰ ਸਿੰਘ ਅਨੁਸਾਰ ਮੰਗਲਵਾਰ ਨੂੰ ਜ਼ਮਾਨਤ ਬਾਂਡ ਦੀ ਕਾਰਵਾਈ ਪੂਰੀ ਨਾ ਹੋਣ ਕਾਰਨ ਗੁਰਮੀਤ ਸਿੰਘ ਨੂੰ ਅੱਜ ਬੁੱਧਵਾਰ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ।

ਜ਼ਿਕਰਯੋਗ ਹੈ ਕਿ ਅਦਾਲਤ ਨੇ ਜੁਲਾਈ 2007 ਵਿੱਚ ਬੇਅੰਤ ਸਿੰਘ ਕਤਲ ਕੇਸ ਵਿੱਚ ਬੰਦੀ ਸਿੰਘ ਗੁਰਮੀਤ ਨੂੰ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਉਹ 27 ਸਾਲ ਤੋਂ ਵੱਧ ਜੇਲ੍ਹ ਵਿੱਚ ਬਿਤਾ ਚੁੱਕੇ ਹਨ। ਉਨ੍ਹਾਂ ਨੇ ਆਪਣੀ ਪ੍ਰੀ-ਮੈਚਿਓਰ ਰਿਹਾਈ ਲਈ ਹਾਈ ਕੋਰਟ ਵਿੱਚ ਪਟੀਸ਼ਨ ਵੀ ਦਾਇਰ ਕੀਤੀ ਸੀ। ਇਸੇ ਤਰ੍ਹਾਂ ਦੀ ਅਰਜ਼ੀ ਇੱਕ ਹੋਰ ਦੋਸ਼ੀ ਸ਼ਮਸ਼ੇਰ ਸਿੰਘ ਨੇ ਵੀ ਦਾਇਰ ਕੀਤੀ ਸੀ। ਉਹ ਵੀ ਪਹਿਲਾਂ ਪੈਰੋਲ 'ਤੇ ਰਿਹਾਅ ਹੋ ਚੁੱਕਾ ਹੈ। ਇਸ ਸਮੇਂ ਉਹ ਜੇਲ੍ਹ ਵਿੱਚ ਹੈ।