ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬ ਦੇ ਹੜ੍ਹ ਪੀੜਤਾਂ ਲਈ ਸਹਾਇਤ ਕੇਂਦਰ ਸਥਾਪਿਤ ਕੀਤੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹੜ੍ਹ ਪੀੜਤਾਂ ਲਈ ਲੰਗਰ ਅਤੇ ਹੋਰ ਲੋੜੀਂਦੀਆਂ ਵਸਤਾਂ ਦੇ ਕੀਤੇ ਗਏ ਪ੍ਰਬੰਧ

Shiromani Gurdwara Parbandhak Committee establishes relief center for flood victims in Punjab

SGPC News in punjabi : ਪੰਜਾਬ ਦੇ ਕੁਝ ਜ਼ਿਲਿ੍ਹਆਂ ’ਚ ਬਣੀ ਹੜ੍ਹਾਂ ਦੀ ਸਥਿਤੀ ਦੇ ਮੱਦੇਨਜ਼ਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਿਰਦੇਸ਼ਾਂ ਅਨੁਸਾਰ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਵੱਖ-ਵੱਖ ਗੁਰਦੁਆਰਾ ਸਾਹਿਬਾਨ ਅੰਦਰ ਸਹਾਇਤਾ ਕੇਂਦਰ ਸਥਾਪਤ ਕੀਤੇ ਗਏ ਹਨ, ਤਾਂ ਜੋ ਹੜ੍ਹ ਪੀੜ੍ਹਤਾਂ ਦੀ ਹਰ ਸੰਭਵ ਮੱਦਦ ਕੀਤੀ ਜਾ ਸਕੇ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਮੁਸ਼ਕਿਲ ਦੇ ਸਮੇਂ ਮਾਨਵਤਾ ਨਾਲ ਖੜ੍ਹਨਾ ਸ਼੍ਰੋਮਣੀ ਕਮੇਟੀ ਆਪਣਾ ਫ਼ਰਜ਼ ਸਮਝਦੀ ਹੈ ਅਤੇ ਗੁਰੂ ਵੱਲੋਂ ਦਰਸਾਏ ਮਾਰਗ ਅਨੁਸਾਰ ਸਿੱਖ ਸੰਸਥਾ ਲੋੜਵੰਦਾਂ ਲਈ ਨਿਰੰਤਰ ਕਾਰਜਸ਼ੀਲ ਹੈ।  ਉਨ੍ਹਾਂ ਕਿਹਾ ਕਿ ਬੀਤੇ ਦਿਨਾਂ ਤੋਂ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਕਈ ਇਲਾਕਿਆਂ ਵਿੱਚ ਹੜ੍ਹਾਂ ਦੀ ਸਥਿਤੀ ਬਣੀ ਹੋਈ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਿਰਦੇਸ਼ਾਂ ਅਨੁਸਾਰ ਵੱਖ-ਵੱਖ ਗੁਰਦੁਆਰਾ ਸਾਹਿਬਾਨ ਅੰਦਰ ਰਿਹਾਇਸ਼, ਲੰਗਰ ਅਤੇ ਹੋਰ ਲੋੜੀਂਦੀਆਂ ਵਸਤਾਂ ਦੇ ਪ੍ਰਬੰਧ ਕੀਤੇ ਗਏ ਹਨ। 

ਉਨ੍ਹਾਂ ਕਿਹਾ ਕਿ ਹੜ੍ਹ ਪੀੜਤਾਂ ਦੀ ਸਹੂਲਤ ਲਈ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਰੋਪੜ, ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਪਾਤਸ਼ਾਹੀ ਨੌਵੀਂ ਪਟਿਆਲਾ, ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਕਪੂਰਥਲਾ, ਗੁਰਦੁਆਰਾ ਸ੍ਰੀ ਤੇਗ ਬਹਾਦਰ ਸਾਹਿਬ ਪਾਤਸ਼ਾਹੀ ਨੌਵੀਂ ਬਾਬਾ ਬਕਾਲਾ ਅੰਮ੍ਰਿਤਸਰ, ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਗੋਇੰਦਵਾਲ ਸਾਹਿਬ ਤਰਨ ਤਾਰਨ, ਗੁਰਦੁਆਰਾ ਭੱਠਾ ਸਾਹਿਬ ਪਾਤਸ਼ਾਹੀ ਦਸਵੀਂ ਕੋਟਲਾ ਨਿਹੰਗ ਰੋਪੜ, ਗੁਰਦੁਆਰਾ ਸ੍ਰੀ ਚਮਕੌਰ ਸਾਹਿਬ ਰੂਪਨਗਰ, ਗੁਰਦੁਆਰਾ ਸ੍ਰੀ ਚਰਨਕੰਵਲ ਸਾਹਿਬ ਮਾਛੀਵਾੜਾ ਲੁਧਿਆਣਾ, ਗੁਰਦੁਆਰਾ ਸ੍ਰੀ ਬਾਰਠ ਸਾਹਿਬ ਪਠਾਨਕੋਟ, ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਰਾਮਦਾਸ ਅੰਮ੍ਰਿਤਸਰ, ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਗੁਰਦਾਸਪੁਰ, ਗੁਰਦੁਆਰਾ ਚੋਹਲਾ ਸਾਹਿਬ ਪਾਤਸ਼ਾਹੀ ਪੰਜਵੀਂ ਤਰਨ ਤਾਰਨ, ਗੁਰਦੁਆਰਾ ਗੁਰੂਸਰ ਜਾਮਨੀ ਸਾਹਿਬ ਪਾਤਸ਼ਾਹੀ ਦਸਵੀਂ ਬਜ਼ੀਦਪੁਰ ਫਿਰੋਜ਼ਪੁਰ, ਗੁਰਦੁਆਰਾ ਪ੍ਰਕਾਸ਼ ਅਸਥਾਨ ਭਾਈ ਲਾਲੂ ਜੀ ਡੱਲਾ ਕਪੂਰਥਲਾ, ਗੁਰਦੁਆਰਾ ਭਾਈ ਤਾਰਾ ਸਿੰਘ ਜੀ ਸ਼ਹੀਦ ਪਿੰਡ ਵਾਂ ਤਰਨ ਤਾਰਨ, ਗੁਰਦੁਆਰਾ ਬਾਬਾ ਬੀਰ ਸਿੰਘ ਜੀ ਪਿੰਡ ਰੱਤੋਕੇ ਤਰਨ ਤਾਰਨ ਵਿਖੇ ਕੇਂਦਰ ਸਥਾਪਤ ਕੀਤੇ ਗਏ ਹਨ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਹੜ੍ਹ ਪ੍ਰਭਾਵਿਤ ਲੋਕ ਸਬੰਧਤ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ ਨਾਲ ਸਹਾਇਤਾ ਲਈ ਸੰਪਰਕ ਕਰਨ।