ਅਕਾਲੀ ਦਲ ਤੋਂ ਭਾਜਪਾ ਨੇ ਬਣਾਈ ਦੂਰੀ ਪਰ ਸਿਆਸੀ ਗਠਜੋੜ 'ਚ ਤਰੇੜਾਂ ਨਹੀਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਾਰੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ ਵਿਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਪੁਲਿਸ ਮੁਖੀ ਸੁਮੇਧ ਸੈਣੀ......

Shiromani Akali Dal And Bharatiya Janata Party

ਚੰਡੀਗੜ੍ਹ : ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਾਰੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ ਵਿਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਪੁਲਿਸ ਮੁਖੀ ਸੁਮੇਧ ਸੈਣੀ ਦਾ ਨਾਂ ਵੱਜਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਅਪਣੀ ਭਾਈਵਾਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਤੋਂ ਦੂਰੀ ਬਣਾ ਲਈ ਹੈ। ਪੰਜਾਬ ਭਾਜਪਾ ਅਕਾਲੀਆਂ ਵਲੋਂ ਸ਼ੁਰੂ ਕੀਤੀਆਂ ਪੋਲ ਖੋਲ੍ਹ ਰੈਲੀਆਂ ਤੋਂ ਦੂਰੀ ਬਣਾ ਕੇ ਰੱਖ ਰਹੀ ਹੈ। ਭਾਜਪਾ ਨੇ ਹਾਲੇ ਤਕ ਬਾਦਲਾ ਦੇ ਬੇਕਸੂਰ ਹੋਣ ਬਾਬਤ ਵੀ ਅਪਣਾ ਮੂੰਹ ਨਹੀਂ ਖੋਲ੍ਹਿਆ।

ਭਾਜਪਾ ਦੇ ਅੰਦਰੂਨੀ ਭਰੋਸੇਯੋਗ ਸੂਤਰ ਦਸਦੇ ਹਨ ਕਿ ਪਾਰਟੀ ਨੇ ਇਕ ਮੀਟਿੰਗ ਕਰ ਕੇ ਵਰਕਰਾਂ }ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਸਬੰਧਤ ਘਟਨਾਵਾਂ ਤੋਂ ਦੂਰੀ ਬਣਾਈ ਰੱਖਣ ਲਈ ਕਿਹਾ ਹੈ। ਸੂਤਰ ਇਹ ਵੀ ਦਸਦੇ ਹਨ ਕਿ ਅਕਾਲੀ ਦਲ ਨੇ ਭਾਜਪਾ ਦੇ ਵਰਕਰਾਂ ਨੂੰ ਅਪਣੇ ਪੱਧਰ 'ਤੇ ਪੋਲ ਖੋਲ੍ਹ ਰੈਲੀਆਂ ਵਿਚ ਪੁੱਜਣ ਦੇ ਸੁਨੇਹੇ ਲਾਏ ਸਨ ਪਰ ਹੇਠਲੇ ਕੇਡਰ ਨੇ ਭਾਜਪਾ ਹਾਈ ਕਮਾਂਡ ਦੇ ਇਸ਼ਾਰੇ ਤੋਂ ਬਿਨਾਂ ਨਾਲ ਤੁਰਨ ਲਈ ਨਾਂਹ ਕਰ ਦਿਤੀ ਹੈ। ਉਂਜ ਭਾਜਪਾ ਨੇ ਮੀਟਿੰਗ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਲਈ ਅਕਾਲੀ ਦਲ ਦੀ ਥਾਂ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਹੱਥ ਹੋਣ ਦਾ ਦੋਸ਼ ਲਾਇਆ ਹੈ।

ਭਾਰਤੀ ਜਨਤਾ ਪਾਰਟੀ ਬੇਅਦਬੀ ਦੀਆਂ ਘਟਨਾਵਾਂ ਅਤੇ ਉਸ ਤੋਂ ਬਾਅਦ ਪੈਦਾ ਹੋਈ ਸਥਿਤੀ ਨੂੰ ਪੰਥਕ ਮਸਲੇ ਦਾ ਨਾਂਅ ਦੇ ਕੇ ਦੂਰੀ ਬਣਾ ਕੇ ਚਲ ਰਹੀ ਹੈ ਪਰ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਵਿਚ ਜ਼ਰੂਰ ਰਲ ਕੇ ਚਲ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਸਾਂਝੀ ਕੋਰ ਕਮੇਟੀ ਨੇ ਪ੍ਰੀਸ਼ਦ ਅਤੇ ਸੰਮਤੀ ਲਈ ਸੀਟਾਂ ਦੀ ਵੰਡ ਕੀਤੀ ਹੈ। ਇਸ ਵਾਰ ਸੀਟਾਂ ਦਾ ਅਨੁਪਾਤ ਪਿਛਲੀਆਂ ਚੋਣਾਂ ਵਾਲਾ ਹੀ ਰਖਿਆ ਗਿਆ ਹੈ।

ਉਂਜ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ ਵਿਚ ਬਾਦਲਾਂ ਦਾ ਨਾਂ ਸਾਹਮਣੇ ਆਉਣ ਕਰ ਕੇ ਵੋਟਰ ਅਕਾਲੀ ਦਲ ਅਤੇ ਭਾਜਪਾ ਨੂੰ ਜ਼ਿਆਦਾ ਹੁੰਗਾਰਾ ਨਹੀਂ ਦੇ ਰਹੇ ਅਤੇ ਚੋਣ ਨਤੀਜੇ ਇਕ ਪਾਸੜ ਰਹਿਣ ਦੇ ਆਸਾਰ ਹਨ। ਇਹ ਪਹਿਲੀ ਵਾਰ ਹੈ ਜਦੋਂ ਚੋਣਾਂ ਤੋਂ ਪਹਿਲਾਂ ਹੀ ਹਾਕਮ ਧਿਰ ਦੇ ਏਨੀ ਵੱਡੀ ਗਿਣਤੀ ਵਿਚ ਉਮੀਦਵਾਰ ਸਰਬਸੰਮਤੀ ਨਾਲ ਜੇਤੂ ਕਰਾਰ ਦਿਤੇ ਜਾ ਚੁਕੇ ਹਨ। ਉਂਜ ਕੇਂਦਰ ਅਤੇ ਪੰਜਾਬ ਭਾਜਪਾ ਨੇ ਲੋਕ ਸਭਾ ਦੀਆਂ ਚੋਣਾਂ ਅਕਾਲੀ ਦਲ ਨਾਲ ਰਲ ਕੇ ਲੜਨ ਦਾ ਵਾਅਦਾ ਦੁਹਰਾਇਆ ਹੈ। ਮੀਟਿੰਗ ਵਿਚ ਸ਼੍ਰੋਮਣੀ ਅਕਾਲੀ ਦਲ ਨਾਲ ਲੋਕ ਸਭਾ ਅੰਮ੍ਰਿਤਸਰ ਦੀ ਸੀਟ ਬਦਲਣ ਬਾਰੇ ਵੀ ਵਿਚਾਰ ਵਟਾਂਦਰਾ ਹੋਇਆ ਹੈ।

ਅੰਮ੍ਰਿਤਸਰ ਦੇ ਵੱਟੇ ਭਾਜਪਾ ਦੇ ਖਾਤੇ ਵਿਚ ਜਲੰਧਰ ਦੀ ਸੀਟ ਆਉਣ ਦੀ ਸੂਰਤ ਵਿਚ ਇਥੋਂ ਕੇਂਦਰੀ ਮੰਤਰੀ ਵਿਜੈ ਸਾਂਪਲਾ ਮੈਦਾਨ ਵਿਚ ਉਤਾਰਨ ਦੀ ਸਹਿਮਤੀ ਬਣ ਰਹੀ ਹੈ। ਦੂਜੀਆਂ ਦੋ ਸੀਟਾਂ ਲਈ ਵੀ ਨਵੇਂ ਉਮੀਦਵਾਰਾਂ ਦੀ ਤਲਾਸ਼ ਸ਼ੁਰੂ ਹੈ। ਪੰਜਾਬ ਭਾਜਪਾ ਇਕਾਈ ਦੇ ਇਕ ਸੀਨੀਅਰ ਨੇਤਾ ਤੇ ਸਾਬਕਾ ਕੈਬਨਿਟ ਮੰਤਰੀ ਜਿਹੜੇ ਕਿ ਮੀਟਿੰਗ ਵਿਚ ਮੌਜੂਦ ਸਨ,

ਨੇ ਦਸਿਆ  ਕਿ ਭਾਜਪਾ ਹਾਈ ਕਮਾਂਡ ਨੇ ਪੰਥਕ ਮਸਲੇ (ਬੇਅਦਬੀ ਕਾਂਡ) ਵਿਚ ਅਕਾਲੀ ਦਲ ਤੋਂ ਦੂਰੀ ਬਣਾ ਕੇ ਰੱਖਣ ਪਰ ਸਿਆਸੀ ਸਾਂਝ ਵਿਚ ਤਰੇੜਾਂ ਨਾ ਪੈਣ ਦੀ ਤਾਕੀਦ ਕੀਤੀ ਹੈ। ਭਾਜਪਾ ਨੇਤਾ ਦਾ ਇਹ ਵੀ ਕਹਿਣਾ ਹੈ ਕਿ ਅਕਾਲੀ ਦਲ ਦੇ ਕਈ ਸੀਨੀਅਰ ਨੇਤਾ ਬਾਦਲਾਂ ਦੇ ਬੇਅਦਬੀ ਦੋਸ਼ਾਂ ਵਿਚ ਘਿਰਨ ਨੂੰ ਲੈ ਕੇ ਅੰਦਰੋਂ ਅੰਦਰੀ ਖ਼ੁਸ਼ ਹਨ।