ਇਕ ਕੁਰਸੀ ਖ਼ਾਤਰ ਕਿਸਾਨਾਂ ਨੂੰ ਬੇਵਕੂਫ਼ ਬਣਾਉਣ ਦੀ ਕੋਸ਼ਿਸ਼ ਨਾ ਕਰੇ ਅਕਾਲੀ ਦਲ ਬਾਦਲ : ਸੇਖਵਾਂ
ਇਕ ਕੁਰਸੀ ਖ਼ਾਤਰ ਕਿਸਾਨਾਂ ਨੂੰ ਬੇਵਕੂਫ਼ ਬਣਾਉਣ ਦੀ ਕੋਸ਼ਿਸ਼ ਨਾ ਕਰੇ ਅਕਾਲੀ ਦਲ ਬਾਦਲ : ਸੇਖਵਾਂ
ਚੰਡੀਗੜ੍ਹ, 13 ਸਤੰਬਰ (ਸ.ਸ.ਸ) : ਸ਼੍ਰੋਮਣੀ ਅਕਾਲੀ ਦਲ ਵਲੋਂ ਅਚਾਨਕ ਬੀਤੇ ਦਿਨੀਂ ਕੋਰ ਕਮੇਟੀ ਮੀਟਿੰਗ 'ਚ ਤਿੰਨ ਕੇਂਦਰੀ ਖੇਤੀ ਆਰਡੀਨੈਂਸਾਂ ਦੇ ਮਾਮਲੇ 'ਚ ਯੂ ਟਰਨ ਲੈਣ ਦੀ ਕਾਰਵਾਈ ਤੇ ਪ੍ਰਤੀਕਿਰਿਆ ਦਿੰਦੇ ਹੋਏ ਅਕਾਲੀ ਦਲ ਡੇਮੋਕ੍ਰੈਟਿਕ ਦੇ ਸੀਨੀਅਰ ਆਗੂ ਜਥੇਦਾਰ ਸੇਵਾ ਸਿੰਘ ਸੇਖਵਾਂ ਨੇ ਇਸ ਨੂੰ ਕਿਸਾਨਾਂ ਨੂੰ ਗੁੰਮਰਾਹ ਕਰਨ ਲਈ ਬਾਦਲ ਦਲ ਦੀ ਡਰਾਮੇਬਾਜ਼ੀ ਦਸਿਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਬਾਦਲ ਦੀ ਕਲ ਵਾਲੀ ਕੋਰ ਕਮੇਟੀ ਮੀਟਿੰਗ ਵਿਚ ਉਨ੍ਹਾਂ ਫ਼ੈਸਲਾ ਕੀਤਾ ਹੈ ਕਿ ਅਕਾਲੀ ਦਲ ਬਾਦਲ ਦਾ ਵਫ਼ਦ ਖੇਤੀ ਆਰਡੀਨੈਂਸਾਂ ਦੇ ਮੁੱਦੇ 'ਤੇ ਕੇਂਦਰ ਸਰਕਾਰ ਨੂੰ ਮਿਲੇਗਾ। ਅਜੇ ਕੁੱਝ ਦਿਨ ਪਹਿਲਾਂ ਹੀ ਸੁਖਬੀਰ ਸਿੰਘ ਬਾਦਲ ਕੇਂਦਰੀ ਖੇਤੀ ਮੰਤਰੀ ਦੀ ਆਈ ਇਕ ਨਿਰਆਧਾਰ ਚਿੱਠੀ ਵਿਖਾ ਕੇ ਪ੍ਰੈੱਸ ਕਾਨਫ਼ਰੰਸ ਵਿਚ ਹਿੱਕ ਠੋਕ ਕੇ ਇਨ੍ਹਾਂ ਆਰਡੀਨੈਂਸਾਂ ਦੇ ਹੱਕ ਵਿਚ ਬੋਲ ਰਹੇ ਸਨ। ਕਹਿ ਰਹੇ ਸੀ ਕਿ ਇਨ੍ਹਾਂ ਵਿਚ ਕੁੱਝ ਵੀ ਕਿਸਾਨ ਵਿਰੋਧੀ ਨਹੀਂ ਹੈ। ਇਹ ਕਿਸਾਨਾਂ ਦੇ ਹੱਕ ਵਿਚ ਹੈ ਪਰ ਫੇਰ ਹੁਣ ਅਚਾਨਕ ਯੂ ਟਰਨ ਲੈਣ ਦੀ ਕੀ ਲੋੜ ਪੈ ਗਈ? ਮੈਨੂੰ ਜਾਪਦਾ ਹੈ ਕਿ ਅਸਲ ਵਿਚ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਇਨ੍ਹਾਂ ਆਰਡੀਨੈਂਸਾਂ ਬਾਰੇ ਅਸਲ ਵਿਚ ਕੋਈ ਗਿਆਨ ਹੀ ਨਹੀਂ ਹੈ। ਉਹ ਬੱਸ ਅਪਣੀ ਧਰਮ ਪਤਨੀ ਦੀ ਕੁਰਸੀ ਬਚਾਉਣ ਲਈ ਕੇਂਦਰ ਦੀ ਹਾਂ ਵਿਚ ਹਾਂ ਮਿਲਾ ਰਹੇ ਹਨ।