ਹਿਜ਼ਬੁਲ ਨੇ ਚਿੱਠੀ ਰਾਹੀਂ ਜੰਮੂ 'ਚ ਆਗੂਆਂ ਨੂੰ ਦਿਤੀ ਧਮਕੀ, ਪੁਲਿਸ ਨੇ ਐਫ਼.ਆਈ.ਆਰ ਕੀਤੀ ਦਰਜ
ਹਿਜ਼ਬੁਲ ਨੇ ਚਿੱਠੀ ਰਾਹੀਂ ਜੰਮੂ 'ਚ ਆਗੂਆਂ ਨੂੰ ਦਿਤੀ ਧਮਕੀ, ਪੁਲਿਸ ਨੇ ਐਫ਼.ਆਈ.ਆਰ ਕੀਤੀ ਦਰਜ
ਜੰਮੂ, 13 ਸਤੰਬਰ : ਪੁਲਿਸ ਨੇ ਕਾਂਗਰਸ ਦੇ ਇਕ ਸੀਨੀਅਰ ਆਗੂ ਨੂੰ ਅਤਿਵਾਦੀ ਸੰਗਠਨ ਹਿਜਬੁਲ ਮੁਜਾਹਿਦੀਨ ਵਲੋਂ ਧਮਕੀ ਵਾਲੀ ਚਿੱਠੀ ਮਿਲਣ ਦੇ ਬਾਅਦ ਐਫ਼.ਆਈ.ਆਰ ਦਰਜ ਕੀਤੀ ਹੈ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿਤੀ। ਉਨ੍ਹਾਂ ਦਸਿਆ ਕਿ ਉਰਦੂ 'ਚ ਲਿਖੇ ਦੋ ਸਫ਼ਿਆਂ ਦੀ ਚਿੱਠੀ 'ਚ ਧਮਕੀ ਦਿਤੀ ਗਈ ਹੈ ਕਿ ਜੇਕਰ ਜੰਮੂ ਖੇਤਰ ਦੇ ਮੁੱਖਧਾਰਾ ਦੇ ਆਗੂ ਰਾਜਨੀਤੀ ਨਹੀ ਛੱਡਣਗੇ ਤਾਂ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ। ਇਸ 'ਚ ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੂੰ ਵੀ ਨਿਸ਼ਾਨਾ ਬਣਾਉਣ ਦੀ ਗੱਲ ਕਹੀ ਗਈ ਹੈ।
ਅਧਿਕਾਰੀਆਂ ਨੇ ਐਤਵਾਰ ਨੂੰ ਦਸਿਆ ਕਿ ਚਿੱਠੀ ਅਤਿਵਾਦੀ ਸੰਗਠਨ ਦੇ 'ਲੈਟਰ ਪੈਡ' 'ਤੇ ਲਿਖੀ ਗਈ ਹੈ। ਇਹ ਚਿੱਠੀ ਜੰਮੂ ਕਸ਼ਮੀਰ ਕਾਂਗਰਸ ਦੇ ਸੀਨੀਅਰ ਉਪ ਪ੍ਰਧਾਨ ਅਤੇ ਸਾਬਕਾ ਮੰਤਰੀ ਰਮਨ ਭੱਲਾ ਨੂੰ ਸ਼ੁਕਰਵਾਰ ਨੂੰ ਉੇਨ੍ਹਾਂ ਦੇ ਮੁੱਖ ਦਫ਼ਤਰ 'ਚ ਡਾਕ ਰਾਹੀਂ ਭੇਜੀ ਗਈ।
ਕਾਂਗਰਸ ਆਗੂ ਨੇ ਕਿਹਾ, ''ਅਸੀਂ ਰਾਸ਼ਟਰ ਵਿਰੋਧੀ ਤੱਤਾਂ ਦੀ ਅਜਿਹੀਆਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਹਨ। ਪਿਛਲੇ ਤਿੰਨ ਦਹਾਕਿਆਂ ਤੋਂ ਪਾਕਿਸਤਾਨ ਦੇ ਇਸ਼ਾਰੇ 'ਤੇ ਜੰਮੂ ਕਸ਼ਮੀਰ 'ਚ ਫੈਲਾਏ ਗਏ ਅਤਿਵਾਦ ਦੇ ਖ਼ਿਲਾਫ਼ ਅਸੀਂ ਖੜ੍ਹੇ ਹਾਂ ਅਤੇ ਜੰਮੂ ਕਸ਼ਮੀਰ ਨੂੰ ਅਤਿਵਾਦ ਮੁਕਤ, ਸ਼ਾਂਤੀਪੂਰਣ ਅਤੇ ਖ਼ੁਸਹਾਲ ਬਣਾਉਣ ਲਈ ਅਪਦੇ ਫ਼ਰਜ਼ਾਂ ਦੀ ਪਾਲਣਾਂ ਕਰਦੇ ਰਹਾਂਗੇ।''
ਚਿੱਠੀ 'ਤੇ ਹਿਜਬੁਲ ਮੁਜਾਹਿਦੀਨ ਦੇ ਇਕ ਸੀਨੀਅਰ ਡਿਵੀਜਨਲ ਕਮਾਂਡਰ ਦੇ ਦਸਤਖ਼ਤ ਹਨ। ਚਿੱਠੀ ਵਿਚ ਕੇਂਦਰੀ ਮੰਤਰੀ ਸਿੰਘ, ਭੱਲਾ, ਜੰਮੂ-ਕਸ਼ਮੀਰ ਭਾਜਪਾ ਪ੍ਰਧਾਨ ਰਵਿੰਦਰ ਰੈਨਾ, ਸਾਬਕਾ ਉੱਪ ਮੁੱਖ ਮੰਤਰੀ ਨਿਰਮਲ ਸਿੰਘ, ਨੈਸ਼ਨਲ ਕਾਨਫਰੰਸ (ਨੇਕਾਂ) ਦੇ ਸੂਬਾਈ ਪ੍ਰਧਾਨ ਦਵਿੰਦਰ ਰਾਣਾ ਡੋਗਰਾ, ਸਵਾਭਿਮਾਨ ਸੰਗਠਨ ਦੇ ਨੇਤਾ ਚੌਧਰੀ ਲਾਲ ਸਿੰਘ ਅਤੇ ਨੈਸ਼ਨਲ ਪੈਥਰਸ ਪਾਰਟੀ ਦੇ ਪ੍ਰਧਾਨ ਹਰਸ਼ ਦੇਵ ਤੋਂ ਇਲਾਵਾ ਕਈ ਹੋਰ ਸਾਬਕਾ ਮੰਤਰੀਆਂ, ਵਿਧਾਇਕਾਂ, ਖੇਤਰੀ ਦਲਾਂ ਦੇ 17 ਆਗੂਆਂ ਦੇ ਨਾਂ ਹਨ। ਚਿੱਠੀ ਵਿਚ ਕਿਹਾ ਕਿ ਅਸੀਂ ਤੁਹਾਨੂੰ ਚਿਤਾਵਨੀ ਦਿੰਦੇ ਹਾਂ ਕਿ ਰਾਜਨੀਤੀ ਛੱਡ ਦਿਓ ਅਤੇ ਆਜ਼ਾਦੀ ਲਈ ਸਾਡੀ ਲੜਾਈ 'ਚ ਸਾਡਾ ਸਾਥ ਦਿਓ, ਨਹੀਂ ਤਾਂ ਤੁਹਾਡੇ ਖ਼ਿਲਾਫ਼ ਮੌਤ ਦਾ ਵਾਰੰਟ ਜਾਰੀ ਹੋ ਚੁੱਕਾ ਹੈ। (ਪੀਟੀਆਈ)