ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਲੋਕਾਂ ਦੀਆਂ ਨਜ਼ਰਾਂ ਟਿਕੀਆਂ

ਏਜੰਸੀ

ਖ਼ਬਰਾਂ, ਪੰਜਾਬ

ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਲੋਕਾਂ ਦੀਆਂ ਨਜ਼ਰਾਂ ਟਿਕੀਆਂ

image

ਸੰਗਰੂਰ, 13 ਸਤੰਬਰ (ਬਲਵਿੰਦਰ ਸਿੰਘ ਭੁੱਲਰ): ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਦੀ ਅਦਾਲਤ ਵਲੋਂ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਵਿਰੁਧ ਚੰਡੀਗੜ੍ਹ ਨਿਵਾਸੀ ਬਲਵੰਤ ਸਿੰਘ ਮੁਲਤਾਨੀ ਦੀ ਪੁਲਿਸ ਤਸ਼ੱਦਦ ਦੌਰਾਨ ਮੌਤ ਹੋ ਜਾਣ ਤੋਂ ਬਾਅਦ ਕਤਲ ਦੀ ਧਾਰਾ 302 ਦਾ ਵਾਧਾ ਕਰਨ ਨਾਲ ਅਤੇ ਉਸ ਤੋਂ ਹਫ਼ਤਿਆਂ ਬਾਅਦ, ਉਸ ਦੀ ਗ੍ਰਿਫ਼ਤਾਰੀ ਦੇ ਵਾਰੰਟ ਜਾਰੀ ਕਰਨਾ ਮਹਿਜ ਅੱਖਾਂ ਪੂੰਝਣ ਵਾਲੀ ਕਾਰਵਾਈ ਲੱਗ ਰਹੀ ਹੈ ਜਿਸ ਨਾਲ ਜਿਥੇ ਪੰਜਾਬ ਵਸਦੇ ਲੱਖਾਂ ਸਿੱਖ ਪ੍ਰਵਾਰਾਂ ਅੰਦਰ ਨਾਰਾਜ਼ਗੀ ਵਧੀ ਹੈ ਉਥੇ ਅਦਾਲਤ ਦੇ ਢਿਲਮੱਠ ਵਾਲੇ ਰਵਈਏ ਅਤੇ ਪੰਜਾਬ ਪੁਲਿਸ ਦੀ ਸ਼ੱਕੀ ਕਾਰਗੁਜ਼ਾਰੀ ਤੇ ਉਂਗਲ ਉਠਾਉਣ ਦਾ ਮੌਕਾ ਵੀ ਮਿਲਿਆ ਹੈ।  
ਚੰਡੀਗੜ੍ਹ ਅਤੇ ਮੁਹਾਲੀ ਵਸਦੇ ਪੰਜਾਬੀਆਂ ਦਾ ਕਹਿਣਾ ਹੈ ਕਿ ਚੰਡੀਗੜ੍ਹ ਪੁਲਿਸ, ਪੰਜਾਬ ਪੁਲਿਸ ਅਤੇ ਪੰਜਾਬ ਦੇ ਕੁੱਝ ਸਿਆਸੀ ਪ੍ਰਵਾਰਾਂ ਦੀ ਸਰਪ੍ਰਸਤੀ ਅਤੇ ਮਿਲੀਭੁਗਤ ਨਾਲ ਸੁਮੇਧ ਸਿੰਘ ਸੈਣੀ ਨੂੰ ਵਿਦੇਸ਼ ਚਲੇ ਜਾਣ ਲਈ ਹਰ ਤਰ੍ਹਾਂ ਦੀ ਪੂਰੀ ਮਦਦ ਦਿਤੀ ਜਾ ਸਕਦੀ ਹੈ ਤਾਕਿ ਉਹ ਅਪਣੀ ਜ਼ੈੱਡ ਸੁਰੱਖਿਆ ਤੋਂ ਅੱਖ ਬਚਾ ਕੇ ਵਿਦੇਸ਼ ਜਾ ਸਕੇ ਜਿਥੋਂ ਉਸ ਨੂੰ ਵਾਪਸ ਲਿਆਉਣਾ ਅਦਾਲਤ ਜਾਂ ਸੂਬਾ ਸਰਕਾਰ ਲਈ ਕਦੇ ਸੌਖਾ ਨਹੀਂ ਹੋਵੇਗਾ। ਪੰਜਾਬ ਪੁਲਿਸ ਬਾਰੇ ਆਮ ਪਬਲਿਕ ਦਾ ਕਹਿਣਾ ਹੈ ਕਿ ਜੇਕਰ ਉਹ ਕੁੱਝ ਕਰਨ ਬਾਰੇ ਅਪਣੀ ਆਈ ਤੇ ਆ ਜਾਵੇ ਤਾਂ ਧਾਰਾ 107/151 ਅਧੀਨ ਵੀ ਕਤਲ ਵਰਗੇ ਹਾਲਾਤ ਸਿਰਜ ਦਿੰਦੀ ਹੈ।  ਜੇਕਰ ਢਿਲਮੱਠ ਵਾਲਾ ਰਵਈਆ ਅਪਣਾ ਲਵੇ ਤਾਂ ਕਤਲ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਵਿਚ ਵੀ ਕਾਹਲੀ ਨਹੀਂ ਵਿਖਾਉਂਦੀ। ਸੋ, ਪੰਜਾਬੀਆਂ ਨੂੰ ਤਾਂ ਲਗਭਗ ਪਹਿਲਾਂ ਹੀ ਪਤਾ ਲੱਗ ਗਿਆ ਸੀ ਕਿ ਸੈਣੀ ਨੂੰ ਪੁਲਿਸ ਮਦਦ ਰਾਹੀਂ ਫ਼ਰਾਰ ਹੋਣ ਦਾ ਮੌਕਾ ਦੇ ਦਿਤਾ ਗਿਆ ਹੈ ਪਰ ਪੰਜਾਬ ਪੁਲਿਸ ਨੇ ਪੰਜਾਬ ਦੇ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਲਈ ਸੈਣੀ ਦੇ ਫ਼ਰਜ਼ੀ ਠਿਕਾਣਿਆਂ 'ਤੇ ਛਾਪੇਮਾਰੀ ਕਰ ਕੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ। ਜੇਕਰ ਉਸ ਪਾਸੋਂ ਪੁਲਿਸ ਰੀਮਾਂਡ ਲੈ ਕੇ ਗੰਭੀਰਤਾ ਨਾਲ ਪੁਛ ਪੜਤਾਲ ਕੀਤੀ ਜਾਂਦੀ ਤਾਂ ਉਸ ਵਿਚੋਂ ਸੈਂਕੜੇ ਕਤਲ ਨਿਕਲ ਸਕਦੇ ਸਨ ਅਤੇ ਉਸ ਦੇ ਨਾਲ-ਨਾਲ ਸੂਬੇ ਅੰਦਰ ਰਾਜ ਕਰਦੀਆਂ ਰਹੀਆਂ ਤਤਕਾਲੀ ਸਰਕਾਰਾਂ ਦੇ ਕੁੱਝ ਮੋਢੀ ਵਿਅਕਤੀਆਂ ਦੇ ਪੰਜਾਬੀਆਂ ਦੇ ਕਤਲਾਂ ਦੀ ਸਾਜ਼ਸ਼ ਵਿਚ ਸ਼ਾਮਲ ਹੋਣ ਬਾਰੇ ਹੋਰ ਸੈਂਕੜੇ ਗੁਪਤ ਵੀ ਭੇਦ ਖੁੱਲ੍ਹਣੇ ਸਨ ਪਰ ਸਾਰਿਆਂ ਵਲੋਂ ਆਪਸੀ ਸਮਝ ਅਤੇ ਸੂਝ-ਬੂਝ ਦੇ ਆਧਾਰ ਤੇ ਉਸ ਨੂੰ ਬਾਹਰ ਕਢਣ ਦਾ ਰਸਤਾ ਪੱਧਰਾ ਕਰ ਦਿਤਾ ਗਿਆ ਹੈ ਤਾਂ ਭਵਿੱਖ ਵਿਚ ਉਸ ਨੂੰ ਵੀ ਅਤੇ ਕਿਸੇ ਹੋਰ ਨੂੰ ਵੀ ਕੋਈ ਮੁਸ਼ਕਲ ਪੇਸ਼ ਨਾ ਆਵੇ।

ਪੁਲਿਸ ਅਤੇ ਪੰਜਾਬ ਦੇ ਕੁੱਝ ਸਿਆਸੀ ਪ੍ਰਵਾਰਾਂ ਦੀ ਸਰਪ੍ਰਸਤੀ ਦੁਆਰਾ ਸੁਮੇਧ ਸੈਣੀ ਨੂੰ ਵਿਦੇਸ਼ ਚਲੇ ਜਾਣ ਲਈ ਦਿਤੀ ਜਾ ਸਕਦੀ ਹੈ ਮਦਦ