ਸੋਨੂੰ ਸੂਦ ਤੇ ਕਰਨ ਗਿਲਹੋਤਰਾ ਨੇ ਫਿਰ ਵਧਾਇਆ ਮਦਦ ਦਾ ਹੱਥ, ਵਿਦਿਆਰਥੀਆਂ ਨੂੰ ਵੰਡੇ ਸਮਾਰਟਫ਼ੋਨ
ਸ਼ਹਿਰ ਦੇ ਪਰਉਪਕਾਰੀ ਕਰਨ ਗਿਲਹੋਤਰਾ ਨੇ ਕਿਹਾ ਕਿ ਉਹ ਹਮੇਸ਼ਾ ਸ਼ਹਿਰ ਦੇ ਲਈ ਮਦਦ ਕਰ ਕੇ ਚੰਗਾ ਮਹਿਸੂਸ ਕਰਦੇ ਹਨ
ਚੰਡੀਗੜ੍ਹ - ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆਂ ਨੂੰ ਆਪਣੀ ਲਪੇਟ ਵਿਚ ਲਿਆ ਹੋਇਆ ਹੈ ਅਤੇ ਇਸ ਤੋਂ ਸਿੱਖਿਆ ਪ੍ਰਣਾਲੀ ਵੀ ਬਚ ਨਹੀਂ ਸਕੀ। ਤਾਲਾਬੰਦੀ ਕਰ ਕੇ ਸਕੂਲ ਵੀ ਬੰਦ ਕਰ ਦਿੱਤੇ ਗਏ ਅਤੇ ਇਸ ਦੌਰਾਨ ਆਨਲਾਈਨ ਸਿੱਖਿਆ ਹੀ ਵਿਦਿਆਰਥੀਆਂ ਲਈ ਇਕ ਨਵਾਂ ਤਰੀਕਾ ਹੈ। ਬੱਚਿਆਂ ਨੂੰ ਸਾਰੀ ਪੜ੍ਹਾਈ ਆਨਲਾਈਨ ਹੀ ਕਰਨੀ ਪੈ ਰਹੀ ਹੈ ਪਰ ਇਸ ਕਰ ਕੇ ਮਾਪਿਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਆਨਲਾਈਨ ਪੜ੍ਹਾਈ ਕਰਨ ਲਈ ਕਈ ਵਿਦਿਆਰਥੀਆਂ ਕੋਲ ਸਮਾਰਟ ਫ਼ੋਨ ਨਹੀਂ ਹਨ।
ਮਾਪਿਆਂ ਦੀ ਇਸ ਮੁਸ਼ਕਿਲ ਦਾ ਹੱਲ ਕਰਨ ਲਈ ਸੋਨੂੰ ਸੂਦ ਅਤੇ ਉਹਨਾਂ ਦੀ ਕਰੀਬੀ ਦੋਸਤ ਕਰਨ ਗਿਲਹੋਤਰਾ ਅੱਗੇ ਆਏ ਹਨ। ਲੌਕਡਾਊਨ ਦੌਰਾਨ ਹਜ਼ਾਰਾਂ ਲੋਕਾਂ ਦੀ ਮਦਦ ਕਰਨ ਤੋਂ ਬਾਅਦ ਕਰਨ ਗਿਲਹੋਤਰਾ ਨੇ ਅੱਜ ਧਨਾਸ, ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਸਮਾਰਟ ਫ਼ੋਨ ਵੰਡੇ, ਉੱਥੇ ਹੀ ਸੋਨੂੰ ਸੂਦ ਨੇ ਇਹਨਾਂ ਵਿਦਿਆਰਥੀਆਂ ਨਾਲ ਵੀਡੀਓ ਕਾਲ ਕਰ ਕੇ ਗੱਲਬਾਤ ਕੀਤੀ।
ਇਸ ਪਹਿਲ ਨਾਲ ਸਰਕਾਰੀ ਸਕੂਲਾਂ ਦੇ ਉਹਨਾਂ ਬੱਚਿਆਂ ਨੂੰ ਫਾਇਦਾ ਪਹੁੰਚਿਆਂ ਜੋ ਆਨਲਾਈਨ ਕਲਾਸ ਲਗਾਉਣ ਲਈ ਸਮਾਰਟ ਫੋ਼ਨ ਨਹੀਂ ਖਰੀਦ ਸਕਦੇ ਸਨ। ਕਰਨ ਗਿਲਹੋਤਰਾ ਅਤੇ ਸੋਨੂੰ ਸੂਦ ਨੂੰ ਇਕ ਟਵੀਟ ਜਰੀਏ ਟੈਗ ਕੀਤੇ ਜਾਣ ਤੋਂ ਬਾਅਦ ਉਹਨਾਂ ਨੂੰ ਧਨਾਸ ਦੀ ਇਸ ਖ਼ਬਰ ਬਾਰੇ ਪਤਾ ਚੱਲਿਆ, ਜਿਸ ਤੋਂ ਬਾਅਦ ਉਹਨਾਂ ਨੇ ਤੁਰੰਤ ਸਮਾਰਟ ਫ਼ੋਨ ਖਰੀਦੇ ਅਤੇ ਲੋੜਵੰਦ ਵਿਦਿਆਰਥੀਆਂ ਨੂੰ ਵੰਡੇ।
ਸ਼ਹਿਰ ਦੇ ਪਰਉਪਕਾਰੀ ਕਰਨ ਗਿਲਹੋਤਰਾ ਨੇ ਕਿਹਾ ਕਿ ਉਹ ਹਮੇਸ਼ਾ ਸ਼ਹਿਰ ਦੇ ਲਈ ਮਦਦ ਕਰ ਕੇ ਚੰਗਾ ਮਹਿਸੂਸ ਕਰਦੇ ਹਨ। ਉਹਨਾਂ ਕਿਹਾ ਕਿ ਵਿਦਿਆਰਥੀ ਸਾਡੇ ਦੇਸ਼ ਦਾ ਭਵਿੱਖ ਹਨ ਅਤੇ ਮੌਜੂਦਾ ਸਮੇਂ ਵਿਚ ਉਹਨਾਂ ਦੀ ਪੜ੍ਹਾਈ ਵਿਚ ਕੋਈ ਰੁਕਾਵਟ ਨਹੀਂ ਆਉਣੀ ਚਾਹੀਦੀ। ਸਿੱਖਿਆ ਜਰੂਰੀ ਹੈ ਤੇ ਇਹ ਕਦੇ ਵੀ ਨਹੀਂ ਰੁਕਣੀ ਚਾਹੀਦੀ। ਵਿਦਿਆਰਥੀਆਂ ਦੀ ਮਦਦ ਕਰ ਕੇ ਅਸੀਂ ਇਹਨਾਂ ਦੇ ਸੁਪਨਿਆਂ ਨੂੰ ਸਾਕਾਰ ਕਰਨਾ ਚਾਹੁੰਦੇ ਹਾਂ।
ਇਸ ਪਹਿਲ ਬਾਰੇ ਗੱਲ ਕਰਦਿਆਂ ਸੋਨੂੰ ਸੂਦ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਇਹ ਸਾਲ ਹਰ ਕਿਸੇ ਲਈ ਚੁਣੌਤੀ ਬਣ ਗਿਆ ਹੈ। ਇਹ ਦੇਖ ਕੇ ਬਹੁਤ ਬੁਰਾ ਲੱਗਦਾ ਹੈ ਕਿ ਬੱਚੇ ਸਿਰਫ਼ ਇਸ ਕਰ ਕੇ ਆਪਣੀ ਆਨਲਾਈਨ ਕਲਾਸ ਨਹੀਂ ਲਗਾ ਪਾਉਂਦੇ ਕਿਉਂਕਿ ਉਹਨਾਂ ਕੋਲ ਸਮਾਰਟ ਫੋ਼ਨ ਨਹੀਂ ਹਨ। ਇਸ ਮੁਸ਼ਕਿਲ ਘੜੀ ਵਿਚ ਉਹਨਾਂ ਦੀ ਮਦਦ ਕਰ ਕੇ ਚੰਗਾ ਲੱਗ ਰਿਹਾ ਹੈ।
ਹੁਣ ਉਹ ਬਿਨ੍ਹਾਂ ਕਿਸੇ ਰੁਕਾਵਟ ਦੇ ਆਪਣੀ ਪੜ੍ਹਾਈ ਜਾਰੀ ਰੱਖ ਸਕਦੇ ਹਨ। ਦੱਸ ਦਈਏ ਕਿ ਲੌਕਡਾਊਨ ਸ਼ੁਰੂ ਹੋਣ ਤੋਂ ਬਾਅਦ ਸੋਨੂੰ ਸੂਦ ਅਤੇ ਕਰਨ ਗਿਲਹੋਤਰਾ ਜਰੂਰਤਮੰਦਾਂ ਦੀ ਸਮਦਦ ਕਰਦੇ ਆ ਰਹੇ ਹਨ। ਉਹਨਾਂ ਨੇ ਹਰਿਆਣਾ, ਮਹਾਰਾਸ਼ਟਰ, ਪੰਜਾਬ, ਉਡੀਸ਼ਾ, ਆਧਰਾਪ੍ਰਦੇਸ਼ ਵਰਗੇ ਸੂਬਿਆਂ ਨੂੰ ਸਮਾਰਟ ਫ਼ੋਨ ਵੰਡੇ ਹਨ। ਸਮਾਰਟ ਫ਼ੋਨ ਵੰਡਣ ਤੋਂ ਇਲਾਵਾ ਉਹਨਾਂ ਨੇ ਕਿਤਾਬਾਂ, ਟਰੈਕਟਰ ਵੀ ਵੰਡੇ ਹਨ।