ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੇ ਪੋਤੇ ਇੰਦਰਜੀਤ ਸਿੰਘ ਭਾਜਪਾ ’ਚ ਸ਼ਾਮਲ

ਏਜੰਸੀ

ਖ਼ਬਰਾਂ, ਪੰਜਾਬ

ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੇ ਪੋਤੇ ਇੰਦਰਜੀਤ ਸਿੰਘ ਭਾਜਪਾ ’ਚ ਸ਼ਾਮਲ

image

ਨਵੀਂ ਦਿੱਲੀ, 13 ਸਤੰਬਰ : ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੇ ਪੋਤੇ ਇੰਦਰਜੀਤ ਸਿੰਘ ਸੋਮਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ’ਚ ਸ਼ਾਮਲ ਹੋ ਗਏ। ਭਾਜਪਾ ਦੇ ਕੇਂਦਰੀ ਦਫ਼ਤਰ ’ਚ ਪਾਰਟੀ ਦੇ ਜਨਰਲ ਸਕੱਤਰ ਅਤੇ ਪੰਜਾਬ ਦੇ ਇੰਚਾਰਜ ਡਾ. ਦੁਸ਼ਯੰਤ ਗੌਤਮ, ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਅਤੇ ਇੰਦਰਜੀਤ ਸਿੰਘ ਨੂੰ ਪਾਰਟੀ ’ਚ ਸੁਆਗਤ ਕੀਤਾ ਅਤੇ ਮੈਂਬਰਸ਼ਿਪ ਦਿਤੀ। ਇਸ ਮੌਕੇ ਇੰਦਰਜੀਤ ਸਿੰਘ ਨੇ ਕਿਹਾ ਕਿ ਲੰਮੇ ਸਮੇਂ ਬਾਅਦ ਅੱਜ ਉਨ੍ਹਾਂ ਦੇ ਦਾਦਾ ਜੀ ਦੀ ਮਨੋਕਾਮਨਾ ਪੂਰੀ ਹੋਈ ਹੈ। ਕਾਂਗਰਸ ਨੇ ਉਨ੍ਹਾਂ ਦੀ ਵਫ਼ਾਦਾਰੀ ਦੇ ਬਾਵਜੂਦ ਜਿਸ ਤਰ੍ਹਾਂ ਦਾ ਸਲੂਕ ਕੀਤਾ, ਉਸ ਨਾਲ ਉਨ੍ਹਾਂ ਦਾ ਦਿਲ ਦੁਖਿਆ ਸੀ। ਉਨ੍ਹਾਂ ਕਿਹਾ,‘‘ਮੇਰੇ ਦਾਦਾ ਜੀ ਚਾਹੁੰਦੇ ਸਨ ਕਿ ਮੈਂ ਭਾਜਪਾ ’ਚ ਜਾਵਾਂ। ਉਨ੍ਹਾਂ ਨੇ ਮੈਨੂੰ ਅਟਲ ਬਿਹਾਰੀ ਵਾਜਪਾਈ ਅਤੇ ਲਾਲਕਿ੍ਰਸ਼ਨ ਅਡਵਾਨੀ ਕੋਲੋਂ ਆਸ਼ੀਰਵਾਦ ਲੈਣ ਭੇਜਿਆ ਸੀ।’’
  ਇੰਦਰਜੀਤ ਸਿੰਘ ਦਾ ਭਾਜਪਾ ਵਿਚ ਸਵਾਗਤ ਕਰਦੇ ਹੋਏ ਪੁਰੀ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਭਾਜਪਾ ਵਿਚ ਸ਼ਾਮਲ ਹੋ ਰਹੇ ਹਨ ਤਾਂ ਉਨ੍ਹਾਂ ਨੂੰ ਬਹੁਤ ਖ਼ੁਸ਼ੀ ਹੋਈ। ਗਿਆਨੀ ਜੈਲ ਸਿੰਘ ਦੇਸ਼ ਦੇ ਸਤਵੇਂ ਰਾਸ਼ਟਰਪਤੀ ਸਨ। ਇਸ ਅਹੁਦੇ ’ਤੇ ਪਹੁੰਚਣ ਤੋਂ ਪਹਿਲਾਂ ਉਹ ਵਿਧਾਇਕ, ਮੰਤਰੀ, ਸਾਂਸਦ, ਮੁੱਖ ਮੰਤਰੀ ਅਤੇ ਕੇਂਦਰੀ ਮੰਤਰੀ ਦੇ ਰੂਪ ਵਿਚ ਵੀ ਸੇਵਾਵਾਂ ਦੇ ਚੁਕੇ ਸਨ। ਉਨ੍ਹਾਂ ਦਾ ਜਨਮ ਪੰਜਾਬ ਦੇ ਫ਼ਰੀਦਕੋਟ ਜ਼ਿਲ੍ਹੇ ਵਿਚ ਹੋਇਆ ਸੀ। ਪੰਜਾਬ ਵਿਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਜਿਸ ਵਿਚ ਭਾਜਪਾ ਇਸ ਵਾਰ ਇਕੱਲੀ ਚੋਣ ਮੈਦਾਨ ਵਿਚ ਉਤਰੇਗੀ। (ਪੀਟੀਆਈ)