ਦੇਸ਼ ਭਗਤ ਯੂਨੀਵਰਸਿਟੀ ਮਾਮਲਾ: ਵਿਦਿਆਰਥੀਆਂ ਦੀਆਂ ਜਾਇਜ਼ ਮੰਗਾਂ ਨੂੰ ਕੀਤਾ ਜਾਵੇਗਾ ਪੂਰਾ-SSP ਫਤਹਿਗੜ੍ਹ ਸਾਹਿਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਿਦਿਆਰਥੀਆਂ 'ਤੇ ਕੋਈ ਲਾਠੀਚਾਰਜ ਨਹੀਂ ਹੋਇਆ

photo

 

ਫਤਹਿਗੜ੍ਹ ਸਾਹਿਬ: ਫਤਹਿਗੜ੍ਹ ਸਾਹਿਬ ਦੀ ਦੇਸ਼ ਭਗਤ ਯੂਨੀਵਰਸਿਟੀ ’ਚ ਅੱਜ ਹਾਲਾਤ ਉਸ ਵਕਤ ਤਣਾਅਪੂਰਨ ਹੋ ਗਏ, ਜਦੋਂ ਪੁਲਿਸ ਅਤੇ ਵਿਦਿਆਰਥੀ ਆਹਮੋ-ਸਾਹਮਣੇ ਹੋ ਗਏ। ਦਰਅਸਲ ਯੂਨੀਵਰਸਿਟੀ ਦੇ ਪ੍ਰਬੰਧਕਾਂ ’ਤੇ ਦੋਸ਼ ਲੱਗੇ ਹਨ ਕਿ ਉਨ੍ਹਾਂ ਨੇ ਸੀਟਾਂ ਤੋਂ ਜ਼ਿਆਦਾ ਵਿਦਿਆਰਥੀਆਂ ਨੂੰ ਦਾਖ਼ਲਾ ਦੇ ਦਿਤਾ। ਹੁਣ ਪ੍ਰਬੰਧਕ ਵਿਦਿਆਰਥੀਆਂ ਨੂੰ ਹੋਰਨਾਂ ਕਾਲਜਾਂ ’ਚ ਭੇਜਣ ਦੀ ਗੱਲ ਕਰ ਰਹੇ ਹਨ।

ਇਸ ਸਾਰੇ ਮਾਮਲੇ ਸਬੰਧੀ ਰੋਜ਼ਾਨਾ ਸਪੋਕਸਮੈਨ ਨੇ ਫਤਹਿਗੜ੍ਹ ਸਾਹਿਬ ਦੀ ਐਸਐਸਪੀ ਰਵਜੋਤ ਗਰੇਵਾਲ ਨਾਲ ਗੱਲਬਾਤ ਕੀਤੀ। ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਵਿਦਿਆਰਥੀਆਂ 'ਤੇ ਕੋਈ ਲਾਠੀਚਾਰਜ ਨਹੀਂ ਹੋਇਆ ਹੈ। ਉਨ੍ਹਾਂ ਦੱਸਿਆ ਕਿ ਦੇਸ਼ ਭਗਤ ਯੂਨੀਵਰਸਿਟੀ ਆਫ ਨਰਸਿੰਗ ਵਿਚ 56 ਕੁੜੀਆਂ ਪੜ੍ਹਦੀਆਂ ਸਨ ਤੇ ਕਾਲਜ ਨੇ ਸਰਦਾਰ ਲਾਲ ਸਿੰਘ ਇੰਸਟੀਚਿਊਟ ਆਫ ਨਰਸਿੰਗ ਬਣਾ ਕੇ ਉਨ੍ਹਾਂ ਲੜਕੀਆਂ ਨੂੰ ਉਸ ਵਿਚ ਸ਼ਿਫਟ ਕਰ ਦਿਤਾ ਤੇ ਕਈ ਹੋਰ ਨਵੇਂ ਦਾਖਲੇ ਦੇਸ਼ ਭਗਤ ਯੂਨੀਵਰਸਿਟੀ ਵਿਚ ਲੈ ਲਏ। ਕੁੜੀਆਂ ਦੀ ਮੰਗ ਸੀ ਕਿ ਸਾਨੂੰ ਦੇਸ਼ ਭਗਤ ਯੂਨੀਵਰਸਿਟੀ ਵਿਚ ਹੀ ਦਾਖਲਾ ਦਿਤਾ ਜਾਵੇ। ਇਸ ਗੱਲ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ  ਇਨ੍ਹਾਂ ਨਾਲ ਗੱਲਬਾਤ ਕਰ ਰਿਹਾ ਸੀ।

ਪੁਲਿਸ ਨੇ ਵਾਰ-ਵਾਰ ਵਿਦਿਆਰਥਣਾਂ ਨੂੰ ਅਪੀਲ ਕੀਤੀ ਹੈ ਕਿ ਤੁਸੀਂ ਕਾਨੂੰਨ ਤੇ ਸ਼ਾਂਤੀ ਭੰਗ ਨਾ ਕਰੋ। ਅਸੀਂ ਅੱਜ ਵੀ ਇਨ੍ਹਾਂ ਨੂੰ ਵਿਸ਼ਵਾਸ਼ ਦਿਵਾਇਆ ਹੈ ਕਿ ਜੋ ਵੀ ਇਨ੍ਹਾਂ ਦੀਆਂ ਜਾਇਜ਼ ਮੰਗਾਂ ਹਨ, ਉਹ ਪੂਰੀਆਂ ਕੀਤੀਆਂ ਜਾਣਗੀਆਂ। ਰਵਜੋਤ ਗਰੇਵਾਲ ਨੇ ਕਿਹਾ ਕਿ ਹੁਣ ਯੂਨੀਵਰਸਿਟੀ ਵਿਚ ਮਾਹੌਲ ਪੂਰੀ ਤਰ੍ਹਾਂ ਨਾਲ ਸਾਂਤਪੂਰਨ ਹੈ। ਉਨ੍ਹਾਂ ਕਿਹਾ ਕਿ ਜੋ ਵਿਦਿਆਰਥੀਆਂ ਨੇ ਸੜਕ ਜਾਮ ਕੀਤੀ ਸੀ ਉਹ ਵੀ ਸਾਫ ਹੋ ਗਈ। ਆਵਜਾਈ ਮੁੜ ਸ਼ੁਰੂ ਹੋ ਗਈ ਹੈ। ਪੁਲਿਸ ਵਿਦਿਆਰਥੀਆਂ ਨਾਲ ਹੈ। ਉਨ੍ਹਾਂ ਦੀ ਜਾਇਜ਼ ਮੰਗਾਂ ਨੂੰ ਪੂਰਾ ਕੀਤਾ ਜਾਵੇਗਾ।