ਬੱਚੇ ਦੀ ਅਦਲਾ-ਬਦਲੀ ਦਾ ਮਾਮਲਾ : ਡੀ.ਐਨ.ਏ. ਦੀ ਰਿਪੋਰਟ ਦੱਸੇਗੀ, ਆਖ਼ਰ ਕਿਸ ਦਾ ਹੈ ਮੁੰਡਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਰਕਾਰ ਦੇ ਦਖ਼ਲ ਮਗਰੋਂ ਦੋਵੇਂ ਪਰਵਾਰ ਟੈਸਟ ਲਈ ਸਹਿਮਤ

Child swap case: DNA report will tell whose son it is

ਐਸ.ਏ.ਐਸ. ਨਗਰ : ਮੋਹਾਲੀ ਦੇ ਇਕ ਨਿਜੀ ਹਸਪਤਾਲ ਵਿਚ ਨਵਜੰਮੇ ਬੱਚੇ ਦੀ ਅਦਲਾ-ਬਦਲੀ ਦੇ ਸ਼ੱਕ ਨੂੰ ਲੈ ਕੇ ਸੰਦੀਪ ਸਿੰਘ ਅਤੇ ਉਨ੍ਹਾਂ ਦੀ ਪਤਨੀ ਰਮਨਦੀਪ ਕੌਰ ਦੇ ਪਰਵਾਰ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਸ਼ਿਕਾਇਤ ਦਰਜ ਕਰਵਾਈ ਹੈ। ਇਸ ਸ਼ਿਕਾਇਤ ਤੋਂ ਬਾਅਦ ਮੁੱਖ ਮੰਤਰੀ ਨੇ ਇਸ ਮਾਮਲੇ ਵਿਚ ਪੰਜਾਬ ਸਰਕਾਰ ਨਾਲ ਗੱਲ ਕੀਤੀ, ਜਿਸ ਤੋਂ ਬਾਅਦ ਦੋਵੇਂ ਪਰਵਾਰ (ਮੁੰਡੇ ਅਤੇ ਕੁੜੀ ਵਾਲੇ) ਡੀ.ਐਨ.ਏ. ਟੈਸਟ ਕਰਵਾਉਣ ਲਈ ਸਹਿਮਤ ਹੋ ਗਏ ਹਨ। ਹਰਿਆਣਾ ਦੇ ਰਹਿਣ ਵਾਲੇ ਸੰਦੀਪ ਸਿੰਘ ਨੇ ਇਹ ਮਾਮਲਾ ਉਦੋਂ ਉਜਾਗਰ ਕੀਤਾ ਸੀ, ਜਦੋਂ ਹਸਪਤਾਲ ਦੇ ਸਟਾਫ਼ ਨੇ ਪਹਿਲਾਂ ਉਸ ਦੀ ਪਤਨੀ ਰਮਨਦੀਪ ਕੌਰ ਕੋਲ ਨਵਜੰਮੇ ਬੱਚੇ ਨੂੰ ਮੁੰਡਾ ਦਸਿਆ, ਜਿਸ ਨਾਲ ਪਰਵਾਰ ਵਿਚ ਖ਼ੁਸ਼ੀ ਦਾ ਮਾਹੌਲ ਬਣ ਗਿਆ। ਬਾਅਦ ਵਿਚ ਹਸਪਤਾਲ ਨੇ ਪਰਵਾਰ ਨੂੰ ਦਸਿਆ ਕਿ ਨਵਜੰਮੀ ਕੁੜੀ ਹੈ।

ਇਸ ਉਲਝਣ ਅਤੇ ਜਾਣਕਾਰੀ ਵਿਚ ਬਦਲਾਅ ਕਾਰਨ ਪਰਵਾਰ ਨੇ ਹਸਪਤਾਲ ਪ੍ਰਬੰਧਨ ’ਤੇ ਬੱਚੇ ਦੀ ਅਦਲਾ-ਬਦਲੀ ਕਰਨ ਦਾ ਦੋਸ਼ ਲਗਾਇਆ। ਪਰਵਾਰਕ ਮੈਂਬਰ ਸੰਦੀਪ ਸਿੰਘ ਨੇ ਕਿਹਾ, ‘‘ਮੇਰੀਆਂ ਦੋ ਧੀਆਂ ਹਨ, ਫਿਰ ਵੀ ਜੇ ਇਹ ਧੀ ਹੁੰਦੀ ਤਾਂ ਮੈਂ ਖ਼ੁਸ਼ ਹੁੰਦਾ, ਪਰ ਸਾਨੂੰ ਪਹਿਲਾਂ ਇਕ ਪੁੱਤਰ ਬਾਰੇ ਸੂਚਿਤ ਕੀਤਾ ਗਿਆ, ਫਿਰ ਅਚਾਨਕ ਦਸਿਆ ਗਿਆ ਕਿ ਇਹ ਇਕ ਕੁੜੀ ਹੈ, ਜਿਸ ਨਾਲ ਸ਼ੱਕ ਪੈਦਾ ਹੋਇਆ ਕਿ ਬੱਚੇ ਦੀ ਅਦਲਾ-ਬਦਲੀ ਕੀਤੀ ਗਈ ਹੈ।’’ 
ਹਸਪਤਾਲ ਪ੍ਰਸ਼ਾਸਨ ਕਹਿ ਰਿਹਾ ਹੈ ਕਿ ਉਨ੍ਹਾਂ ਨੇ ਸ਼ੁਰੂ ਤੋਂ ਹੀ ਸਹੀ ਜਾਣਕਾਰੀ ਦਿਤੀ ਸੀ ਪਰ ਪਰਵਾਰਕ ਮੈਂਬਰ ਇਸ ਗੱਲ ਨੂੰ ਮੰਨਣ ਤੋਂ ਇਨਕਾਰੀ ਹਨ। ਹਰਿਆਣਾ ਅਤੇ ਪੰਜਾਬ ਦੋਵਾਂ ਸਰਕਾਰਾਂ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ, ਅਤੇ ਪੁਲਿਸ ਵੀ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਘਟਨਾ ਦਾ ਅਸਲ ਚਿਹਰਾ ਡੀ.ਐਨ.ਏ. ਟੈਸਟ ਰਿਪੋਰਟ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ।

ਥਾਣਾ ਸੋਹਾਣਾ ਦੇ ਐਸ.ਐਚ.ਓ. ਅਮਨਦੀਪ ਸਿੰਘ ਨੇ ਕਿਹਾ ਕਿ ਸ਼ਿਕਾਇਤ ਮਿਲਣ ਤੋਂ ਬਾਅਦ ਪਰਵਾਰ ਦੇ ਡੀਐਨਏ ਨੁਮਨੇ ਇਕੱਠੇ ਕੀਤੇ ਗਏ ਹਨ ਅਤੇ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ। ਜੇ ਰਿਪੋਰਟ ਮੇਲ ਖਾਂਦੀ ਹੈ, ਤਾਂ ਦੋਵਾਂ ਧਿਰਾਂ ਵਿਚਕਾਰ ਗ਼ਲਤਫ਼ਹਿਮੀ ਦੂਰ ਹੋ ਜਾਵੇਗੀ। ਜੇ ਰਿਪੋਰਟ ਮੇਲ ਨਹੀਂ ਖਾਂਦੀ ਹੈ, ਤਾਂ ਕਾਰਵਾਈ ਕੀਤੀ ਜਾਵੇਗੀ ਅਤੇ ਹਸਪਤਾਲ ਪ੍ਰਸ਼ਾਸਨ ਵਿਰੁਧ ਕੇਸ ਦਰਜ ਕੀਤਾ ਜਾਵੇਗਾ।