CM Bhagwant Mann ਨੇ ਹੜ੍ਹ ਪ੍ਰਭਾਵਤ ਪਿੰਡਾਂ ’ਚ ਵੱਡੇ ਪੱਧਰ ’ਤੇ ਸਫ਼ਾਈ ਮੁਹਿੰਮ ਕੀਤੀ ਸ਼ੁਰੂ

ਏਜੰਸੀ

ਖ਼ਬਰਾਂ, ਪੰਜਾਬ

ਹੜ੍ਹ ਪ੍ਰਭਾਵਤ ਇਲਾਕਿਆਂ ਦੀ ਸਫ਼ਾਈ ’ਤੇ ਖ਼ਰਚੇ ਜਾਣਗੇ 100 ਕਰੋੜ ਰੁਪਏ

CM Bhagwant Mann Launches Cleaning Campaign in Flood-Affected Villages Latest News in Punjabi 

CM Bhagwant Mann Launches Cleaning Campaign in Flood-Affected Villages Latest News in Punjabi ਚੰਡੀਗੜ੍ਹ: ਪੰਜਾਬ ਸਰਕਾਰ ਵਲੋਂ ਦਰਿਆਵਾਂ ਦਾ ਪਾਣੀ ਉਤਰਨ ਮਗਰੋਂ ਜਨ-ਜੀਵਨ ਨੂੰ ਲੀਹ ’ਤੇ ਲਿਆਉਣ ਲਈ ਹੜ੍ਹਾਂ ਕਰ ਕੇ ਆਈ ਮਿੱਟੀ ਤੇ ਗਾਰ ਨੂੰ ਹਟਾਉਣ ਲਈ ਜੰਗੀ ਪੱਧਰ ’ਤੇ ਸਫ਼ਾਈ ਮੁਹਿੰਮ ਚਲਾਉਣ ਦਾ ਫ਼ੈਸਲਾ ਕੀਤਾ ਹੈ। ਸੂਬਾ ਸਰਕਾਰ ਨੇ ਹੜ੍ਹ ਪ੍ਰਭਾਵਤ ਲਗਭਗ 2300 ਪਿੰਡਾਂ ਤੇ ਹੋਰ ਇਲਾਕਿਆਂ ਦੀ ਸਫ਼ਾਈ ਲਈ 100 ਕਰੋੜ ਰੁਪਏ ਖ਼ਰਚਣ ਦਾ ਫ਼ੈਸਲਾ ਕੀਤਾ ਹੈ। 

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹੜ੍ਹ ਪ੍ਰਭਾਵਤ ਪਿੰਡਾਂ ਲਈ ਵੱਡੇ ਐਲਾਨ ਕੀਤੇ ਹਨ। ਉਨ੍ਹਾਂ ਨੇ ਇਕ ਪ੍ਰੈੱਸ ਕਾਨਫ਼ਰੰਸ ਵਿੱਚ ਕਿਹਾ ਕਿ ਕਈ ਇਲਾਕਿਆਂ ਵਿਚੋਂ ਹੜ੍ਹ ਦਾ ਪਾਣੀ ਘੱਟ ਗਿਆ ਹੈ ਅਤੇ ਅਸੀਂ ਜਨ-ਜੀਵਨ ਨੂੰ ਆਮ ਵਾਂਗ ਕਰਨ ਲਈ ਵੱਡੇ ਪੱਧਰ ’ਤੇ ਸਫ਼ਾਈ ਮੁਹਿੰਮ ਸ਼ੁਰੂ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਸਰਕਾਰ ਹਰ ਪਿੰਡ ਵਿਚ ਜੇ.ਸੀ.ਬੀ., ਟਰੈਕਟਰ-ਟਰਾਲੀ ਅਤੇ ਮਜ਼ਦੂਰਾਂ ਦਾ ਪ੍ਰਬੰਧ ਕਰੇਗੀ। ਹੜ੍ਹ ਤੋਂ ਆਉਣ ਵਾਲੇ ਮਲਬੇ ਨੂੰ ਸਾਫ਼ ਕੀਤਾ ਜਾਵੇਗਾ।

ਇਸ ਤੋਂ ਬਾਅਦ ਹਰ ਪਿੰਡ ਵਿਚ ਫ਼ੌਗਿੰਗ ਕੀਤੀ ਜਾਵੇਗੀ ਤਾਂ ਜੋ ਕੋਈ ਬੀਮਾਰੀ ਨਾ ਫੈਲੇ। ਸਰਕਾਰ ਨੇ ਇਸ ਮੁਹਿੰਮ ਲਈ 100 ਕਰੋੜ ਰੁਪਏ ਦਾ ਬਜਟ ਰੱਖਿਆ ਹੈ, ਜਿਸ ਵਿਚੋਂ ਇਕ ਲੱਖ ਰੁਪਏ ਪਿੰਡਾਂ ਨੂੰ ਟੋਕਨ ਵਜੋਂ ਦਿਤੇ ਜਾਣਗੇ ਅਤੇ ਲੋੜ ਪੈਣ ’ਤੇ ਹੋਰ ਪੈਸੇ ਵੀ ਦਿਤੇ ਜਾਣਗੇ। ਮੁੱਖ ਮੰਤਰੀ ਨੇ ਕਿਹਾ ਕਿ ਸਫ਼ਾਈ ਦਾ ਸਾਰਾ ਖ਼ਰਚਾ ਪੰਜਾਬ ਸਰਕਾਰ ਵਲੋਂ ਚੁੱਕਿਆ ਜਾਵੇਗਾ ਅਤੇ ਮਿੱਟੀ ਅਤੇ ਮਲਬੇ ਦੀ ਸਫ਼ਾਈ ਦਾ ਕੰਮ 24-25 ਸਤੰਬਰ ਤਕ ਪੂਰਾ ਕਰ ਲਿਆ ਜਾਵੇਗਾ। 

ਮੁੱਖ ਮੰਤਰੀ ਨੇ ਕਿਹਾ ਕਿ 15 ਅਕਤੂਬਰ ਤਕ ਪਿੰਡਾਂ ਦੀਆਂ ਸਾਰੀਆਂ ਜਨਤਕ ਥਾਵਾਂ ਸਾਫ਼ ਕਰ ਦਿਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਅਸੀਂ ਕੁਦਰਤੀ ਆਫ਼ਤ ਦੇ ਵਿਰੁਦ ਇਕਜੁੱਟ ਹੋ ਕੇ ਲੜੇ ਹਾਂ ਅਤੇ ਹੁਣ ਵੀ ਪੰਜਾਬ ਨੂੰ ਮੁੜ ਖੜ੍ਹਾ ਕਰਨਾ ਹੈ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਸਰਕਾਰ ਵਲੋਂ ਸਾਰੇ ਹੜ੍ਹ ਪ੍ਰਭਾਵਤ 2300 ਪਿੰਡਾਂ ਵਿਚ ਮੈਡੀਕਲ ਕੈਂਪ ਲਗਾਏ ਜਾਣਗੇ। 1707 ਪਿੰਡਾਂ ਵਿਚ ਜਨਤਕ ਥਾਵਾਂ ’ਤੇ, ਜਿੱਥੇ ਪਿੰਡ ਵਾਲੇ ਕਹਿਣਗੇ, ਉੱਥੇ ਮੈਡੀਕਲ ਸਟਾਫ਼ ਅਤੇ ਡਾਕਟਰ ਹਮੇਸ਼ਾ ਉਪਲਬਧ ਰਹਿਣਗੇ। 550 ਐਂਬੂਲੈਂਸਾਂ ਸਰਕਾਰ ਵਲੋਂ ਮੁਹੱਈਆ ਕਰਵਾਈਆਂ ਜਾਣਗੀਆਂ।

ਉਨ੍ਹਾਂ ਕਿਹਾ ਕਿ 713 ਪਿੰਡਾਂ ਵਿਚ ਹੜ੍ਹ ਨਾਲ ਲਗਭਗ ਢਾਈ ਲੱਖ ਪਸ਼ੂ ਪ੍ਰਭਾਵਤ ਹਨ। ਉਨ੍ਹਾਂ ਨੂੰ ਬੀਮਾਰੀਆਂ ਤੋਂ ਬਚਾਉਣ ਲਈ ਇਕ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਸਰਕਾਰ ਨੇ ਹਰ ਪਿੰਡ ਵਿਚ ਪਸ਼ੂਆਂ ਦੇ ਡਾਕਟਰਾਂ ਦੀ ਇਕ ਟੀਮ ਤਾਇਨਾਤ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਝੋਨਾ 15 ਦਿਨ ਪਹਿਲਾਂ ਮੰਡੀਆਂ ਵਿਚ ਆਉਣਾ ਸ਼ੁਰੂ ਹੋ ਗਿਆ ਸੀ ਅਤੇ ਸਰਕਾਰੀ ਖ਼ਰੀਦ 16 ਸਤੰਬਰ ਤੋਂ ਸ਼ੁਰੂ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਮੈਨੂੰ ਵਿਸ਼ਵਾਸ ਹੈ ਕਿ ਅਸੀਂ ਛੇਤੀ ਹੀ ਇਸ ਸੰਕਟ ਵਿਚੋਂ ਬਾਹਰ ਆਵਾਂਗੇ ਅਤੇ ਆਮ ਸਥਿਤੀ ਵਿਚ ਵਾਪਸ ਆਵਾਂਗੇ। ਉਨ੍ਹਾਂ ਕਿਹਾ ਕਿ ਜਿਸ ਸਰਕਾਰੀ ਤੰਤਰ ਨੂੰ ਨੁਕਸਾਨ ਹੋਇਆ ਹੈ, ਉਨ੍ਹਾਂ ਦਾ ਕੰਮ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ। ਪਸ਼ੂਆਂ ਅਤੇ ਇਨਸਾਨਾਂ ਵਿਚ ਕਿਸੇ ਵੀ ਤਰ੍ਹਾਂ ਦੀ ਬੀਮਾਰੀ ਨਾ ਫੈਲੇ, ਇਸ ਦੇ ਲਈ ਟੀਕਾਕਰਨ ਸ਼ੁਰੂ ਹੋ ਚੁੱਕਾ ਹੈ ਅਤੇ ਮੈਡੀਕਲ ਕੈਂਪ ਵੀ ਚਾਲੂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਜੇ ਕਿਸੇ ਨੂੰ ਸਿਹਤ ਸਬੰਧੀ ਕੋਈ ਸਮੱਸਿਆ ਹੋਵੇ ਤਾਂ ਉਹ ਸਥਾਨਕ ਅਧਿਕਾਰੀਆਂ ਨਾਲ ਸੰਪਰਕ ਕਰ ਸਕਦੇ ਹਨ।

(For more news apart from CM Bhagwant Mann Launches Cleaning Campaign in Flood-Affected Villages Latest News in Punjabi stay tuned to Rozana Spokesman.)