ਬਰਨਾਲਾ ’ਚ ਸਾਈਬਰ ਠੱਗ ਨੇ ਬਣਾਇਆ ਦਿਹਾੜੀਦਾਰ ਮਜਦੂਰ ਨੂੰ ਨਿਸ਼ਾਨਾ
ਕੋਰੀਅਰ ਨੂੰ ਐਕਟੀਵੇਟ ਕਰਨ ਲਈ ਫ਼ੋਨ ’ਤੇ ਲਿੰਕ ਭੇਜ ਮੰਗਵਾਏ ਦੋ ਰੁਪਏ, ਬਾਅਦ ’ਚ ਖਾਤਾ ਕੀਤਾ ਖਾਲੀ
ਬਰਨਾਲਾ : ਸਾਈਬਰ ਕ੍ਰਾਈਮ ਕਰਨ ਵਾਲਿਆਂ ਦਾ ਜਾਲ ਹੁਣ ਆਮ ਲੋਕਾਂ ’ਤੇ ਪੈਣਾ ਵੀ ਸ਼ੁਰੂ ਹੋ ਗਿਆ ਹੈ। ਬਰਾਨਾਲਾ ਵਿਖੇ ਇੱਕ ਸਾਈਬਰ ਠੱਗ ਨੇ ਇੱਕ ਦਿਹਾੜੀਦਾਰ ਨੂੰ ਆਪਣਾ ਨਿਸ਼ਾਨਾ ਬਣਾਇਆ ਅਤੇ ਉਸ ਦਾ ਅਕਾਊਂਟ ਖਾਲੀ ਕਰ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਧਰਮਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਕੁੱਝ ਕਾਗਜਾਤ ਆਪਣੇ ਪਿੰਡ ਭੇਜਣ ਲਈ ਡਾਕਖਾਨੇ ਵਿੱਚ ਪਹੁੰਚ ਕੇ ਪੋਸਟ ਕਰਵਾਇਆ ਸੀ।
ਉਨ੍ਹਾਂ ਦੱਸਿਆ ਕਿ ਇਹ ਕਾਗਜ਼ਾਤ ਪਿਛਲੇ ਚਾਰ ਪੰਜ ਦਿਨਾਂ ਤੋਂ ਲੁਧਿਆਣਾ ਵਿਖੇ ਹੀ ਰੁਕੇ ਹੋਏ ਦਿਖਾਏ ਜਾ ਰਹੇ ਸਨ। ਇਸ ਸਬੰਧੀ ਜਦੋਂ ਉਸ ਨੇ ਪੋਸਟ ਆਫਿਸ ਪਹੁੰਚ ਕੇ ਇਸ ਸਬੰਧੀ ਦੱਸਿਆ ਤਾਂ ਉਨ੍ਹਾਂ ਕਿਹਾ ਕਿ ਅਸੀਂ ਤੁਹਾਡੀ ਕੰਪਲੇਂਟ ਪਾ ਦਿੰਦੇ ਹਾਂ। ਜਿਸ ਤੋਂ ਬਾਅਦ ਉਸ ਨੂੰ ਅਗਲੇ ਦਿਨ ਇੱਕ ਫ਼ੋਨ ਆਇਆ ਅਤੇ ਉਸ ਨੇ ਕਿਹਾ ਕਿ ਤੁਹਾਡਾ ਇੱਕ ਪੋਸਟ ਜੋ ਲੁਧਿਆਣਾ ਵਿਖੇ ਫਸਿਆ ਹੋਇਆ ਹੈ ਉਹ ਡੀ-ਐਕਟੀਵੇਟ ਹੋਣ ਕਰਕੇ ਰੁਕਿਆ ਹੋਇਆ ਹੈ, ਇਸ ਨੂੰ ਐਕਟਿਵ ਕਰਨਾ ਪਵੇਗਾ। ਇਸ ਲਈ ਤੁਹਾਨੂੰ ਦੋ ਰੁਪਏ ਸੈਂਡ ਕਰਨੇ ਹੋਣਗੇ, ਜਿਸ ਤੋਂ ਤੋਂ ਬਾਅਦ ਤੁਹਾਡੀ ਪ੍ਰੋਫਾਈਲ ਐਕਟਿਵ ਹੋ ਜਾਵੇਗੀ ਅਤੇ ਉਹ ਸਮੇਂ ਸਿਰ ਤੁਹਾਡੇ ਪਿੰਡ ਪਹੁੰਚ ਜਾਵੇਗੀ। ਉਸ ਤੋਂ ਸਾਈਬਰ ਠੱਗ ਨੇ ਪੀੜਤ ਨੂੰ ਇੱਕ ਲਿੰਕ ਭੇਜ ਦਿੱਤਾ ਅਤੇ ਕਿਹਾ ਕਿ ਇਸ ਨੂੰ ਫਿੱਲ ਕਰਕੇ ਆਪਣਾ ਪਿੰਨ ਭਰ ਦਿਓ ਅਤੇ ਦੋ ਰੁਪਏ ਸੈਂਡ ਕਰ ਦਿਓ।
ਜਦੋਂ ਉਸ ਨੇ ਫਿਲ ਕਰਕੇ ਦੋ ਰੁਪਏ ਭੇਜੇ ਗਏ ਲਿੰਕ ’ਤੇ ਸੈਂਡ ਕੀਤੇ ਤਾਂ ਉਸ ਤੋਂ ਬਾਅਦ ਉਸਦੇ ਖਾਤੇ ਵਿੱਚੋਂ 3400 ਰੁਪਏ ਉੱਡ ਗਿਆ। ਜਿਸ ਤੋਂ ਬਾਅਦ ਉਸ ਨੇ ਉਕਤ ਵਿਅਕਤੀ ਨਾਲ ਸੰਪਰਕ ਕਰਿਆ ਤਾਂ ਉਸਨੇ ਫੋਨ ਚੁੱਕਣਾ ਬੰਦ ਕਰ ਦਿੱਤਾ ਅਤੇ ਬਾਅਦ ਵਿੱਚ ਉਸਨੂੰ ਬਲੋਕ ਕਰ ਦਿੱਤਾ। ਪੀੜਤ ਵਿਅਕਤੀ ਨੇ ਕਿਹਾ ਕਿ ਉਹ ਦਿਹਾੜੀ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰਦਾ ਹੈ ਅਤੇ ਉਸਨੇ ਬੜੀ ਮਿਹਨਤ ਨਾਲ ਆਪਣੇ 3400 ਰੁਪਏ ਜੋੜੇ ਸਨ, ਪਰ ਸਾਈਬਰ ਠੱਗ ਨੇ ਉਸ ਨਾਲ ਠੱਗੀ ਕਰ ਲਈ। ਉਸ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਉਕਤ ਵਿਅਕਤੀ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ।