ਹੜ੍ਹ ਪ੍ਰਭਾਵਿਤ ਖੇਤਰਾਂ ਦੇ ਸਕੂਲਾਂ 'ਚੋਂ ਗਾਰ ਕੱਢਣ ਲਈ ਸਰਕਾਰੀ ਅਧਿਆਪਕਾਂ ਨੇ ਸੰਭਾਲਿਆ ਮੋਰਚਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿੰਡ ਬਾਊਪੁਰ ਦੇ ਸਕੂਲ ’ਚ ਸਫਾਈ ਤੋਂ ਸ਼ੁਰੂ ਕੀਤੀ ਮੁਹਿੰਮ

Government teachers take up the front to remove silt from schools in flood-affected areas

ਕਪੂਰਥਲਾ: ਪੰਜਾਬ ਵਿੱਚ ਆਏ ਹੜ੍ਹਾਂ ਨੇ ਜਿੱਥੇ ਕਿਸਾਨਾਂ, ਮਜ਼ਦੂਰਾਂ ਦੇ ਘਰਾਂ ਅਤੇ ਫਸਲਾਂ ਦਾ ਵੱਡਾ ਨੁਕਸਾਨ ਕੀਤਾ ਹੈ, ਉੱਥੇ ਹੀ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਸਕੂਲਾਂ ਦਾ ਸਾਰਾ ਢਾਂਚਾ ਹੀ ਵਿਗਾੜ ਕੇ ਰੱਖ ਦਿੱਤਾ ਹੈ। ਬਹੁਤ ਸਾਰੇ ਸਕੂਲ ਪੂਰੀ ਤਰ੍ਹਾਂ ਗਾਰ ਨਾਲ ਭਰ ਚੁੱਕੇ ਹਨ, ਕਮਰਿਆਂ ਵਿੱਚ ਪਏ ਡੈਕਸ, ਕੁਰਸੀਆਂ, ਮਿਡ ਡੇ ਮੀਲ ਦਾ ਰਾਸ਼ਨ ਸੱਭ ਕੁੱਝ ਪਾਣੀ ਨੇ ਬਰਬਾਦ ਕਰ ਕੇ ਰੱਖ ਦਿੱਤਾ। 

ਅਜਿਹੇ ਵਿੱਚ ਗੌਰਮਿੰਟ ਟੀਚਰ ਯੂਨੀਅਨ ਕਪੂਰਥਲਾ ਨੇ ਹੜ੍ਹ ਪ੍ਰਭਾਵਿਤ ਸਰਕਾਰੀ ਸਕੂਲਾਂ ਵਿੱਚੋਂ ਗਾਰ ਕੱਢਣ ਦੀ ਜ਼ਿੰਮੇਵਾਰੀ ਸੰਭਾਲੀ ਹੈ। ਇਸ ਬਾਬਤ ਬੀਤੇ ਦਿਨੀਂ ਗੌਰਮਿੰਟ ਟੀਚਰ ਯੂਨੀਅਨ ਕਪੂਰਥਲਾ ਦੀ ਟੀਮ ਨੇ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਪਿੰਡ ਬਾਊਪੁਰ ਦੇ ਸਕੂਲ ਦਾ ਦੌਰਾ ਕੀਤਾ ਸੀ, ਸਕੂਲ ਦੀ ਹੜ੍ਹ ਕਾਰਨ ਹੋਈ ਦੁਰਦਸ਼ਾ ਵੇਖ ਕੇ ਮੌਕੇ ’ਤੇ ਹੀ ਜਥੇਬੰਦੀ ਨੇ ਇਹ ਸਕੂਲ ਸਾਫ ਕਰਨ ਦਾ ਫੈਸਲਾ ਕੀਤਾ ਅਤੇ ਅਗਲੀ ਸਵੇਰ ਤੋਂ ਹੀ ਜਥੇਬੰਦੀ ਦੇ ਆਗੂਆਂ ਅਤੇ ਕੁੱਝ ਨੌਜਵਾਨਾਂ ਨੂੰ ਨਾਲ ਲੈ ਕੇ ਸਵੇਰ ਤੋਂ ਹੀ ਬਾਊਪੁਰ ਸਕੂਲ ਵਿੱਚ ਪੁੱਜ ਗਏ।

ਗਾਰ ਨਾਲ ਭਰੇ ਕਮਰਿਆਂ ਅਤੇ ਫਰਨੀਚਰ ਨੂੰ ਸਾਫ ਕਰਨ ਲਈ ਨਾਲ ਵੱਡੇ ਵਾਸ਼ਿੰਗ ਪੰਪ ਅਤੇ ਹੋਰ ਸਮੱਗਰੀ ਨਾਲ ਲਿਆ ਕੇ  ਸ਼ਾਮ ਤੱਕ ਸਕੂਲ ਦੇ ਸਾਰੇ ਕਮਰੇ, ਵਰਾਂਡਾ, ਰਸੋਈ ਸਮੇਤ ਸਾਰਾ ਫਰਨੀਚਰ ਸਾਫ ਕਰ ਦਿੱਤਾ। ਗਰਾਊਂਡ ਅਤੇ ਪਾਰਕ ਵੀ ਗਾਰ ਨਾਲ ਭਰੇ ਹੋਏ ਹਨ, ਜੋ ਕਿ ਪਾਣੀ ਨਿਕਲਣ ਤੋਂ ਬਾਅਦ ਸਾਫ ਕੀਤੇ ਜਾਣਗੇ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਸਕੂਲ ਵੀ ਜਥੇਬੰਦੀ ਸਾਫ ਕਰਾਵੇਗੀ।