ਪ੍ਰਕਾਸ਼ ਪੁਰਬ ਨੂੰ ਸਮਰਪਿਤ 19ਵੀਂ ਪੈਦਲ ਯਾਤਰਾ 'ਚ ਉਮੜਿਆ ਸੰਗਤਾਂ ਦਾ ਇਕੱਠ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਯਾਤਰਾ ਪ੍ਰਬੰਧਕਾਂ ਨੇ ਸਹਿਯੋਗੀ ਸ਼ਖ਼ਸੀਅਤਾਂ ਤੇ ਧਾਰਮਕ ਜਥੇਬੰਦੀਆਂ ਨੂੰ ਕੀਤਾ ਸਨਮਾਨਤ

19th pedestrian gathering

ਕਪੂਰਥਲਾ/ਸੁਲਤਾਨਪੁਰ ਲੋਧੀ, 13 ਅਕਤੂਬਰ (ਅਮਰੀਕ ਸਿੰਘ ਮੱਲ੍ਹੀ/ਲਖਵੀਰ ਸਿੰਘ ਲੱਖੀ):  ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 19ਵੀਂ ਸਾਲਾਨਾ ਮਹਾਨ ਪੈਦਲ ਯਾਤਰਾ ਦਸਮੇਸ਼ ਸੇਵਕ ਜਥਾ ਦੇ ਉਦਮ, ਧਾਰਮਕ ਜਥੇਬੰਦੀਆਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸ੍ਰੀ ਸਟੇਟ ਗੁਰਦੁਆਰਾ ਸਾਹਿਬ ਕਪੂਰਥਲਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਖ਼ਾਲਸਾਈ ਜੈਕਾਰਿਆਂ ਦੀ ਗੂੰਜ ਨਾਲ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਲਈ ਆਰੰਭ ਹੋਈ। ਬਹੁਤ ਹੀ ਸੁੰਦਰ ਫੁੱਲਾਂ ਨਾਲ ਸਜਾਈ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਅਲੌਕਿਕ ਨਜ਼ਾਰਾ ਪੇਸ਼ ਕਰ ਰਹੀ ਸੀ।

ਸਮੂਹ ਸੰਗਤਾਂ ਦਾ ਵਿਸ਼ਾਲ ਠਾਠਾਂ ਮਾਰਦਾ ਇਕੱਠ ਧਾਰਮਕ ਵਿਲੱਖਣਤਾ ਦਾ ਪ੍ਰਤੀਕ ਸਾਬਤ ਹੋ ਰਿਹਾ ਸੀ। ਸ਼ਹੀਦ ਬਾਬਾ ਦੀਪ ਸਿੰਘ ਗਤਕਾ ਅਖਾੜਾ ਦੇ ਨੌਜਵਾਨਾਂ ਨੇ ਖ਼ਾਲਸਾਈ ਖੇਡਾਂ ਤੇ ਕਰਤੱਵਾਂ ਰਾਹੀਂ ਧਾਰਮਕ ਵਿਰਸੇ ਨੂੰ ਵਖਰੀ ਸ਼ਾਨ ਪ੍ਰਦਾਨ ਕੀਤੀ। ਪੈਦਲ ਯਾਤਰਾ ਦੌਰਾਨ ਵੱਖ-ਵੱਖ ਸੰਗਤਾਂ ਵਲੋਂ ਗੁਰਬਾਣੀ, ਧਾਰਮਕ ਸ਼ਬਦ ਤੇ ਰਚਨਾਵਾਂ ਪੜ੍ਹੀਆਂ ਜਾ ਰਹੀਆਂ ਸਨ ਤੇ ਗੁਰੂ ਪਾਤਸ਼ਾਹ ਦੀ ਮਹਿਮਾ ਦੇ ਗੁਣਗਾਨ ਕੀਤੇ ਜਾ ਰਹੇ ਸਨ। ਸ੍ਰੀ ਸਟੇਟ ਗੁਰੁਦੁਆਰਾ ਸਾਹਿਬ ਤੋਂ ਆਰੰਭ ਹੋ ਕੇ ਯਾਤਰਾ ਸ਼ੇਖੂਪੁਰ, ਆਰ.ਸੀ.ਐਫ਼., ਖੈੜਾ ਦੋਨਾਂ, ਕੜ੍ਹਾਲ ਕਲਾਂ, ਡਡਵਿੰਡੀ, ਭਾਣੋ ਲੰਗਾ, ਪਾਜੀਆਂ, ਫ਼ੌਜੀ ਕਲੋਨੀ ਆਦਿ ਪਿੰਡਾਂ ਵਿਚੋਂ ਹੁੰਦਿਆਂ ਗੁਰਦੁਆਰਾ ਸਾਹਿਬ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਪਹੁੰਚੀ।

ਯਾਤਰਾ ਪ੍ਰਬੰਧਕ ਜਥੇਦਾਰ ਰਛਪਾਲ ਸਿੰਘ ਸਿਟੀ ਕੇਬਲ, ਦਵਿੰਦਰ ਸਿੰਘ ਦੇਵ, ਸਵਰਨ ਸਿੰਘ, ਜਸਬੀਰ ਸਿੰਘ ਰਾਣਾ, ਜਥੇਦਾਰ ਜਸਵਿੰਦਰ ਸਿੰਘ ਬੱਤਰਾ, ਮਨਮੋਹਨ ਸਿੰਘ ਆਦਿ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਦਸਿਆ ਕਿ ਸੇਵਾ, ਸਿਮਰਨ ਤੇ ਸੰਗਤ ਹੀ ਕਲਯੁਗੀ ਜੀਵਨ ਨੂੰ ਦੁੱਖਾਂ ਤੋਂ ਬਚਾ ਸਕਦੇ ਹਨ ਕਿਉਂਕਿ ਇਹੋ ਹੀ ਪ੍ਰਮਾਤਮਾ ਦੀ ਦਰਗਾਹ ਤੇ ਕਬੂਲੀਅਤ ਦਾ ਰਸਤਾ ਹੁੰਦੇ ਹਨ, ਇਨ੍ਹਾਂ ਦੁਆਰਾ ਹੀ ਪ੍ਰਮਾਤਮਾ ਦਾ ਪਿਆਰ ਤੇ ਵਿਸ਼ਵਾਸ ਪਾਇਆ ਜਾ ਸਕਦਾ ਹੈ। ਪ੍ਰਬੰਧਕਾਂ ਵਲੋਂ ਵੱਖ-ਵੱਖ ਧਾਰਮਕ ਜਥੇਬੰਦੀਆਂ, ਸਹਿਯੋਗੀ ਸ਼ਖ਼ਸੀਅਤਾਂ ਤੇ ਲੰਗਰ ਕਮੇਟੀਆਂ ਦੇ ਆਗੂਆਂ ਨੂੰ ਸਨਮਾਨ ਚਿੰਨ੍ਹ ਤੇ ਸਿਰੋਪਾਉ ਦੇ ਕੇ ਸਨਮਾਨਤ ਕੀਤਾ ਗਿਆ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ