ਗੁਰਦੁਆਰਾ ਕਰਤਾਰਪੁਰ ਸਾਹਿਬ 'ਚ ਸੁਸ਼ੋਭਿਤ ਹੋਵੇਗਾ ਵਿਸ਼ਵ ਦਾ ਸਭ ਤੋਂ ਵੱਡਾ ਖੰਡਾ ਸਹਿਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗੁਰਦੁਆਰੇ ਦੇ ਮੁੱਖ ਭਵਨ ਤੋਂ ਕੁਝ ਦੂਰੀ 'ਤੇ ਇਕ ਵਿਸ਼ਾਲ ਸਰੋਵਰ ਦਾ ਨਿਰਮਾਣ ਕੀਤਾ

Gurdwara Kartarpur Sahib

ਅੰਮ੍ਰਿਤਸਰ : ਪਾਕਿਸਤਾਨ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੁਨੀਆਂ ਦਾ ਸਭ ਤੋਂ ਵੱਡਾ ਗੁਰੂਘਰ ਹੋਵੇਗਾ। ਇਹ ਗੁਰਦੁਆਰਾ ਸਾਹਿਬ 450 ਏਕੜ ਜ਼ਮੀਨ ਉੱਤੇ ਫੈਲਿਆ ਹੈ। ਗੁਰਦੁਆਰਾ ਸਾਹਿਬ 'ਚ ਵਿਸ਼ਵ ਦਾ ਸਭ ਤੋਂ ਵੱਡਾ ਖੰਡਾ ਸਾਹਿਬ ਸੁਸ਼ੋਭਿਤ ਹੋਵੇਗਾ। ਗੁਰਦੁਆਰੇ ਦੇ ਠੀਕ ਪਿੱਛੇ 100 ਫੁੱਟ ਉਚੇ ਪਲੇਟਫ਼ਾਰਮ ਦਾ ਨਿਰਮਾਣ ਕਰ ਕੇ ਉਸ ਦੇ ਉੱਪਰ ਖੰਡਾ ਸਾਹਿਬ ਦੇ ਨਿਰਮਾਣ ਦਾ ਕੰਮ ਪੂਰਾ ਹੋ ਗਿਆ ਹੈ। 

ਖੰਡਾ ਸਾਹਿਬ ਦਾ ਨਿਰਮਾਣ ਸਥਾਨ ਇਸ ਢੰਗ ਨਾਲ ਬਣਾਇਆ ਗਿਆ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਸ਼ਰਧਾਲੂ ਜਦ ਪਵਿੱਤਰ ਪਰਿਕਰਮਾ ਦੇ ਦਰਸ਼ਨ ਕਰਨਗੇ ਤਾਂ ਉਨ੍ਹਾਂ ਖੰਡਾ ਸਾਹਿਬ ਦੇ ਵੀ ਦਰਸ਼ਨ ਹੋਣਗੇ। ਇਸ ਦੇ ਆਸਪਾਸ ਦੇ ਖੇਤਰ ਨੂੰ ਸੰਗਮਰਮਰ ਨਾਲ ਸਜਾਇਆ ਗਿਆ ਹੈ। ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਮੁੱਖ ਭਵਨ ਦੇ ਪਿੱਛੇ ਵਾਲੀ ਸੜਕ ਦੀ ਕੁੱਝ ਦੂਰੀ 'ਤੇ ਬਣਾਏ ਗਏ ਇਸ ਖੰਡਾ ਸਾਹਿਬ ਦੇ ਵੀ ਦਰਸ਼ਨ ਸਥਾਨ ਤੱਕ ਜਾਣ ਦੀ ਆਗਿਆ ਹੋਵੇਗੀ।

ਇਸ ਦੇ ਨਾਲ ਹੀ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਮੁੱਖ ਭਵਨ ਦੇ ਨਜ਼ਦੀਕ 150 ਫੁੱਟ ਉਚੇ ਨਿਸ਼ਾਨ ਸਾਹਿਬ ਨੂੰ ਵੀ ਸੁਸ਼ੋਭਿਤ ਕੀਤਾ ਗਿਆ ਹੈ। ਨਿਸ਼ਾਨ ਸਾਹਿਬ ਦੇ ਲਈ ਸੰਗਮਰਮਰ ਦਾ ਵੱਡੇ ਅਤੇ ਨਵੇਂ ਪਲੇਟਫਾਰਮ ਦਾ ਨਿਰਮਾਣ ਕੀਤਾ ਗਿਆ ਹੈ। ਨਾਲ ਹੀ ਗੁਰਦੁਆਰੇ ਦੇ ਮੁੱਖ ਭਵਨ ਤੋਂ ਕੁਝ ਦੂਰੀ 'ਤੇ ਇਕ ਵਿਸ਼ਾਲ ਸਰੋਵਰ ਦਾ ਨਿਰਮਾਣ ਵੀ ਕੀਤਾ ਗਿਆ ਹੈ। ਪਾਕਿਸਤਾਨ ਸਰਕਾਰ ਨੇ ਇਸ ਨੂੰ ਸਮਾਰਟ ਸਰੋਵਰ ਦਾ ਨਾਂ ਦਿੱਤਾ ਹੈ। ਇਸ ਸਰੋਵਰ ਵਿਚ 1 ਲੱਖ 25 ਹਜ਼ਾਰ ਗੈਲਨ ਪਵਿੱਤਰ ਜਲ ਸੰਭਾਲਣ ਦੀ ਸਮਰਥਾ ਹੋਵੇਗੀ। ਸਰੋਵਰ ਦੇ ਪਵਿੱਤਰ ਜਲ ਦੀ ਸ਼ੁਧਤਾ ਲਈ 3 ਫਿਲਟਰ ਪ੍ਰਣਾਲੀ ਕੰਮ ਕਰਨਗੇ। ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂ ਇਸ ਪਵਿੱਤਰ ਸਰੋਵਰ ਵਿਚ ਡੁਬਕੀ ਲਾਉਣ ਦੇ ਨਾਲ-ਨਾਲ ਜਲ ਨੂੰ ਅਪਣੇ ਘਰਾਂ ਵਿਚ ਵੀ ਲੈ ਜਾ ਸਕਣਗੇ।

ਇਸ ਤੋਂ ਇਲਾਵਾ ਲੰਗਰ ਹਾਲ ਦੀ ਮੁੱਖ ਇਮਾਰਤ ਦੀ ਉਸਾਰੀ ਹੋ ਚੁੱਕੀ ਹੈ। ਪ੍ਰਸਾਦਾ (ਰੋਟੀ) ਤਿਆਰ ਕਰਨ ਲਈ ਦੋ ਵੱਡੀਆਂ ਆਟੋਮੈਟਿਕ ਮਸ਼ੀਨਾਂ ਵੀ ਲਾਈਆਂ ਜਾ ਰਹੀਆਂ ਹਨ ਤਾਂ ਜੋ ਰੋਜ਼ਾਨਾ 5000 ਤੋਂ ਵੀ ਵੱਧ ਸ਼ਰਧਾਲੂਆਂ ਲਈ ਲੰਗਰ ਦਾ ਇੰਤਜ਼ਾਮ ਹੋ ਸਕੇ। 700 ਫੁਟ ਲੰਮੇ ਯਾਤਰੀ-ਨਿਵਾਸ 'ਚ ਆਰ.ਓ. ਸਿਸਟਮ ਲਗਾਇਆ ਗਿਆ ਹੈ।