ਰੇਲ ਪਟੜੀ ਤੋਂ ਪੱਕੇ ਧਰਨੇ ਚੁਕ ਕੇ ਭਾਜਪਾ ਕਾਰਕੁਨਾਂ ਦੇ ਘਰਾਂ ਮੂਹਰੇ ਕੀਤੇ ਤਬਦੀਲ

ਏਜੰਸੀ

ਖ਼ਬਰਾਂ, ਪੰਜਾਬ

ਰੇਲ ਪਟੜੀ ਤੋਂ ਪੱਕੇ ਧਰਨੇ ਚੁਕ ਕੇ ਭਾਜਪਾ ਕਾਰਕੁਨਾਂ ਦੇ ਘਰਾਂ ਮੂਹਰੇ ਕੀਤੇ ਤਬਦੀਲ

image

image

ਸੁਨਾਮ ਊਧਮ ਸਿੰਘ ਵਾਲਾ 13 ਅਕਤੂਬਰ (ਦਰਸ਼ਨ ਸਿੰਘ ਚੌਹਾਨ) : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਹੈ ਕਿ ਜਥੇਬੰਦੀ ਨੇ ਸੂਬੇ ਅੰਦਰ ਨਵੇਂ ਖੇਤੀ ਕਾਨੂੰਨਾਂ ਵਿਰੁਧ ਵਿੱਢੇ ਸੰਘਰਸ਼ ਨੂੰ ਹੋਰ ਪ੍ਰਚੰਡ ਕਰਨ ਲਈ ਰੇਲ ਪਟੜੀਆਂ ਉਪਰ ਦਿਤੇ ਜਾ ਰਹੇ ਪੱਕੇ ਧਰਨਿਆਂ ਨੂੰ ਭਾਜਪਾ ਕਾਰਕੁਨਾਂ ਦੇ ਘਰਾਂ ਅਤੇ ਦਫ਼ਤਰਾਂ ਮੂਹਰੇ ਤਬਦੀਲ ਕਰਨ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜਥੇਬੰਦੀ ਵਲੋਂ 14 ਅਕਤੂਬਰ ਨੂੰ ਕੇਂਦਰ ਨਾਲ ਦਿੱਲੀ ਵਿਚ ਗੱਲਬਾਤ ਕਰਨ ਤੋਂ ਪਹਿਲਾਂ ਭਾਜਪਾ ਕਾਰਕੁਨਾਂ ਦੇ ਘਰਾਂ ਦੇ ਘਿਰਾਉ ਕਰਨ ਦਾ ਕੀਤਾ ਫ਼ੈਸਲਾ ਮੋਦੀ ਸਰਕਾਰ 'ਤੇ ਹੋਰ ਦਬਾਅ ਪਾਵੇਗਾ।
ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਸਪਸ਼ਟ ਕੀਤਾ ਕਿ ਕੇਂਦਰ ਵਿਚਲੀ ਮੋਦੀ ਸਰਕਾਰ ਨਾਲ ਹੋਣ ਵਾਲੀ ਮੀਟਿੰਗ ਵਿਚ ਕਾਲੇ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਤੋਂ ਘੱਟ ਕੁੱਝ ਵੀ ਪ੍ਰਵਾਨ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਕਿਸਾਨ ਮਾਰੂ ਖੇਤੀ ਕਾਨੂੰਨ ਰੱਦ ਹੋਣ ਤਕ ਜਥੇਬੰਦੀ ਵਲੋਂ ਵਿੱਢਿਆ ਸੰਘਰਸ਼ ਜਾਰੀ ਰਹੇਗਾ ਅਤੇ ਕਿਸਾਨ 25 ਅਕਤੂਬਰ ਨੂੰ ਪੰਜਾਬ ਦੇ ਸ਼ਹਿਰਾਂ ਅੰਦਰ ਮੋਦੀ
ਦੇ ਪੁਤਲੇ ਫੂਕਣਗੇ। ਕਿਸਾਨ ਆਗੂ ਨੇ ਕਿਹਾ ਕਿ ਕਿਸਾਨਾਂ ਨੂੰ ਕਾਲੇ ਖੇਤੀ ਕਾਨੂੰਨਾਂ ਵਿਰੁਧ ਲੜਾਈ ਨੀਤੀਆਂ ਤੋਂ ਇਲਾਵਾ ਖੇਤੀ ਬਿਲਾਂ ਦੀ ਪੈਰਵੀ ਕਰਨ ਵਾਲੀ ਭਾਜਪਾ ਨਾਲ ਵੀ ਲੜਨੀ ਪਵੇਗੀ ਤਾਂ ਹੀ ਸੰਘਰਸ਼ ਨੂੰ ਜਿੱਤ ਤਕ ਲਿਜਾਇਆ ਜਾ ਸਕੇਗਾ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਕਿਯੂ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਲਿਆਂਦੇ ਕਾਲੇ ਖੇਤੀ ਕਾਨੂੰਨਾਂ ਵਿਰੁਧ ਕਿਸਾਨ ਜਥੇਬੰਦੀਆਂ ਦੇ ਤਾਲਮੇਲਵੇਂ ਸੰਘਰਸ਼ ਤਹਿਤ ਰੇਲ ਪਟੜੀਆਂ 'ਤੇ ਲਾਏ ਪੱਕੇ ਮੋਰਚਿਆਂ ਨੂੰ ਭਾਜਪਾ ਕਾਰਕੁਨਾਂ ਦੇ ਘਰਾਂ ਮੂਹਰੇ ਤਬਦੀਲ ਕਰ ਕੇ ਕਿਸਾਨ ਵਿਰੋਧੀ ਫ਼ੈਸਲਿਆਂ ਦੀ ਹਾਮੀਂ ਭਰਨ ਵਾਲੀ ਭਾਰਤੀ ਜਨਤਾ ਪਾਰਟੀ ਦਾ ਖੇਤੀ ਕਾਨੂੰਨਾਂ ਨਾਲ ਪ੍ਰਭਾਵਤ ਹੋਣ ਵਾਲੀਆਂ ਧਿਰਾਂ ਦੇ ਸਹਿਯੋਗ ਨਾਲ ਸ਼ਹਿਰਾਂ ਵਿਚੋਂ ਵਿਖੇੜਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਵਲੋਂ ਸੂਬੇ ਅੰਦਰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨਾਂ ਦੇ ਘਰਾਂ ਮੂਹਰੇ ਪੱਕੇ ਮੋਰਚੇ ਲਾਕੇ ਕੇਂਦਰ ਸਰਕਾਰ ਦਾ ਪਿੱਟ ਸਿਆਪਾ ਕੀਤਾ ਜਾਵੇਗਾ, ਜਦਕਿ ਸ਼ਹਿਰਾਂ ਅੰਦਰ ਹੋਰ ਭਾਜਪਾ ਕਾਰਕੁਨਾਂ ਦੇ ਘਰਾਂ ਅਤੇ ਦਫ਼ਤਰਾਂ ਸਾਹਮਣੇ ਇਕ-ਇਕ ਦਿਨ ਦੇ ਸੰਕੇਤਕ ਦਰਨੇ ਦਿਤੇ ਜਾਣਗੇ। ਉਨ੍ਹਾਂ ਕਿਹਾ ਕਿ ਭਾਜਪਾ ਕਾਰਕੁਨਾਂ ਦੇ ਘਰਾਂ ਮੂਹਰੇ ਧਰਨੇ ਦੇਣ ਲਈ ਆੜ੍ਹਤੀ, ਸ਼ੈਲਰ ਮਾਲਕ ਅਤੇ ਮਜ਼ਦੂਰਾਂ ਨੂੰ ਵੀ ਲਾਮਬੰਦ ਕੀਤਾ ਜਾਵੇਗਾ।
ਕਿਸਾਨ ਆਗੂ ਉਗਰਾਹਾਂ ਨੇ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਉਪਰ ਹੋਏ ਕਥਿਤ ਹਮਲੇ 'ਤੇ ਪ੍ਰਤੀਕਰਮ ਦਿਦਿੰਆਂ ਕਿਹਾ ਕਿ ਅਪਣੇ ਬੱਚਿਆਂ ਦੀ ਭੁੱਖ ਅਤੇ ਭਵਿੱਖ ਦੀ ਚਿੰਤਾ ਨੂੰ ਲੈ ਕੇ ਸੰਘਰਸ਼ ਕਰ ਰਿਹਾ ਕਿਸਾਨ ਅਜਿਹਾ ਕਾਰਾ ਨਹੀਂ ਕਰ ਸਕਦਾ। ਇਸ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂਮ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ, ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ, ਸੁਖਪਾਲ ਮਾਣਕ, ਜਸਵੀਰ ਸਿੰਘ ਮੈਦੇਵਾਸ ਸਮੇਤ ਹੋਰ ਆਗੂ ਹਾਜ਼ਰ ਸਨ।
ਫੋਟੋ--ਸੁਨਾਮ ਵਿਖੇ ਜੋਗਿੰਦਰ ਸਿੰਘ ਉਗਰਾਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ।ਫੋਟੋ  ਚੌਹਾਨ।
ਫਾਈਲ- ਸਨਗ 13-02--ਜੋਗਿੰਦਰ ਉਗਰਾਹਾਂ

ਸ਼ਹਿਰਾਂ 'ਚੋਂ ਵੀ ਭਾਜਪਾ ਦਾ ਕਰਾਂਗੇ ਵਿਖੇੜਾ : ਜੋਗਿੰਦਰ ਸਿੰਘ ਉਗਰਾਹਾਂ