ਮਿਆਂਮਾਰ ਵਿਚ ਫ਼ੌਜ ਅਤੇ ਬਾਗ਼ੀਆਂ ਵਿਚਾਲੇ ਸੰਘਰਸ਼, 30 ਫ਼ੌਜੀਆਂ ਦੀ ਮੌਤ
ਮਿਆਂਮਾਰ ਵਿਚ ਫ਼ੌਜ ਅਤੇ ਬਾਗ਼ੀਆਂ ਵਿਚਾਲੇ ਸੰਘਰਸ਼, 30 ਫ਼ੌਜੀਆਂ ਦੀ ਮੌਤ
ਯਾਗੂਨ, 13 ਅਕਤੂਬਰ: ਮਿਆਂਮਾਰ ‘ਚ ਫ਼ੌਜ ਤੇ ਬਾਗ਼ੀ ਗੁੱਟਾਂ ਵਿਚਾਲੇ ਸਾਗੈਂਗ ਖੇਤਰ ਵਿਚ ਹੋਏ ਖ਼ੂਨੀ ਸੰਘਰਸ਼ ਵਿਚ ਘਟੋ-ਘੱਟ 30 ਜੁੰਟਾ ਫ਼ੌਜੀਆਂ ਦੀ ਮੌਤ ਹੋ ਗਈ। ਬਾਗ਼ੀ ਗੁੱਟ ਪੀਪਲਜ਼ ਡਿਫ਼ੈਂਸ ਫ਼ੋਰਸ (ਪੀਡੀਐਫ਼) ਦੇ ਇਕ ਮੈਂਬਰ ਦੇ ਹਵਾਲੇ ਤੋਂ ਰੇਡੀਉ ਫ੍ਰੀ ਏਸ਼ੀਆ ਨੇ ਕਿਹਾ ਕਿ ਸੰਘਰਸ਼ ਉਸ ਸਮੇਂ ਹੋਇਆ ਜਦੋਂ ਜੁੰਟਾ (ਸਰਕਾਰੀ ਫ਼ੌਜ) ਫ਼ੌਜੀਆਂ ਨੇ ਇਲਾਕੇ ਨੂੰ ਖ਼ਾਲੀ ਕਰਾਉਣ ਲਈ ਮੁਹਿੰਮ ਸ਼ੁਰੂ ਕੀਤੀ।
ਪੀਡੀਐਫ਼ ਦੇ ਬੁਲਾਰੇ ਦੇ ਮੁਖ਼ਬਰ ਨੇ ਕਿਹਾ ਕਿ ਫ਼ੌਜ ਦੇ ਇਕ ਕਾਫ਼ਲੇ ਨੂੰ ਸੋਮਵਾਰ ਨੂੰ ਸਵੇਰੇ ਪਾਲੇ ਸ਼ਹਿਰ ਦੇ ਬਾਹਰ ਲੈਂਡਮਾਈਂਸ ਜ਼ਰੀਏ ਨਿਸ਼ਾਨਾ ਬਣਾਇਆ ਗਿਆ। ਇਸ ਨਾਲ ਕਾਫ਼ਲੇ ਵਿਚ ਸ਼ਾਮਲ ਕਮਾਂਡਰ ਸਮੇਤ ਘਟੋ-ਘੱਟ 30 ਫ਼ੌਜੀਆਂ ਦੀ ਮੌਤ ਹੋ ਗਈ। ਅਸੀਂ ਫ਼ੌਜ ਦੇ ਕਾਫ਼ਲੇ ਦਾ ਐਤਵਾਰ ਤੋਂ ਹੀ ਇੰਤਜ਼ਾਰ ਕਰ ਰਹੇ ਸੀ, ਕਿਉਂਕਿ ਅਸੀਂ ਸੁਣਿਆ ਸੀ ਕਿ ਉਸ ਵਿਚ ਇਕ ਸੀਨੀਅਰ ਕਮਾਂਡਰ ਵੀ ਆ ਰਿਹਾ ਹੈ। ਮਿਆਂਮਾਰ ਵਿਚ ਇਕ ਫ਼ਰਵਰੀ ਤੋਂ ਹੀ ਉੱਥਲ-ਪੁਥਲ ਮਚੀ ਹੋਈ ਹੈ, ਜਦੋਂ ਫ਼ੌਜ ਦੇ ਸੀਨੀਅਰ ਜਨਰਲ ਮਿਨ ਆਂਗ ਹਲੈਂਗ ਨੇ ਚੁਣੀ ਹੋਈ ਸਰਕਾਰ ਦਾ ਤਖ਼ਤਾ ਪਲਟਦੇ ਹੋਏ ਦੇਸ਼ ’ਚ ਇਕ ਸਾਲ ਲਈ ਐਮਰਜੈਂਸੀ ਦਾ ਐਲਾਨ ਕਰ ਦਿਤਾ ਸੀ। ਇਸ ਵਿਰੁਧ ਲੋਕ ਸੜਕਾਂ ’ਤੇ ਉਤਰ ਆਏ ਸਨ ਤੇ ਵਿਰੋਧ ਨੇ ਬਾਅਦ ਵਿਚ ਹਿੰਸਕ ਰੂਪ ਲੈ ਲਿਆ ਸੀ। ਅਸਿਸਟੈਂਟ ਐਸੋਸੀਏਸਨ ਫਾਰ ਪਾਲੀਟਿਕਲ ਪਿ੍ਰਜ਼ਨਰਸ (ਏਏਪੀਪੀ) ਦੇ ਅੰਕੜਿਆਂ ਦੇ ਮੁਤਾਬਕ, ਤਖ਼ਤਾ ਪਲਟ ਤੋਂ ਬਾਅਦ ਦੇ ਅੱਠ ਮਹੀਨਿਆਂ ਤੋਂ ਜ਼ਿਆਦਾ ਸਮੇਂ ’ਚ ਮਿਆਂਮਾਰ ਵਿਚ ਫ਼ੌਜੀ ਦਸਤਿਆਂ ਨੇ ਘਟੋ ਘੱਟ 7,219 ਲੋਕਾਂ ਨੂੰ ਗਿ੍ਰਫ਼ਤਾਰ ਕੀਤਾ ਤੇ 1,167 ਦੀ ਹਤਿਆ ਕਰ ਦਿਤੀ ਹੈ। (ਏਜੰਸੀ)