ਪੰਜਾਬਅੰਦਰਸਰਹੱਦੀਖੇਤਰ ਨਾਲ ਲਗਦੇ50ਕਿਲੋਮੀਟਰ ਤਕ ਦੇ ਖੇਤਰ ਵਿਚ ਬੀ.ਐਸ.ਐਫ਼ ਨੂੰਦਿਤੇਕਾਰਵਾਈਦੇਅਧਿਕਾਰ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਅੰਦਰ ਸਰਹੱਦੀ ਖੇਤਰ ਨਾਲ ਲਗਦੇ 50 ਕਿਲੋਮੀਟਰ ਤਕ ਦੇ ਖੇਤਰ ਵਿਚ ਬੀ.ਐਸ.ਐਫ਼ ਨੂੰ  ਦਿਤੇ ਕਾਰਵਾਈ ਦੇ ਅਧਿਕਾਰ

image


ਚੰਡੀਗੜ੍ਹ, 13 ਅਕਤੂਬਰ (ਗੁਰਉਪਦੇਸ਼ ਭੁੱਲਰ): ਕੇਂਦਰ ਦੀ ਮੋਦੀ ਸਰਕਾਰ ਨੇ ਇਕ ਵਾਰ ਫਿਰ ਸਰਹੱਦੀ ਸੁਰੱਖਿਆ ਦੀ ਆੜ ਲੈ ਕੇ ਦੇਸ਼ ਦੇ ਫ਼ੈਡਰਲ ਢਾਂਚੇ 'ਤੇ ਵੱਡਾ ਹਮਲਾ ਕੀਤਾ ਹੈ | ਖੇਤੀ ਕਾਨੂੰਨ ਲਾਗੂ ਕਰ ਕੇ ਰਾਜਾਂ ਦੇ ਅਧਿਕਾਰ ਖੋਹਣ ਬਾਅਦ ਚਲ ਰਹੇ ਇਤਿਹਾਸਕ ਕਿਸਾਨ ਅੰਦੋਲਨ ਦਾ ਮਸਲਾ ਹਾਲੇ ਸਲਝਿਆ ਵੀ ਨਹੀਂ ਕਿ ਪੰਜਾਬ ਸਾਹਮਣੇ ਇਕ ਹੋਰ ਵੱਡੀ ਚੁਨੌਤੀ ਖੜੀ ਹੋ ਗਈ ਹੈ | ਕੇਂਦਰ ਸਰਕਾਰ ਵਲੋਂ ਬੀ.ਐਸ.ਐਫ਼ ਦਾ ਪੰਜਾਬ ਦੇ ਸਰਹੱਦੀ ਖੇਤਰਾਂ ਵਿਚ ਕਾਰਵਾਈ ਦਾ ਅਧਿਕਾਰ 15 ਕਿਲੋਮੀਟਰ ਤੋਂ ਵਧਾ ਕੇ 50 ਕਿਲੋਮੀਟਰ ਕਰ ਦੇਣ ਦੇ ਫ਼ੈਸਲੇ ਬਾਅਦ ਸੂਬੇ ਦੀ ਸਿਆਸਤ ਵਿਚ ਵੱਡੀ ਚਰਚਾ ਸ਼ੁਰੂ ਹੋ ਗਈ ਹੈ | 
ਪੰਜਾਬ ਨਾਲ ਪਛਮੀ ਬੰਗਾਲ ਤੇ ਆਸਾਮ ਵਿਚ ਸਰਹੱਦੀ ਖੇਤਰ ਵਿਚ ਬੀ.ਐਸ.ਐਫ਼. ਦਾ ਘੇਰਾ ਵਧਾ ਕੇ 50 ਕਿਲੋਮੀਟਰ ਕੀਤਾ ਗਿਆ ਹੈ | ਪਰ ਜ਼ਿਕਰਯੋਗ ਹੈ ਕਿ ਭਾਜਪਾ ਸ਼ਾਸਤ ਰਾਜ ਗੁਜਰਾਤ ਵਿਚ ਇਹ ਘੇਰਾ 80 ਤੋਂ ਘਟਾ ਕੇ 50 ਕਿਲੋਮੀਟਰ ਤਕ ਕੀਤਾ ਗਿਆ ਹੈ | ਰਾਜਸਥਾਨ ਵਿਚ ਪਹਿਲਾਂ ਹੀ ਇਹ ਘੇਰਾ 50 ਕਿਲੋਮੀਟਰ ਹੈ | ਕੇਂਦਰ ਸਰਕਾਰ ਵਲੋਂ ਜਾਰੀ ਨੋਟੀਫ਼ੀਕੇਸ਼ਨ ਅਨੁਸਾਰ ਬੀ.ਐਸ.ਐਫ਼. ਨੂੰ  ਸੀ.ਆਰ.ਪੀ.ਸੀ. ਪਾਸਪੋਰਟ ਐਕਟ ਅਤੇ ਪਾਸਪੋਰਟ (ਐਂਟਰੀ ਟੂ ਇੰਡੀਆ ਐਕਟ) ਤਹਿਤ ਘੇਰਾ ਵਧਾ ਕੇ ਕਾਰਵਾਈ ਦੇ ਅਧਿਕਾਰ ਦਿਤੇ ਗਏ ਹਨ ਭਾਵੇਂ ਕਿ ਇਸ ਫ਼ੈਸਲੇ ਨੂੰ  ਸੰਸਦ ਸਾਹਮਣੇ ਬੀ.ਐਸ.ਐਫ਼ ਦੇ ਐਕਟ 139 ਅਧੀਨ ਰਖਣਾ ਜ਼ਰੂਰੀ ਹੈ | ਬੀ.ਐਸ.ਐਫ਼ ਨੂੰ  ਹੁਣ ਪੰਜਾਬ ਦੇ ਸਰਹੱਦੀ ਖੇਤਰ ਦੇ 50 ਕਿਲੋਮੀਟਰ ਅੰਦਰਲੇ ਏਰੀਏ ਵਿਚ ਤਲਾਸ਼ੀ 
ਲੈਣ, ਗਿ੍ਫ਼ਤਾਰੀਆਂ ਕਰਨ ਤੇ ਛਾਪੇਮਾਰੀ ਕਰਨ ਦੇ ਅਧਿਕਾਰ ਮਿਲ ਗਏ ਹਨ | ਬਰਾਮਦ ਸਮੱਗਰੀ ਬੀ.ਐਸ.ਐਫ਼ ਜ਼ਬਤ ਕਰ ਸਕਦੀ ਹੇ ਜਿਸ ਤਰ੍ਹਾਂ ਹੁਣ ਲਗਭਗ ਪੰਜਾਬ ਦਾ ਅੱਧਾ ਏਰੀਆ ਬੀ.ਐਸ.ਐਫ਼ ਦੀ ਕਾਰਵਾਈ ਅਧੀਨ ਆ ਗਿਆ ਹੈ |

ਡੱਬੀ

ਕੇਂਦਰ ਵਲੋਂ ਅਸਿੱਧੇ ਤੌਰ ਉਤੇ ਪੰਜਾਬ 'ਤੇ ਕਬਜ਼ੇ ਦੀ ਕੋਸ਼ਿਸ਼: ਡਾ. ਚੀਮਾ
ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਮੁੱਖ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਬੀਐਸਐਫ਼ ਦੇ ਅਧਿਕਾਰ ਖੇਤਰ ਨੂੰ  ਇਸ ਤਰ੍ਹਾਂ ਵਧਾਉਣਾ ਕੇਂਦਰ ਸਰਕਾਰ ਦੀ ਪੂਰੇ ਪੰਜਾਬ 'ਤੇ ਕਬਜ਼ੇ ਵਲ ਕੋਸ਼ਿਸ਼ ਹੈ | ਸਰਹੱਦ ਨਾਲ 50 ਕਿਲੋਮੀਟਰ ਤਕ ਪੰਜਾਬ ਦੇ ਏਰੀਏ ਵਿਚ ਪੁਲਿਸ ਵਾਂਗ ਬੀ.ਐਸ.ਐਫ਼ ਨੂੰ  ਕਾਰਵਾਈ ਦਾ ਅਧਿਕਾਰ ਰਾਜਾਂ ਦੇ ਅਧਿਕਾਰਾਂ ਤੇ ਫ਼ੈਡਰਲ ਢਾਂਚੇ 'ਤੇ ਸਿੱਧਾ ਹਮਲਾ ਹੈ | ਇਸ ਨੂੰ  ਅਕਾਲੀ ਦਲ ਕਿਸੇ ਹਾਲਤ ਵਿਚ ਪ੍ਰਵਾਨ ਨਹੀਂ ਕਰੇਗਾ |