BSF ਦੇ ਮੁੱਦੇ 'ਤੇ ਸੁਖਜਿੰਦਰ ਰੰਧਾਵਾ ਦਾ ਕੈਪਟਨ 'ਤੇ ਤਿੱਖਾ ਹਮਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੇਂਦਰੀ ਗ੍ਰਹਿ ਮੰਤਰਾਲੇ ਵਲੋਂ BSF ਦੇ ਅਧਿਕਾਰ ਖੇਤਰ ਨੂੰ ਵਧਾਉਣ ਵਾਲੇ ਐਲਾਨ ਨੇ ਪੰਜਾਬ ਵਿਚ ਤਰਥੱਲੀ ਮਚਾ ਦਿੱਤੀ ਹੈ।

Sukhjinder Singh Randhawa

'ਸੱਚਾ ਤੇ ਦੇਸ਼ ਭਗਤ ਫ਼ੌਜੀ ਕਦੇ ਅਜਿਹੀਆਂ ਗੱਲਾਂ ਨਹੀਂ ਕਰਦਾ' 

ਗੁਰਦਾਸਪੁਰ  : ਕੇਂਦਰੀ ਗ੍ਰਹਿ ਮੰਤਰਾਲੇ ਵਲੋਂ BSF ਦੇ ਅਧਿਕਾਰ ਖੇਤਰ ਨੂੰ ਵਧਾਉਣ ਵਾਲੇ ਐਲਾਨ ਨੇ ਪੰਜਾਬ ਵਿਚ ਤਰਥੱਲੀ ਮਚਾ ਦਿੱਤੀ ਹੈ। ਪੰਜਾਬ ਸਰਕਾਰ ਵਲੋਂ ਸਖਤ ਸ਼ਬਦਾਂ ਵਿਚ ਕੇਂਦਰ ਦੇ ਫੈਸਲੇ ਦਾ ਵਿਰੋਧ ਕੀਤਾ ਜਾ ਰਿਹਾ ਹੈ। ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕੇਂਦਰ ਸਰਕਾਰ ਖ਼ਿਲਾਫ਼ ਰੱਜ ਕੇ ਭੜਾਸ ਕੱਢੀ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਖੂਬ ਖ਼ਰੀਆਂ ਖੋਟੀਆਂ ਸੁਣਾਈਆਂ। 

ਦੱਸ ਦਈਏ ਕਿ ਸੁਖਜਿੰਦਰ ਸਿੰਘ ਰੰਧਾਵਾ ਅੱਜ ਗੁਰਦਾਸਪੁਰ ਪਹੁੰਚੇ ਸਨ ਜਿਥੇ ਉਨ੍ਹਾਂ ਵਲੋਂ ਘਣੀਕੇ ਬਾਂਗਰ ਵਿਖੇ ਮਿਲਕ ਪਲਾਂਟ ਦਾ ਨੀਂਹ ਪੱਥਰ ਰੱਖਿਆ ਗਿਆ ਜਿਸ 'ਤੇ 10.25 ਕਰੋੜ ਰੁਪਏ ਖਰਚੇ ਜਾਣਗੇ ਜਿਸ ਵਿਚ ਪ੍ਰੋਟੀਨ ਪ੍ਰੋਡਕਟ ਤਿਆਰ ਕੀਤੇ ਜਾਣਗੇ ਜਿਸ ਨਾਲ ਦੁੱਧ ਦੀ ਪੈਦਾਵਾਰ ਵਧੇਗੀ। ਉਨ੍ਹਾਂ ਦੱਸਿਆ ਕਿ ਪਹਿਲਾਂ ਦੋ -ਤਿੰਨ ਤਰ੍ਹਾਂ ਦੀ ਫੀਡ ਤਿਆਰ ਕੀਤੀ ਜਾਂਦੀ ਸੀ ਹੁਣ 12-13 ਕਿਸਮ ਦੀ ਫੀਡ ਤਿਆਰ ਕੀਤੀ ਜਾਵੇਗੀ।
ਰੰਧਾਵਾ ਨੇ ਦੱਸਿਆ ਕਿ ਹੁਣ ਡੰਗਰਾਂ ਨੂੰ ਅਜਿਹੀਆਂ ਡੋਜ਼ਾਂ ਦਿੱਤੀਆਂ ਜਾ ਰਹੀਆਂ ਹਨ ਜਿਸ ਨਾਲ ਸਿਰਫ ਕੱਟੀਆਂ ਅਤੇ ਵੱਛੀਆਂ ਹੀ ਪੈਦਾ ਹੋਣਗੀਆਂ। ਉਨ੍ਹਾਂ ਨੇ ਕਿਹਾ ਕਿ ਅਸੀਂ ਦੁੱਧ ਦਾ ਮੁੱਲ ਘਟਣ ਨਹੀਂ ਦਿੱਤਾ ਹੈ ਜੋ ਸਭ ਤੋਂ ਵੱਡੀ ਪ੍ਰਾਪਤੀ ਹੈ।  ਰੰਧਾਵਾ ਨੇ ਜ਼ਿਕਰ ਕੀਤਾ ਕਿ ਮਿਲਕਫੈਡ ਫੀਡ ਭਾਰਤ ਦੀ ਨੰਬਰ ਇੱਕ ਫੀਡ ਹੈ। ਉਨ੍ਹਾਂ ਦੱਸਿਆ ਕਿ 35 ਸਾਲ ਬਾਅਦ ਇਸ ਪਲਾਂਟ ਦਾ ਨਵੀਨੀਕਰਨ ਕਰ ਕੇ ਪੈਦਾਵਾਰ ਵਧਾਈ ਗਈ ਹੈ।
ਕੇਂਦਰ ਵਲੋਂ BSF ਦਾ ਅਧਿਕਾਰ ਖੇਤਰ ਵਧਾਏ ਜਾਣ ਦੇ ਮਾਮਲੇ ਵਿਚ ਜਦੋਂ ਉਨ੍ਹਾਂ ਦੀ ਰਾਇ ਲੈਣੀ ਚਾਹੀ ਤਾਂ ਰੰਧਾਵਾ ਨੇ ਕਿਹਾ ਕਿ ਕੇਂਦਰ ਦੇ ਇਸ ਫੈਸਲੇ 'ਤੇ ਮੈਨੂੰ ਬਹੁਤ ਅਫ਼ਸੋਸ ਹੋਇਆ ਕਿਉਂਕਿ ਉਨ੍ਹਾਂ ਨੇ ਸਾਡੀ ਦੇਸ਼ਭਗਤੀ 'ਤੇ ਸ਼ੱਕ ਕੀਤਾ ਹੈ। 

ਹੋਰ  ਵੀ ਪੜ੍ਹੋ:  ਗਾਜ਼ੀਆਬਾਦ ਵਿੱਚ ਵੱਡਾ ਹਾਦਸਾ: ਟਾਇਰ ਫਟਣ ਨਾਲ ਫਲਾਈਓਵਰ ਤੋਂ ਹੇਠਾਂ ਡਿੱਗੀ ਬੱਸ, ਕਈ ਲੋਕ ਜ਼ਖਮੀ

BSF ਨੂੰ ਇਹ ਅਧਿਕਾਰ ਦੇ ਕਿ ਕੇਂਦਰ ਸਰਕਾਰ ਪੰਜਾਬ ਵਿਚ ਅਣ-ਐਲਾਨੀ ਐਮਰਜੈਂਸੀ ਲਗਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਵਲੋਂ ਸੂਬੇ ਦੇ ਸਟ੍ਰਕਚਰਲ ਢਾਂਚੇ ਵਿਚ ਕੀਤੀ ਦਖਲਅੰਦਾਜ਼ੀ ਕਦੇ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। 
ਇਸ ਤੋਂ ਇਲਾਵਾ ਰੰਧਾਵਾ ਨੇ ਕੈਪਟਨ ਅਮਰਿੰਦਰ ਦੇ ਬਿਆਨ 'ਤੇ ਕਿਹਾ ਕਿ ਉਨ੍ਹਾਂ ਤੋਂ ਮੈਨੂੰ ਇਹ ਉਮੀਦ ਨਹੀਂ ਸੀ ਕਿਉਂਕਿ ਜਦੋਂ ਉਹ ਸੱਤਾ ਵਿਚ ਸਨ ਤਾਂ ਕਦੇ ਵੀ ਅਜਿਹਾ ਨਹੀਂ ਸੋਚਿਆ ਪਰ ਲਗਦਾ ਹੈ ਕਿ ਮੁੱਖ ਮੰਤਰੀ ਅਹੁਦਾ ਗਵਾਉਣ ਮਗਰੋਂ ਉਨ੍ਹਾਂ ਦਾ ਮਨੋਬਲ ਟੁੱਟ ਗਿਆ ਹੈ ਜਾਂ ਫਿਰ ਉਨ੍ਹਾਂ ਦੇ ਮਨ ਵਿਚ ਕੀ ਚੱਲ ਰਿਹਾ ਹੈ ਇਸ ਬਾਰੇ ਕਹਿਣਾ ਮੁਸ਼ਕਲ ਹੈ। 

ਰੰਧਾਵਾ ਨੇ ਕਿਹਾ ਕਿ ਵੈਸੇ ਤਾਂ ਕੈਪਟਨ ਸੱਚਾ ਦੇਸ਼ ਭਗਤ ਹੋਣ ਦੀ ਗੱਲ ਕਰਦੇ ਹਨ ਪਰ ਸੱਚਾ ਦੇਸ਼ ਭਗਤ ਜਾਂ ਸੱਚਾ ਸਿਪਾਹੀ ਐਵੇਂ ਨਹੀਂ ਕਰਦਾ। 
ਦੱਸ ਦਈਏ ਕਿ ਜਦੋਂ ਉਨ੍ਹਾਂ ਨੂੰ ਨਵਜੋਤ ਸਿੱਧੂ ਬਾਰੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਕੁਝ ਵੀ ਕਹਿਣ ਤੋਂ ਸਾਫ ਇਨਕਾਰ ਕਰ ਦਿੱਤਾ। ਰੰਧਾਵਾ ਨੇ ਕਿਹਾ ਕਿ ਨਵਜੋਤ ਸਿੱਧੂ ਸਾਡੇ ਪ੍ਰਧਾਨ ਹਨ ਉਨ੍ਹਾਂ ਬਾਰੇ ਕੋਈ ਗੱਲ ਨਹੀਂ ਕਰਨੀ ਚਾਹੁੰਦਾ। 

ਅਖੀਰ ਵਿਚ ਉਨ੍ਹਾਂ ਕਿਹਾ ਕਿ ਕੰਡਿਆਲੀ ਤਾਰ ਨੇੜੇ BSF ਨੂੰ ਮਜ਼ਬੂਤ ਕਰਨਾ ਚਾਹੀਦਾ ਤਾਂ ਜੋ ਦੇਸ਼ ਵਿਰੋਧੀ ਗਤੀਵਿਧੀਆਂ ਨੂੰ ਨੱਥ ਪਈ ਜਾ ਸਕੇ। 
ਪੱਤਰਕਾਰਾਂ ਵਲੋਂ ਪੁੱਛੇ ਇੱਕ ਸਵਾਲ ਦਾ ਜਵਾਬ ਦਿੰਦਿਆਂ ਰੰਧਾਵਾ ਨੇ ਕਿਹਾ ਕਿ ਕੇਂਦਰ ਦੇ ਇਸ ਫੈਸਲੇ ਨੂੰ ਉਹ ਕਿਸਾਨ ਅੰਦੋਲਨ ਨਾਲ ਨਹੀਂ ਜੋੜਣਾ ਚਾਹੁੰਦੇ ਪਰ ਮੈਨੂੰ ਇਹ ਖਦਸ਼ਾ ਹੈ ਕਿ ਕਿਸਾਨ ਅੰਦੋਲਨ ਦੀ ਆੜ ਵਿਚ ਇਹ ਪੰਜਾਬੀਆਂ ਨੂੰ ਸਬਕ ਸਿਖਾਉਣਾ ਚਾਹੁੰਦੇ ਹਨ।