ਕੋਰੋਨਾ ਦੀ ਤੀਜੀ ਲਹਿਰ ਦੇ ਖ਼ਦਸ਼ੇ ਵਿਚਕਾਰ ਚੰਡੀਗੜ੍ਹ 'ਚ 18 ਅਕਤੂਬਰ ਤੋਂ ਖੁੱਲ੍ਹਣਗੇ ਸਕੂਲ
ਲਾਕਡਾਊਨ ਦੇ 576 ਦਿਨਾਂ ਬਾਅਦ ਨਰਸਰੀ ਤੋਂ ਲੈ ਕੇ ਸਾਰੀਆਂ ਵੱਡੀਆਂ ਜਮਾਤਾਂ ਦੇ ਬੱਚੇ 18 ਅਕਤੂਬਰ ਤੋਂ ਸਕੂਲ ਪਹੁੰਚਣਗੇ।
ਚੰਡੀਗੜ੍ਹ : ਕਈ ਸ਼ਹਿਰਾਂ ਵਿਚ ਕੋਰੋਨਾ ਦੇ ਕੇਸ ਅਜੇ ਵੀ ਘਟੇ ਨਹੀਂ ਹਨ, ਚੰਡੀਗੜ੍ਹ ਸ਼ਹਿਰ ਵਿਚ ਕੋਰੋਨਾ ਦੀ ਤੀਜੀ ਲਹਿਰ ਦੇ ਖ਼ਦਸ਼ੇ ਵਿਚਕਾਰ ਪ੍ਰਸ਼ਾਸਨ ਨੇ ਇਹ ਫੈਸਲਾ ਲਿਆ ਹੈ ਕਿ 18 ਅਕਤੂਬਰ ਤੋਂ ਚੰਡੀਗੜ੍ਹ ਦੇ ਸਾਰੇ ਸਕੂਲ ਅਤੇ ਵਿੱਦਿਅਕ ਅਦਾਰੇ ਖੋਲ੍ਹ ਦਿੱਤੇ ਜਾਣ। ਬੁੱਧਵਾਰ ਨੂੰ ਹੋਈ ਬੈਠਕ ਵਿਚ ਚਰਚਾ ਤੋਂ ਬਾਅਦ ਪ੍ਰਸ਼ਾਸਨ ਨੇ ਸਕੂਲ ਖੋਲ੍ਹਣ ਦੇ ਸਿੱਖਿਆ ਵਿਭਾਗ ਦੇ ਮਤੇ ਨੂੰ ਮਨਜ਼ੂਰੀ ਦੇ ਦਿੱਤੀ।
ਬੈਠਕ ਵਿਚ ਚਰਚਾ ਦੌਰਾਨ ਸਹਿਮਤੀ ਬਣੀ ਕਿ ਕੋਵਿਡ ਪ੍ਰੋਟੋਕਾਲ ਦੀ ਪਾਲਣਾ ਕਰਦੇ ਹੋਏ ਅਤੇ ਸਾਵਧਾਨੀਆਂ ਵਰਤਦਿਆਂ ਵਿੱਦਿਅਕ ਅਦਾਰੇ ਖੋਲ੍ਹ ਦਿੱਤੇ ਜਾਣ। ਸਿੱਖਿਆ ਵਿਭਾਗ ਨੇ 18 ਅਕਤੂਬਰ ਤੋਂ ਸਕੂਲ ਖੋਲ੍ਹਣ ਦੀਆਂ ਤਿਆਰੀਆਂ ਕੀਤੀਆਂ ਹਨ। ਇਸ ਲਈ ਐੱਸ. ਓ. ਪੀ. ਜਾਰੀ ਕਰ ਦਿੱਤੀ ਗਈ ਹੈ। ਸਿੱਖਿਆ ਵਿਭਾਗ ਪਹਿਲਾਂ ਹੀ 5ਵੀਂ ਤੋਂ 12ਵੀਂ ਜਮਾਤ ਤੱਕ ਲਈ ਸਕੂਲ ਖੋਲ੍ਹਣ ਦੀ ਇਜਾਜ਼ਤ ਦੇ ਚੁੱਕਿਆ ਹੈ ਪਰ ਸਕੂਲਾਂ ਵਿਚ ਬੱਚੇ ਨਾਮਾਤਰ ਹੀ ਪਹੁੰਚ ਰਹੇ ਹਨ, ਨਾ ਤਾਂ ਸਰਕਾਰੀ ਅਤੇ ਨਾ ਹੀ ਨਿੱਜੀ ਸਕੂਲਾਂ ਵਿਚ ਜ਼ਿਆਦਾ ਬੱਚੇ ਜਮਾਤਾਂ ਵਿਚ ਪਹੁੰਚ ਰਹੇ ਹਨ।
ਲਾਕਡਾਊਨ ਦੇ 576 ਦਿਨਾਂ ਬਾਅਦ ਨਰਸਰੀ ਤੋਂ ਲੈ ਕੇ ਸਾਰੀਆਂ ਵੱਡੀਆਂ ਜਮਾਤਾਂ ਦੇ ਬੱਚੇ 18 ਅਕਤੂਬਰ ਤੋਂ ਸਕੂਲ ਪਹੁੰਚਣਗੇ। ਡਾਇਰੈਕਟਰ ਸਕੂਲ ਸਿੱਖਿਆ ਪਾਲਿਕਾ ਅਰੋੜਾ ਨੇ ਦੱਸਿਆ ਕਿ ਕੇਂਦਰ ਅਤੇ ਪ੍ਰਸ਼ਾਸਨ ਵੱਲੋਂ ਸੀਨੀਅਰ ਜਮਾਤਾਂ ਲਈ ਦਿਸ਼ਾ-ਨਿਰਦੇਸ਼ ਬਣਾਏ ਗਏ ਹਨ, ਉਨ੍ਹਾਂ ਨੂੰ ਫਾਲੋ ਕਰਦੇ ਹੋਏ ਜੂਨੀਅਰ ਜਮਾਤਾਂ ਨੂੰ ਖੋਲ੍ਹਣ ਦਾ ਫ਼ੈਸਲਾ ਲਿਆ ਗਿਆ ਹੈ।