ਸ਼ਹੀਦ ਗੱਜਣ ਸਿੰਘ ਦੀ ਅਰਥੀ ਨੂੰ  ਮੁੱਖ ਮੰਤਰੀ ਚੰਨੀ ਨੇ ਦਿਤਾ ਮੋਢਾ

ਏਜੰਸੀ

ਖ਼ਬਰਾਂ, ਪੰਜਾਬ

ਸ਼ਹੀਦ ਗੱਜਣ ਸਿੰਘ ਦੀ ਅਰਥੀ ਨੂੰ  ਮੁੱਖ ਮੰਤਰੀ ਚੰਨੀ ਨੇ ਦਿਤਾ ਮੋਢਾ

image

ਨੂਰਪੁਰਬੇਦੀ, 13 ਅਕਤੂਬਰ (ਗੁਰਦੀਪ ਸਿੰਘ ਝੱਜ, ਅਮਰੀਕ ਸਿੰਘ ਚਨੌਲੀ) : ਜੰਮੂ-ਕਸ਼ਮੀਰ ਦੇ ਪੁੰਛ ਸੈਕਟਰ 'ਚ ਅਤਿਵਾਦੀਆਂ ਨਾਲ ਮੁਕਾਬਲਾ ਕਰਦਿਆਂ ਸ਼ਹੀਦ ਹੋਏ ਬਲਾਕ ਨੂਰਪੁਰਬੇਦੀ ਦੇ ਪਿੰਡ ਪਚਰੰਡਾ ਦੇ ਸੈਨਿਕ ਗੱਜਣ ਸਿੰਘ ਦਾ ਅੱਜ ਪਿੰਡ 'ਚ ਸਰਕਾਰੀ ਸਨਮਾਨਾਂ ਨਾਲ ਅੰਤਮ ਸਸਕਾਰ ਕਰ ਦਿਤਾ ਗਿਆ | ਇਸ ਮੌਕੇ ਵਿਸ਼ੇਸ਼ ਰੂਪ 'ਚ ਸ਼ਹੀਦ ਗੱਜਣ ਸਿੰਘ ਨੂੰ  ਸਰਧਾਂਜ਼ਲੀ ਦੇਣ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਸ਼ਹੀਦ ਦੀ ਮਿ੍ਤਕ ਦੇਹ ਨੂੰ  ਮੋਢਾ ਲਗਾ ਕੇ ਸ਼ਮਸ਼ਾਨਘਾਟ ਤਕ ਆਏ | ਉਨ੍ਹਾਂ ਤੋਂ ਇਲਾਵਾ ਅੰਤਮ ਯਾਤਰਾ 'ਚ ਕਈ ਰਾਜਨੀਤਕ ਸ਼ਖ਼ਸੀਅਤਾਂ ਤੋਂ ਇਲਾਵਾ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਤੇ ਸਿਵਲ ਅਧਿਕਾਰੀਆਂ ਸਹਿਤ ਲੋਕਾਂ ਦਾ ਭਾਰੀ ਜਨ ਸੈਲਾਬ ਉਮੜਿਆ | ਇਸ ਦੌਰਾਨ ਲੋਕਾਂ ਵੱਲੋਂ ਸ਼ਹੀਦ ਗੱਜਣ ਸਿੰਘ ਅਮਰ ਰਹੇ ਦੇ ਲਗਾਏ ਜਾ ਨਾਅਰੇ ਸੁਣ ਕੇ ਇਕ ਵਾਰ ਮੁੱਖ ਮੰਤਰੀ ਚੰਨੀ ਦੀਆਂ ਅੱਖਾਂ 'ਚੋਂ ਵੀ ਹੰਝੂ ਛਲਕ ਪਏ | ਇਸ ਮੌਕੇ ਉਨਾਂ ਨਾਲ ਪਹੁੰਚੇ ਪੰਜਾਬ ਵਿਧਾਨ ਸਭਾ ਪੰਜਾਬ ਦੇ ਸਪੀਕਰ ਰਾਣਾ.ਕੇ.ਪੀ.ਸਿੰਘ ਨੇ ਸ਼ਹੀਦ ਨੂੰ  ਫੁੱਲ ਮਾਲਾਵਾਂ ਭੇਂਟ ਕਰ ਕੇ ਸ਼ਰਧਾਂਜ਼ਲੀ ਦਿਤੀ | ਜਦਕਿ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਦੀ ਤਰਫ਼ੋਂ ਡਿਪਟੀ ਕਮਿਸ਼ਨਰ ਰੂਪਨਗਰ ਮੈਡਮ ਸੋਨਾਲੀ ਗਿਰੀ ਨੇ ਸ਼ਹੀਦ ਦੀ ਮਿ੍ਤਕ ਦੇਹ 'ਤੇ ਫੁੱਲਮਾਲਾਵਾਂ ਚੜਾਈਆਂ ਅਤੇ ਸ਼ਹੀਦ ਦੀ ਵਿਧਵਾ ਹਰਪ੍ਰੀਤ ਕੌਰ ਨੂੰ  ਸ਼ੋਕ ਪੱਤਰ ਸੌਂਪਿਆ | ਉਪਰੰਤ ਸ਼ਹੀਦ ਦੀ ਚਿਖਾ ਨੂੰ  ਉਸ ਦੇ ਪਰਵਾਰਕ ਮੈਂਬਰਾਂ ਨੇ ਅਗਨੀ ਵਿਖਾਈ | ਇਸ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘੂਵੀਰ ਸਿੰਘ, ਵਿਧਾਇਕ ਅਮਰਜੀਤ ਸਿੰਘ ਸੰਦੋਆ, ਸਾਬਕਾ ਮੰਤਰੀ ਦਲਜੀਤ ਸਿੰਘ ਚੀਮਾ, ਸਾ. ਸੰਸਦ ਪ੍ਰੇਮ ਸਿੰਘ ਚੰਦੂਮਾਜਰਾ, ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ, ਸਤਵਿੰਦਰ ਸਿੰਘ ਚੈੜੀਆਂ, ਨਗਰ ਪੰਚਾਇਤ ਦੇ ਸਾ. ਪ੍ਰਧਾਨ ਜਗਨ ਨਾਥ ਭੰਡਾਰੀ, ਸਤਨਾਮ ਸਿੰਘ ਝੱਜ, ਬਾਬਾ ਦਿਲਬਾਗ ਸਿੰਘ, ਅਸ਼ਵਨੀ ਸ਼ਰਮਾ, ਮਾ. ਰਾਮਪਾਲ ਅਬਿਆਣਾ, ਮੋਹਣ ਸਿੰਘ ਨੌਧੇਮਾਜਰਾ, ਤਿਲਕ ਰਾਜ ਪਚਰੰਡਾ, ਭਾਈ ਅਮਰਜੀਤ ਸਿੰਘ ਚਾਵਲਾ, ਦੇਸਰਾਜ ਸੈਣੀਮਾਜਰਾ, ਜਸਵੀਰ ਸਸਕੌਰ ਤੇ ਜੀਵਨ ਕੁਮਾਰ ਸੰਜੂ ਸਹਿਤ ਭਾਰੀ ਸੰਖਿਆ 'ਚ ਸਖਸ਼ੀਅਤਾਂ ਨੇ ਸ਼ਹੀਦ ਨੂੰ  ਸ਼ਰਧਾਂਜ਼ਲੀ ਭੇਟ ਕੀਤੀ |