ਪੁਣਛ 'ਚ ਸ਼ਹੀਦ ਹੋਏ ਜਵਾਨਾਂ ਨੂੰ  ਸਰਕਾਰੀ ਸਨਮਾਨਾਂ ਨਾਲ ਦਿਤੀ ਅੰਤਮ ਵਿਦਾਇਗੀ

ਏਜੰਸੀ

ਖ਼ਬਰਾਂ, ਪੰਜਾਬ

ਪੁਣਛ 'ਚ ਸ਼ਹੀਦ ਹੋਏ ਜਵਾਨਾਂ ਨੂੰ  ਸਰਕਾਰੀ ਸਨਮਾਨਾਂ ਨਾਲ ਦਿਤੀ ਅੰਤਮ ਵਿਦਾਇਗੀ

image

ਸ਼ਹੀਦ ਜਸਵਿੰਦਰ ਸਿੰਘ ਨੂੰ  ਆਖ਼ਰੀ ਸਲਾਮ, ਅੰਤਮ ਦਰਸ਼ਨਾਂ ਲਈ ਉਮੜਿਆ ਜਨ ਸੈਲਾਬ

ਬੇਗੋਵਾਲ, 13 ਅਕਤੂਬਰ (ਅੰਮਿ੍ਤਪਾਲ ਬਾਜਵਾ) : ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ 'ਚ ਅਤਿਵਾਦ ਰੋਕੂ ਮੁਹਿੰਮ 'ਚ ਸੁਰੱਖਿਆ ਫ਼ੋਰਸਾਂ ਅਤੇ ਅਤਿਵਾਦੀਆਂ ਵਿਚਾਲੇ ਹੋਏ ਮੁਕਾਬਲੇ ਦੌਰਾਨ ਸ਼ਹੀਦ ਹੋਏ ਜਸਵਿੰਦਰ ਸਿੰਘ ਦੀ ਮਿ੍ਤਕ ਦੇਹ ਅੱਜ ਉਨ੍ਹਾਂ ਦੇ ਜੱਦੀ ਪਿੰਡ ਮਾਨਾਂਤਲਵੰਡੀ 'ਚ ਪਹੁੰਚੀ | ਉਨ੍ਹਾਂ ਦੀ ਸ਼ਹਾਦਤ ਨੂੰ  ਲੈ ਕੇ ਪਿੰਡ ਅਤੇ ਇਲਾਕੇ 'ਚ ਸੋਗ ਦੀ ਲਹਿਰ ਹੈ | ਉਥੇ ਹੀ ਪ੍ਰਵਾਰ ਨੂੰ  ਜਸਵਿੰਦਰ ਸਿੰਘ ਦੀ ਸ਼ਹਾਦਤ 'ਤੇ ਵੀ ਮਾਣ ਹੈ | ਜਿਵੇਂ ਹੀ ਜਸਵਿੰਦਰ ਸਿੰਘ ਦੀ ਮਿ੍ਤਕ ਦੇਹ ਤਿਰੰਗੇ 'ਚ ਲਿਪਟੀ 'ਚ ਉਨ੍ਹਾਂ ਦੇ ਜੱਦੀ ਪਿੰਡ ਪਹੁੰਚੀ ਤਾਂ ਮਾਹੌਲ ਕਾਫ਼ੀ ਗਮਗੀਨ ਹੋ ਗਿਆ |
ਪ੍ਰਵਾਰ ਅਤੇ ਪਿੰਡ ਵਾਸੀਆਂ ਵਲੋਂ ਅੰਤਿਮ ਦਰਸ਼ਨ ਕਰਨ ਤੋਂ ਬਾਅਦ ਸਰਕਾਰੀ ਸਨਮਾਨਾਂ ਦੇ ਨਾਲ ਜਸਵਿੰਦਰ ਸਿੰਘ ਦੀ ਮਿ੍ਤਕ ਦੇਹ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ | ਇਸ ਮੌਕੇ ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਸਮੇਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਵੀ ਪਹੁੰਚੇ | ਇਸ ਦੇ ਨਾਲ ਹੀ ਜ਼ਿਲ੍ਹਾ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਰਹੇ | ਇਸ ਮੌਕੇ ਸ਼ਹੀਦ ਜਸਵਿੰਦਰ ਸਿੰਘ ਅਮਰ ਰਹੇ ਦੇ ਨਾਹਰੇ ਵੀ ਲਗਾਏ ਗਏ | 
ਜ਼ਿਕਰਯੋਗ ਹੈ ਕਿ ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ 'ਚ ਅਤਿਵਾਦ ਰੋਕੂ ਮੁਹਿੰਮ 'ਚ ਸੁਰੱਖਿਆ ਫ਼ੋਰਸਾਂ ਅਤੇ ਅਤਿਵਾਦੀਆਂ ਵਿਚਾਲੇ ਸੋਮਵਾਰ ਨੂੰ  ਹੋਏ ਮੁਕਾਬਲੇ 'ਚ ਸ਼ਹੀਦ ਹੋਏ ਜੇ.ਸੀ.ਓ. (ਜੂਨੀਅਰ ਕਮਿਸ਼ਨ ਅਫ਼ਸਰ) ਜਸਵਿੰਦਰ ਸਿੰਘ (39) ਜ਼ਿਲ੍ਹਾ ਕਪੂਰਥਲਾ ਦੇ ਹਲਕਾ ਭੁਲੱਥ ਵਿਚ ਪੈਂਦੇ ਪਿੰਡ ਮਾਨਾਂਤਲਵੰਡੀ ਦਾ ਵਸਨੀਕ ਸੀ | ਜਸਵਿੰਦਰ ਇਸ ਵੇਲੇ ਭਾਰਤੀ ਫ਼ੌਜ ਵਿਚ ਨਾਇਬ ਸੂਬੇਦਾਰ ਵਜੋਂ ਡਿਊਟੀ ਕਰ ਰਿਹਾ ਸੀ | 
ਦੱਸ ਦੇਈਏ ਕਿ ਸ਼ਹੀਦ ਜਸਵਿੰਦਰ ਸਿੰਘ ਦਾ ਪਰਵਾਰ ਦੇਸ਼ ਸੇਵਾ ਨੂੰ  ਸਮਰਪਤ ਹੈ, ਕਿਉਂਕਿ ਉਨ੍ਹਾਂ ਦੇ ਪਿਤਾ ਹਰਭਜਨ ਸਿੰਘ ਭਾਰਤੀ ਫ਼ੌਜ ਵਿਚੋਂ ਕੈਪਟਨ ਰੈਂਕ ਤੋਂ ਰਿਟਾਇਰਡ ਹਨ, ਜਿਨ੍ਹਾਂ ਦੀ ਮਈ ਮਹੀਨੇ ਵਿਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਈ ਸੀ | ਜਦਕਿ ਭਰਾ ਰਜਿੰਦਰ ਸਿੰਘ ਵੀ ਫ਼ੌਜ ਵਿਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰ ਚੁੱਕਾ ਹੈ | ਜੋ ਹੁਣ ਹੌਲਦਾਰ ਰੈਂਕ ਨਾਲ ਰਿਟਾਇਰਡ ਹੋ ਚੁੱਕੇ ਹਨ |
ਦੱਸਣਯੋਗ ਹੈ ਕਿ ਸ਼ਹੀਦ ਜਸਵਿੰਦਰ ਸਿੰਘ ਦੇ ਪਰਵਾਰ ਵਿਚ ਬਜ਼ੁਰਗ ਮਾਂ, ਪਤਨੀ ਸੁਖਪ੍ਰੀਤ ਕੌਰ (35), ਪੁੱਤਰ ਵਿਕਰਮਜੀਤ ਸਿੰਘ (13), ਧੀ ਹਰਨੂਰ ਕੌਰ (11) ਅਤੇ ਭਰਾ ਰਜਿੰਦਰ ਸਿੰਘ ਦਾ ਪਰਿਵਾਰ ਅਤੇ ਪਿੰਡ ਵਾਸੀ ਜਿਥੇ ਸੋਗ ਵਿਚ ਹਨ, ਉਥੇ ਇਸ ਖ਼ਬਰ ਨਾਲ ਇਲਾਕੇ ਵਿਚ ਵੀ ਸੋਗ ਦੀ ਲਹਿਰ ਹੈ |
ਕੈਪਸ਼ਨ-ਕਪੂਰਥਲਾ ਜਿਲ੍ਹੇ ਦੇ ਪਿੰਡ ਮਾਨਾ ਤਲਵੰਡੀ ਵਿਖੇ ਸ਼ਹੀਦ ਨਾਇਬ ਸੂਬੇਦਾਰ ਜਸਵਿੰਦਰ ਸਿੰਘ ਨੂੰ  ਰੀਥ ਰੱਖਕੇ ਸ਼ਰਧਾਂਜਲੀ ਦਿੰਦੇ ਹੋਏ ਵੱਖ ਵੱਖ ਅਧਿਕਾਰੀ ਹੋਰ ਆਗੂ- 01