ਬੇਅਦਬੀ ਮਾਮਲਿਆਂ ਵਿਚ ਗੁਰੂ ਗ੍ਰੰਥ ਸਾਹਿਬ ਦਾ ਇਨਸਾਫ਼ ਸੱਭ ਤੋਂ ਅਹਿਮ ਮੁੱਦਾ : ਨਵਜੋਤ ਸਿੱਧੂ

ਏਜੰਸੀ

ਖ਼ਬਰਾਂ, ਪੰਜਾਬ

ਬੇਅਦਬੀ ਮਾਮਲਿਆਂ ਵਿਚ ਗੁਰੂ ਗ੍ਰੰਥ ਸਾਹਿਬ ਦਾ ਇਨਸਾਫ਼ ਸੱਭ ਤੋਂ ਅਹਿਮ ਮੁੱਦਾ : ਨਵਜੋਤ ਸਿੱਧੂ

image


ਚੰਡੀਗੜ੍ਹ, 13 ਅਕਤੂਬਰ (ਗੁਰਉਪਦੇਸ਼ ਭੁੱਲਰ): ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਅਪਣੀਆਂ ਤਰਜੀਹਾਂ ਨੂੰ  ਬਿਆਨ ਕਰਦਿਆਂ ਕਿਹਾ ਕਿ ਬੇਅਦਬੀਆਂ ਦੇ ਮਾਮਲਿਆਂ ਵਿਚ ਗੁਰੂ ਗ੍ਰੰਥ ਸਾਹਿਬ ਦਾ ਇਨਸਾਫ਼ ਸੱਭ ਤੋਂ ਅਹਿਮ ਮੁੱਦਾ ਹੈ | 
ਅਪਣੇ ਮੀਡੀਆ ਸਲਾਹਕਾਰ ਸੁਰਿੰਦਰ ਡੱਲਾ ਨਾਲ ਵਿਸ਼ੇਸ਼ ਇੰਟਰਵਿਊ ਬਾਅਦ ਇਸ ਦੀ ਜਾਰੀ ਵੀਡੀਉ ਵਿਚ ਉਨ੍ਹਾਂ ਕਿਹਾ ਕਿ ਦੂਜਾ ਵੱਡਾ ਮੁੱਦਾ ਮਾਵਾਂ ਦੇ ਮੋਏ ਪੁੱਤਰਾਂ ਦਾ ਹੈ | ਡਰੱਗ ਮਾਮਲੇ ਵਿਚ ਕਾਰਵਾਈ ਦਾ ਹੈ | ਸੂਬੇ ਦੀ ਆਮਦਨ ਵਧਾਉਣਾ ਵੀ ਇਕ ਅਹਿਮ ਮੁੱਦਾ ਹੈ | ਵੀਡੀਉ ਰੀਕਾਰਡਿੰਗ ਵਿਚ ਸਿੱਧੂ ਨੇ ਜਿਥੇ ਅਪਣੀਆਂ ਤਰਜੀਹਾਂ ਨੂੰ  ਬਿਆਨ ਕੀਤਾ ਹੈ, ਉਥੇ ਅਕਾਲੀ ਭਾਜਪਾ ਅਤੇ ਆਮ ਆਦਮੀ ਪਾਰਟੀ 'ਤੇ ਵੀ ਤਿੱਖੇ ਨਿਸ਼ਾਨੇ ਸਾਧੇ ਹਨ | 
ਸਿੱਧੂ ਨੇ ਕਿਹਾ ਕਿ ਬਹੁਕਰੋੜੀ ਡਰੱਗ ਮਾਮਲੇ ਵਿਚ ਕਾਰਵਾਈ ਤੇ ਇਨਸਾਫ਼ ਹੋਣਾ ਚਾਹੀਦਾ ਹੈ ਤਾਂ ਜੋ ਵੱਡੇ ਲੋਕਾਂ ਨੂੰ  ਹੱਥ ਪੈ ਸਕੇ | ਉਨ੍ਹਾਂ ਕਿਹਾ ਕਿ ਇਹ ਮਾਮਲਾ ਸਾਡੀ ਅਗਲੀ ਪੀੜ੍ਹੀ ਨਾਲ ਜੁੜਿਆ ਹੋਇਆ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੇ ਖ਼ਜ਼ਾਨੇ ਦੇ ਪਿਛਲੇ ਸਮੇਂ ਵਿਚ ਹੋਈ ਲੁੱਟ ਦੀ ਪ੍ਰਥਾ ਨੂੰ  ਬੰਦ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਆਮਦਨ ਵਧਾ ਕੇ ਪੰਜਾਬ ਦਾ ਵਿਕਾਸ ਕੀਤਾ ਜਾ ਸਕੇ | ਜਿਨ੍ਹਾਂ ਲੋਕਾਂ ਨੇ ਲੁੱਟ ਕੀਤੀ ਉਨ੍ਹਾਂ ਤੋਂ ਪੈਸਾ ਵਸੂਲ ਕੇ ਖ਼ਜ਼ਾਨੇ ਨੂੰ  ਭਰਿਆ ਜਾਵੇ | ਪੰਜਾਬ ਮਾਡਲ ਵੀ ਇਸ ਨਾਲ ਹੀ ਬਣੇਗਾ | ਸੂਬੇ ਦੀ ਆਮਦਨ ਵਧਾਉਣਾ ਇਸ ਸਮੇਂ ਸੱਭ ਤੋਂ ਵੱਡੀ ਪਹਿਲ ਹੋਣੀ ਚਾਹੀਦੀ ਹੈ | ਆਮਦਨ ਘਟਣ ਕਾਰਨ ਹੀ ਸੂਬੇ ਸਿਰ ਕਰਜ਼ੇ ਦਾ ਬੋਝ ਲਗਾਤਾਰ ਵੱਧ ਰਿਹਾ ਹੈ | ਇਸ ਦਾ ਭਾਰ ਪੰਜਾਬ ਦੇ ਲੋਕਾਂ ਉਪਰ ਹੀ ਪੈ ਰਿਹਾ ਹੈ | ਉਨ੍ਹਾਂ ਮਾਫ਼ੀਆ ਰਾਜ ਖ਼ਤਮ ਕਰਨ ਬਾਰੇ ਕਿਹਾ ਕਿ ਜਦ ਹੋਰ ਚੀਜ਼ਾਂ ਦੇ ਰੇਟ ਤੈਅ ਹੋ ਸਕਦੇ ਹਨ ਤਾ ਫਿਰ ਰੇਤੇ ਦੇ ਰੇਟ ਕਿਉਂ ਨਹੀਂ ਤੈਅ ਹੋ ਸਕਦੇ? ਮਾਫ਼ੀਆ ਰਾਜ ਖ਼ਤਮ ਕਰਨ ਲਈ ਸਹੀ ਨੀਤੀ ਤੇ ਨੀਅਤ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਸਮੇਂ ਪੰਜਾਬ ਨੂੰ  ਅਕਾਲੀਆਂ ਨੇ ਰੱਜ ਕੇ ਲੁੱਟਿਆ ਹੈ ਅਤੇ ਹੁਣ 'ਆਪ' ਪ੍ਰਧਾਨ ਤੇ ਮੁੱਖ ਮੰਤਰੀ ਪੰਜਾਬ ਆ ਕੇ ਲੁਭਾਵਣੇ ਵਾਅਦੇ ਕਰ ਕੇ ਚਲੇ ਜਾਂਦੇ ਹਨ ਤੇ ਇਨ੍ਹਾਂ ਦੀ ਅੱਖ ਵੀ ਪੰਜਾਬ ਨੂੰ  ਲੁੱਟਣ 'ਤੇ ਹੀ ਹੈ |