ਸੌਦਾ ਸਾਧ ਦੇ ਕੇਸਾਂ ਦੇ ਜਾਂਚ ਅਫ਼ਸਰਾਂ ਦੀ ਸੁਰੱਖਿਆ ਵਾਪਸ,ਅਪਣੀ ਸੁਰੱਖਿਆ ਨੂੰ ਲੈ ਕੇਅਫ਼ਸਰਪ੍ਰੇਸ਼ਾਨ

ਏਜੰਸੀ

ਖ਼ਬਰਾਂ, ਪੰਜਾਬ

ਸੌਦਾ ਸਾਧ ਦੇ ਕੇਸਾਂ ਦੇ ਜਾਂਚ ਅਫ਼ਸਰਾਂ ਦੀ ਸੁਰੱਖਿਆ ਵਾਪਸ, ਅਪਣੀ ਸੁਰੱਖਿਆ ਨੂੰ  ਲੈ ਕੇ ਅਫ਼ਸਰ ਪ੍ਰੇਸ਼ਾਨ

image

ਫ਼ਤਿਹਗੜ੍ਹ ਸਾਹਿਬ, 13 ਅਕਤੂਬਰ (ਸਪੋਕਸਮੈਨ ਸਮਾਚਾਰ ਸੇਵਾ) : ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਵਿਰੁਧ ਤਿੰਨ ਗੰਭੀਰ ਕੇਸ ਸਨ | ਇਨ੍ਹਾਂ ਵਿਚੋਂ ਇਕ ਕੇਸ ਦੋ ਸਾਧਵੀਆਂ ਦੇ ਬਲਾਤਕਾਰ ਬਾਰੇ ਅਤੇ ਦੋ ਕਤਲ ਕੇਸ ਸਨ | ਬਲਾਤਕਾਰਾਂ ਦੇ ਕੇਸ ਅਤੇ ਇਕ ਕਤਲ ਦੇ ਕੇਸ ਵਿਚ ਉਸ ਨੂੰ  ਪਹਿਲਾਂ ਹੀ ਸਜ਼ਾ ਹੋ ਚੁੱਕੀ ਹੈ ਜਦਕਿ ਤੀਸਰੇ ਕਤਲ ਕੇਸ ਵਿਚ ਦੋ ਵਾਰ ਅਦਾਲਤ ਤਾਰੀਖ਼ ਅੱਗੇ ਪਾ ਚੁੱਕੀ ਹੈ ਤੇ ਹੁਣ 18 ਅਕਤੂਬਰ ਦੀ ਤਾਰੀਖ਼ ਨੂੰ  ਸਜ਼ਾ ਸੁਣਾਈ ਜਾਣੀ ਹੈ | ਇਸ ਕੇਸ ਵਿਚ ਸੌਦਾ ਸਾਧ ਨੂੰ  ਅਦਾਲਤ ਵਲੋਂ ਪਹਿਲਾਂ ਹੀ ਦੋਸ਼ੀ ਕਰਾਰ ਦਿਤਾ ਜਾ ਚੁੱਕਾ ਹੈ | ਇਹ ਤਿੰਨੇ ਕੇਸ ਸੀਬੀਆਈ ਦੇ ਅਫ਼ਸਰਾਂ ਨੇ ਤਫ਼ਤੀਸ਼ ਕੀਤੇ ਸਨ |  
ਸੌਦਾ ਸਾਧ ਦੇ ਕੇਸ ਜਦੋਂ ਸੁਪਰੀਮ ਕੋਰਟ ਵਿਚ ਚਲ ਰਹੇ ਸਨ ਤਾਂ ਤਫ਼ਤੀਸ਼ੀ ਅਫ਼ਸਰਾਂ ਨੂੰ  ਪੰਜਾਬ ਪੁਲਿਸ ਤੇ ਹਰਿਆਣਾ ਪੁਲਿਸ ਵਲੋਂ ਸੁਰੱਖਿਆ ਦਿਤੀ ਗਈ ਸੀ | ਇਹ ਸੁਰੱਖਿਆ ਹਾਈ ਕੋਰਟ ਵਿਚ ਸੀਬੀਆਈ ਦੇ ਕੇਸ ਲੜਨ ਵਾਲੇ ਸੀਨੀਅਰ ਵਕੀਲਾਂ ਨੂੰ  ਵੀ ਦਿਤੀ ਗਈ ਸੀ | ਪਤਾ ਲੱਗਾ ਹੈ ਕਿ ਵਕੀਲਾਂ ਦੀ ਸੁਰੱਖਿਆ ਪੰਜਾਬ ਪੁਲਿਸ ਵਲੋਂ ਪਹਿਲਾਂ ਹੀ ਵਾਪਸ ਲੈ ਲਈ ਗਈ ਸੀ | ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਹੁਣ ਸੀਬੀਆਈ ਦੇ ਜਾਂਚ ਅਫ਼ਸਰਾਂ ਤੋਂ ਵੀ ਪੰਜਾਬ ਪੁਲਿਸ ਨੇ ਸੁਰੱਖਿਆ ਵਾਪਸ ਲੈ ਲਈ ਹੈ ਜਦਕਿ ਸੌਦਾ ਸਾਧ ਨੂੰ  ਤੀਸਰੇ ਕੇਸ ਵਿਚ ਵੀ ਸਜ਼ਾ ਹੋਣ ਵਾਲੀ ਹੈ | ਹੈਰਾਨੀ ਦੀ ਗੱਲ ਇਹ ਹੈ ਕਿ ਇਕ ਪਾਸੇ ਸੌਦਾ ਸਾਧ ਨੂੰ  ਕਤਲ ਕੇਸ ਵਿਚ ਗੰਭੀਰ ਸਜ਼ਾ ਹੋਣ ਵਾਲੀ ਹੈ ਤੇ ਦੂਸਰੇ ਪਾਸੇ ਸੀਬੀਆਈ ਦੇ ਜਾਂਚ ਅਫ਼ਸਰਾਂ ਦੀ ਵੀ ਸੁਰੱਖਿਆ ਵਾਪਸ ਲਈ ਜਾ ਰਹੀ ਹੈ | ਉਹ ਵੀ ਉਸ ਸਰਕਾਰ ਵਲੋਂ ਜਿਹੜੀ ਸੌਦਾ ਸਾਧ ਨਾਲ ਜੁੜੇ ਕੇਸਾਂ ਦੇ ਵਾਦ ਵਿਵਾਦ ਕਾਰਨ ਹੋਂਦ ਵਿਚ ਆਈ ਹੈ | 
ਜਿਨ੍ਹਾਂ ਅਫ਼ਸਰਾਂ ਨੇ ਅਪਣੇ ਆਪ ਨੂੰ  ਖ਼ਤਰੇ ਵਿਚ ਪਾ ਕੇ ਸੌਦਾ ਸਾਧ ਦੇ ਕੇਸਾਂ ਦੀ ਜਾਂਚ ਕੀਤੀ ਸੀ, ਉਹ ਅੱਜ ਸਕਿਉਰਿਟੀ ਵਾਪਸ ਲਏ ਜਾਣ ਤੇ ਕਾਫ਼ੀ ਪੇਸ਼ਾਨ ਹੈ ਤੇ ਸਰਕਾਰ ਤੋਂ ਮੰਗ ਕਰਦੇ ਹਨ ਕਿ ਉਨ੍ਹਾਂ ਦੀ ਸੁਰੱਖਿਆ ਨੂੰ  ਧਿਆਨ ਵਿਚ ਰੱਖ ਕੇ, ਮਾਮਲੇ ਤੇ ਨਵੇਂ ਸਿਰਿਉਂ ਵਿਚਾਰ ਕੀਤੀ ਜਾਵੇ |