ਜੰਮੂ ਕਸ਼ਮੀਰ : ਪੁਲਵਾਮਾ ’ਚ ਮੁਕਾਬਲੇ ’ਚ ਜੈਸ਼ ਦਾ ਕਮਾਂਡਰ ਸ਼ਮ ਸੋਫੀ ਢੇਰ
ਜੰਮੂ ਕਸ਼ਮੀਰ : ਪੁਲਵਾਮਾ ’ਚ ਮੁਕਾਬਲੇ ’ਚ ਜੈਸ਼ ਦਾ ਕਮਾਂਡਰ ਸ਼ਮ ਸੋਫੀ ਢੇਰ
ਸ਼੍ਰੀਨਗਰ, 13 ਅਕਤੂਬਰ : ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ’ਚ ਬੁੱਧਵਾਰ ਨੂੰ ਸੁਰੱਖਿਆ ਬਲਾਂ ਅਤੇ ਅਤਿਵਾਦੀਆਂ ਵਿਚਾਲੇ ਮੁਕਾਬਲੇ ’ਚ ਅਤਿਵਾਦੀ ਸੰਗਠਨ ਜੈਸ਼-ਏ-ਮੁਹੰਮਦ ਦਾ ਕਮਾਂਡਰ ਸ਼ਮ ਸੋਫੀ ਮਾਰਿਆ ਗਿਆ। ਪੁਲਿਸ ਦੇ ਇਕ ਅਧਿਕਾਰੀ ਨੇ ਦਸਿਆ ਕਿ ਦਖਣ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਅਵੰਤੀਪੁਰਾ ਦੇ ਤ੍ਰਾਲ ਇਲਾਕੇ ਦੇ ਤਿਲਵਾਨੀ ਮੁਹੱਲਾ ਵਾਗੜ ’ਚ ਅਤਿਵਾਦੀਆਂ ਦੀ ਮੌਜੂਦਗੀ ਬਾਰੇ ਗੁਪਤ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਘੇਰਾਬੰਦੀ ਕਰ ਕੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ।
ਉਨ੍ਹਾਂ ਦਸਿਆ ਕਿ ਅਤਿਵਾਦੀਆਂ ਦੇ ਸੁਰੱਖਿਆ ਬਲਾਂ ’ਤੇ ਗੋਲੀਬਾਰੀ ਤੋਂ ਬਾਅਦ ਮੁਹਿੰਮ ਮੁਕਾਬਲੇ ’ਚ ਬਦਲ ਗਈ। ਸੁਰੱਖਿਆ ਬਲਾਂ ਦੀ ਜਵਾਬੀ ਕਾਰਵਾਈ ’ਚ ਇਕ ਅਤਿਵਾਦੀ ਮਾਰਿਆ ਗਿਆ। ਕਸ਼ਮੀਰ ਦੇ ਪੁਲਿਸ ਇੰਸਪੈਕਟਰ ਜਨਰਲ ਵਿਜੇ ਕੁਮਾਰ ਨੇ ਦਸਿਆ ਕਿ ਅਤਿਵਾਦੀਆਂ ਦੀ ਪਛਾਣ ਜੈਸ਼-ਏ-ਮੁਹੰਮਦ ਦੇ ਕਮਾਂਡਰ ਸ਼ਮ ਸੋਫੀ ਦੇ ਤੌਰ ’ਤੇ ਹੋਈ ਹੈ। ਉਨ੍ਹਾਂ ਟਵੀਟ ਕੀਤਾ,‘‘ਜੈਸ਼-ਏ-ਮੁਹੰਮਦ ਦਾ ਕਮਾਂਡਰ ਸ਼ਮ ਸੋਫੀ ਮੁਕਾਬਲੇ ’ਚ ਮਾਰਿਆ ਗਿਆ।’’ (ਏਜੰਸੀ)