ਪੰਜਾਬ ਦੇ ਵਪਾਰੀਆਂ ਨਾਲ ਕੇਜਰੀਵਾਲ ਨੇ ਕੀਤੇ 10 ਵਾਅਦੇ
ਪੰਜਾਬ ਦੇ ਵਪਾਰੀਆਂ ਨਾਲ ਕੇਜਰੀਵਾਲ ਨੇ ਕੀਤੇ 10 ਵਾਅਦੇ
ਪੰਜਾਬ ਅੰਦਰ ਇਕ ਮੌਕਾ ਸਾਨੂੰ ਵੀ ਦਿਉ : ਕੇਜਰੀਵਾਲ
ਜਲੰਧਰ, 13 ਅਕਤੂਬਰ (ਨਿਰਮਲ ਸਿੰਘ, ਵਰਿੰਦਰ ਸ਼ਰਮਾ, ਸਮਰਦੀਪ ਸਿੰਘ): ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜਲੰਧਰ ਦੇ ਵਪਾਰੀਆਂ ਤੇ ਕਾਰੋਬਾਰੀਆਂ ਨਾਲ ਉਦਯੋਗ, ਵਪਾਰ ਅਤੇ ਕਾਰੋਬਾਰ ਦੇ ਵਿਕਾਸ ਤੇ ਉਥਾਨ ਲਈ 10 ਵਾਅਦੇ ਕਰਦਿਆਂ ਉਨ੍ਹਾਂ ਨੂੰ 2022 'ਚ ਬਣਨ ਵਾਲੀ 'ਆਪ' ਦੀ ਸਰਕਾਰ 'ਚ ਭਾਗੀਦਾਰ ਬਣਨ ਦੀ ਅਪੀਲ ਕੀਤੀ |
ਕੇਜਰੀਵਾਲ ਨੇ ਵਪਾਰੀਆਂ, ਕਾਰੋਬਾਰੀਆਂ ਅਤੇ ਉਦਯੋਗਪਤੀਆਂ ਦਾ ਸਾਥ ਮੰਗਦਿਆਂ ਕਿਹਾ,''ਤੁਸੀਂ ਕਾਂਗਰਸ ਕੈਪਟਨ ਅਤੇ ਬਾਦਲਾਂ ਨੂੰ ਪਰਖ ਕੇ ਦੇਖ ਲਿਆ ਹੈ | ਹੁਣ ਇਕ ਮੌਕਾ ਸਾਨੂੰ (ਆਮ ਆਦਮੀ ਪਾਰਟੀ) ਨੂੰ ਵੀ ਦਿਉ | ਸਾਨੂੰ ਕਾਰੋਬਾਰੀਆਂ ਕੋਲੋਂ ਫ਼ੰਡ ਨਹੀਂ ਚਾਹੀਦੇ, ਸਾਨੂੰ ਸਿਰਫ਼ ਸਾਥ ਚਾਹੀਦਾ ਹੈ |'' ਅਰਵਿੰਦ ਕੇਜਰੀਵਾਲ ਜਲੰਧਰ 'ਚ ਆਯੋਜਤ ਵਪਾਰੀਆਂ ਤੇ ਕਾਰੋਬਾਰੀਆਂ ਨਾਲ ਕੇਜਰੀਵਾਲ
ਦੀ ਗੱਲਬਾਤ ਨਾਂ ਦੇ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ ਜੋ ਜਲੰਧਰ ਸਮੇਤ ਪੰਜਾਬ ਦੇ ਕਾਰੋਬਾਰੀਆਂ ਅਤੇ ਵਪਾਰੀਆਂ ਨੂੰ ਦਰਪੇਸ਼ ਮੁਸ਼ਕਲ, ਸਮੱਸਿਆਵਾਂ ਅਤੇ ਉਨ੍ਹਾਂ ਦੇ ਹੱਲ ਲਈ ਸੁਝਾਅ ਲੈਣ ਦੇ ਮਕਸਦ ਨਾਲ 'ਆਪ' ਪੰਜਾਬ ਵਲੋਂ ਆਯੋਜਤ ਕੀਤਾ ਗਿਆ ਸੀ | ਉਨ੍ਹਾਂ ਕਿਹਾ ਕਿ ਵਪਾਰ-ਕਾਰੋਬਾਰ ਲਈ ਦਿੱਲੀ 'ਚ ਕਿ੍ਸ਼ਮਾ ਕਰ ਕੇ ਦਿਖਾਇਆ ਹੈ | ਪੰਜਾਬ 'ਚ ਵੀ ਕਰ ਕੇ ਦਿਖਾਵਾਂਗੇ | ਮੰਚ 'ਤੇ ਭਗਵੰਤ ਮਾਨ, ਜਰਨੈਲ ਸਿੰਘ, ਰਾਘਵ ਚੱਢਾ, ਹਰਪਾਲ ਸਿੰਘ ਚੀਮਾ ਅਤੇ ਅਮਨ ਅਰੋੜਾ ਵੀ ਹਾਜ਼ਰ ਸਨ |
ਇਸ ਤੋਂ ਪਹਿਲਾਂ 'ਆਪ' ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ਅਤੇ ਉਦਯੋਗਪਤੀਆਂ ਸਵਾਗਤ ਕਰਦਿਆਂ ਕਿਹਾ,''ਰਾਜਨੀਤੀ ਦੀ ਦਿਸ਼ਾ ਅਤੇ ਦਸ਼ਾ ਬਦਲ ਰਹੀ ਹੈ | ਵੱਡੀਆਂ ਵੱਡੀਆਂ ਪਾਰਟੀਆਂ 'ਆਪ' ਨੂੰ ਦੇਖ ਦੇ ਰਾਜਨੀਤਕ ਏਜੰਡੇ ਤੈਅ ਕਰਨ ਲੱਗੀਆਂ ਹਨ |'' ਇਸ ਮੌਕੇ ਜਲੰਧਰ ਦੇ ਵਪਾਰੀ ਅਤੇ ਕਾਰੋਬਾਰੀ ਸੰਗਠਨਾਂ ਦੇ ਆਗੂਆਂ ਨੇ ਕੇਜਰੀਵਾਲ ਨਾਲ ਅਪਣੀਆਂ ਸਮੱਸਿਆਵਾਂ ਅਤੇ ਸੁਝਾਅ ਸਾਂਝੇ ਕੀਤੇ | ਸਟੇਜ ਸਕੱਤਰ ਦੀ ਭੂਮਿਕਾ 'ਆਪ' ਦੇ ਵਿਧਾਇਕ ਅਮਨ ਅਰੋੜਾ ਵਲੋਂ ਨਿਭਾਈ ਗਈ ਅਤੇ ਉਨ੍ਹਾਂ ਕਿਹਾ,''ਚਾਰ ਸੌ ਕਰੋੜ ਦਾ ਟੈਕਸ ਰਿਫ਼ੰਡ ਉਦਯੋਗਤੀਆਂ ਅਤੇ ਵਪਾਰੀਆਂ ਦਾ ਸਰਕਾਰ ਵਲ ਖੜਾ ਹੈ ਪਰ ਸਰਕਾਰ ਨੇ ਸਵਾ ਦੋ ਲੱਖ ਕਾਰੋਬਾਰੀਆਂ ਨੂੰ ਹੋਰ ਤੰਗ ਪ੍ਰੇਸ਼ਾਨ ਕਰਨ ਲਈ ਨੋਟਿਸ ਭੇਜੇ ਹਨ |'' ਇਸ ਮੌਕੇ ਕੁਲਤਾਰ ਸਿੰਘ ਸੰਧਵਾਂ, ਮਾਸਟਰ ਬਲਦੇਵ ਸਿੰਘ, ਪ੍ਰੋ. ਬਲਜਿੰਦਰ ਕੌਰ, ਕੁਲਵੰਕ ਸਿੰਘ ਪੰਡੋਰੀ, ਪਿ੍ੰਸੀਪਲ ਬੁੱਧ ਰਾਮ (ਸਾਰੇ ਵਿਧਾਇਕ), ਸੂਬਾ ਖ਼ਜ਼ਾਨਚੀ ਨੀਨਾ ਮਿੱਤਲ, ਰਾਜਵਿੰਦਰ ਕੌਰ ਥਿਆੜਾ, ਸੁਰਿੰਦਰ ਸਿੰਘ ਸੋਢੀ ਆਦਿ ਸ਼ਾਮਲ ਸਨ |