ਬੇਅਦਬੀ ਕਾਂਡ ਤੋਂ ਬਾਅਦ ਵਾਪਰੇ ਗੋਲੀਕਾਂਡ ਦੇ ਸ਼ਹੀਦਾਂ ਦੀ ਯਾਦ ’ਚ ਛੇਵਾਂ ਸ਼ਹੀਦੀ ਸਮਾਗਮ ਅੱਜ

ਏਜੰਸੀ

ਖ਼ਬਰਾਂ, ਪੰਜਾਬ

ਬੇਅਦਬੀ ਕਾਂਡ ਤੋਂ ਬਾਅਦ ਵਾਪਰੇ ਗੋਲੀਕਾਂਡ ਦੇ ਸ਼ਹੀਦਾਂ ਦੀ ਯਾਦ ’ਚ ਛੇਵਾਂ ਸ਼ਹੀਦੀ ਸਮਾਗਮ ਅੱਜ

image

ਅੱਜ ਪੰਜਾਂ ਸਿੰਘਾਂ ਨੇ ਦਿਤੀ ਗ੍ਰਿਫ਼ਤਾਰੀ

ਕੋਟਕਪੂਰਾ, 13 ਅਕਤੂਬਰ (ਗੁਰਿੰਦਰ ਸਿੰਘ) : ਅਕਾਲੀ ਦਲ ਅੰਮ੍ਰਿਤਸਰ ਵਲੋਂ ਬਰਗਾੜੀ ਵਿਖੇ ਬੇਅਦਬੀ ਅਤੇ ਗੋਲੀਕਾਂਡ ਦੇ ਮਾਮਲਿਆਂ ਦੇ ਇਨਸਾਫ਼ ਲਈ ਸ਼ੁਰੂ ਕੀਤੇ ਮੋਰਚੇ ਵਿਚ ਅੱਜ ਪੰਜ ਸਿੰਘਾਂ ਨੂੰ ਗਿ੍ਰਫ਼ਤਾਰੀ ਦੇਣ ਤੋਂ ਪਹਿਲਾਂ ਪਾਰਟੀ ਪ੍ਰਧਾਨ ਵਲੋਂ ਸਿਰੋਪਾਉ ਦੀ ਬਖਸ਼ਿਸ਼ ਕਰ ਕੇ ਸਨਮਾਨਤ ਕੀਤਾ ਗਿਆ। ਉਕਤਾਨ ਸਿੰਘਾਂ ’ਚ ਸ਼ਾਮਲ ਗੁਰਦੀਪ ਸਿੰਘ ਰਾਜੇਵਾਲ, ਅਮਨਦੀਪ ਸਿੰਘ ਸੁਰ ਸਿੰਘ ਵਾਲਾ, ਹਰਦੀਪ ਸਿੰਘ ਜਗਰਾਉਂ, ਗੋਪਾਲ ਦਾਸ ਚਿੱਬੜਾਂ ਵਾਲੀ ਅਤੇ ਬਾਬਾ ਗੁਰਮੀਤ ਸਿੰਘ ਪਿੰਡ ਹਬੀਬ ਵਾਲਾ ਦੀ ਅਗਵਾਈ ’ਚ ਜੱਥੇ ਨੂੰ ਰਵਾਨਾ ਕਰਨ ਤੋਂ ਪਹਿਲਾਂ ਗੁਰਦਵਾਰਾ ਪਾਤਸ਼ਾਹੀ ਦਸਵੀਂ ਬਰਗਾੜੀ ਵਿਖੇ ਬਕਾਇਦਾ ਅਰਦਾਸ-ਬੇਨਤੀ ਵੀ ਕੀਤੀ ਗਈ। 
ਉਪਰੰਤ ਅਪਣੇ ਸੰਬੋਧਨ ਦੌਰਾਨ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਅਤੇ ਜਨਰਲ ਸਕੱਤਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਸਮੇਤ ਵੱਖ-ਵੱਖ ਬੁਲਾਰਿਆਂ ਨੇ ਆਖਿਆ ਕਿ 1 ਜੂਨ 2015 ਨੂੰ ਬਰਗਾੜੀ ਵਿਖੇ ਵਾਪਰੇ ਬੇਅਦਬੀ ਕਾਂਡ ਉਪਰੰਤ ਕੋਟਕਪੂਰਾ ਅਤੇ ਬਹਿਬਲ ਕਲਾਂ ਵਿਖੇ ਸ਼ਾਂਤਮਈ ਧਰਨਾ ਦੇ ਰਹੀਆਂ ਸੰਗਤਾਂ ’ਤੇ ਪੁਲਿਸ ਪ੍ਰਸ਼ਾਸਨ ਵਲੋਂ ਢਾਹੇ ਗਏ ਅਤਿਆਚਾਰ ਦੌਰਾਨ ਦੋ ਸ਼ਹੀਦ ਹੋਏ ਸਿੱਖ ਨੌਜਵਾਨਾਂ ਭਾਈ ਕਿਸ਼ਨ ਭਗਵਾਨ ਸਿੰਘ ਨਿਆਮੀਵਾਲਾ ਅਤੇ ਭਾਈ ਗੁਰਜੀਤ ਸਿੰਘ ਸਰਾਵਾਂ ਦੀ ਯਾਦ ’ਚ 14 ਅਕਤੂਬਰ ਦਿਨ ਵੀਰਵਾਰ ਨੂੰ ਗੁਰਦੁਆਰਾ ਟਿੱਬੀ ਸਾਹਿਬ ਬਹਿਬਲ ਕਲਾਂ ਵਿਖੇ ਛੇਵਾਂ ਸ਼ਹੀਦੀ ਸਮਾਗਮ ਤੇ ਅਰਦਾਸ ਦਿਵਸ ਮਨਾਇਆ ਜਾ ਰਿਹਾ ਹੈ। 
ਸਮਾਗਮ ਵਿਚ ਜਿਥੇ ਸ਼ਹੀਦ ਪਰਵਾਰਾਂ ਦਾ ਸਨਮਾਨ ਕੀਤਾ ਜਾਵੇਗਾ, ਉਥੇ ਹੀ ਪੰਜਾਬ ਭਰ ਤੋਂ ਸੰਗਤਾਂ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਤਾਂ ਜੋ ਬੇਅਦਬੀ ਕਾਂਡ ਦੇ ਛੇ ਸਾਲ ਬਾਅਦ ਵੀ ਦੋਸ਼ੀਆਂ ਵਿਰੁਧ ਕਾਰਵਾਈ ਕਰਨ ਦੀ ਬਜਾਏ ਗੱਲੀਬਾਤੀ ਬੁੱਤਾ ਸਾਰ ਰਹੀ ਸੂਬਾ ਸਰਕਾਰ ਵਿਰੁਧ ਅਗਲੇ ਸੰਘਰਸ਼ ਦੀ ਰੂਪ ਰੇਖਾ ਉਲੀਕੀ ਜਾ ਸਕੇ। ਇਸ ਮੌਕੇ ਪ੍ਰੋ. ਮਹਿੰਦਰਪਾਲ ਸਿੰਘ, ਹਰਭਜਨ ਸਿੰਘ ਕਸ਼ਮੀਰੀ, ਗੁਰਲਾਲ ਸਿੰਘ ਦਬੜੀਖਾਨਾ, ਮਾ. ਜਗਤਾਰ ਸਿੰਘ ਦਬੜੀਖਾਨਾ, ਬਲਵਿੰਦਰ ਸਿੰਘ ਚੀਮਾ, ਇਕਬਾਲ ਸਿੰਘ ਸੰਧ ਆਦਿ ਨੇ ਵੀ ਸੰਬੋਧਨ ਕੀਤਾ।